World >> The Tribune


ਯੂਕਰੇਨ ਨੂੰ ਪੱਛਮੀ ਮੁਲਕਾਂ ਤੋਂ ਹੋਰ ਹਥਿਆਰਾਂ ਦੀ ਉਡੀਕ


Link [2022-06-04 16:16:22]



ਕੀਵ, 3 ਜੂਨ

ਮੁਲਕ ਦੇ ਪੂਰਬੀ ਹਿੱਸੇ ਨੂੰ ਰੂਸ ਤੋਂ ਬਚਾਉਣ ਲਈ ਯੂਕਰੇਨੀ ਸੈਨਾ ਜ਼ੋਰਦਾਰ ਲੜਾਈ ਲੜ ਰਹੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਯੂਕਰੇਨੀ ਫ਼ੌਜ ਪੱਛਮ ਤੋਂ ਮਦਦ ਉਡੀਕ ਰਹੀ ਹੈ ਜਿਨ੍ਹਾਂ ਅਤਿ-ਆਧੁਨਿਕ ਰਾਕੇਟ ਤੇ ਜਹਾਜ਼ ਤਬਾਹ ਕਰਨ ਵਾਲੇ ਹਥਿਆਰ ਦੇਣ ਦਾ ਵਾਅਦਾ ਕੀਤਾ ਹੈ।

ਫ਼ੌਜੀ ਵਿਸ਼ਲੇਸ਼ਕਾਂ ਮੁਤਾਬਕ ਇਹ ਹਥਿਆਰ ਯੂਕਰੇਨ ਨੂੰ ਐਨੀ ਜਲਦੀ ਮਿਲਣ ਦੀ ਆਸ ਨਹੀਂ ਹੈ। ਇਸ ਲਈ ਆਉਣ ਵਾਲੇ ਕੁਝ ਦਿਨ ਯੂਕਰੇਨੀ ਫ਼ੌਜ ਲਈ ਮੁਸ਼ਕਲ ਰਹਿਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਤੋਂ ਬਾਅਦ ਬਰਤਾਨੀਆ ਨੇ ਯੂਕਰੇਨ ਨੂੰ ਦਰਮਿਆਨੀ ਰੇਂਜ ਦੇ ਰਾਕੇਟ ਦੇਣ ਦਾ ਐਲਾਨ ਕੀਤਾ ਹੈ। ਜਰਮਨੀ ਵੀ ਯੂਕਰੇਨ ਨੂੰ ਹਥਿਆਰਾਂ ਨਾਲ ਮਦਦ ਦੇ ਚੁੱਕਾ ਹੈ। ਯੂਕਰੇਨ ਨੇ ਪੱਛਮੀ ਮੁਲਕਾਂ ਤੋਂ ਹੋਰ ਬਿਹਤਰ ਹਥਿਆਰ ਮੰਗੇ ਸਨ ਜੋ ਕਿ ਹਵਾਈ ਜਹਾਜ਼ਾਂ ਨੂੰ ਡੇਗਣ ਦੇ ਸਮਰੱਥ ਹੋਣ ਅਤੇ ਆਰਟਿਲਰੀ ਤੇ ਸਪਲਾਈ ਲਾਈਨਾਂ ਨੂੰ ਵੀ ਤਬਾਹ ਕਰ ਸਕਣ। ਰੂਸ ਨੇ ਪੱਛਮ ਵੱਲੋਂ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਯੂਕਰੇਨ ਲਈ ਹੋਰ ਕਸ਼ਟ ਦਾ ਕਾਰਨ ਬਣਨਗੇ।

ਡੋਨਬਾਸ ਖੇਤਰ ਵਿਚ ਰੂਸੀ ਫ਼ੌਜਾਂ ਨੇ ਜ਼ੋਰਦਾਰ ਬੰਬਾਰੀ ਕੀਤੀ ਹੈ ਤੇ ਕਈ ਸ਼ਹਿਰਾਂ-ਕਸਬਿਆਂ ਦਾ ਨੁਕਸਾਨ ਕੀਤਾ ਹੈ। ਵੱਡੀ ਗਿਣਤੀ ਲੋਕਾਂ ਨੇ ਬੰਬਾਰੀ ਕਾਰਨ ਇਕ ਰਸਾਇਣ ਫੈਕਟਰੀ ਦੇ ਬੰਕਰਾਂ ਵਿਚ ਸ਼ਰਨ ਲਈ ਹੈ। ਬਰਤਾਨੀਆ ਦੇ ਰੱਖਿਆ ਮੰਤਰਾਲੇ ਮੁਤਾਬਕ ਰੂਸ ਨੇ ਲੁਹਾਂਸਕ ਦੇ ਦੋ ਸ਼ਹਿਰਾਂ ਉਤੇ ਕਬਜ਼ਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਲੁਹਾਂਸਕ ਤੇ ਦੋਨੇਤਸਕ ਖੇਤਰ ਡੋਨਬਾਸ 'ਚ ਹੀ ਪੈਂਦੇ ਹਨ। ਸਲੋਵਾਕੀਆ 'ਚ ਇਕ ਸੁਰੱਖਿਆ ਕਾਨਫਰੰਸ ਨੂੰ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦਿਆਂ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਸੰਸਾਰ ਤੋਂ ਹੋਰ ਹਥਿਆਰ ਮੰਗੇ ਹਨ ਤੇ ਰੂਸ ਉਤੇ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰੂਸ ਹੁਣ ਯੂਕਰੇਨ ਦੇ ਲਗਭਰ 20 ਪ੍ਰਤੀਸ਼ਤ ਹਿੱਸੇ ਉਤੇ ਕਾਬਜ਼ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਦਿਨ ਵਿਚ ਹੀ ਰੂਸ ਨੇ 15 ਕਰੂਜ਼ ਮਿਜ਼ਾਈਲਾਂ ਯੂਕਰੇਨ 'ਤੇ ਸੁੱਟੀਆਂ ਹਨ। -ਏਪੀ



Most Read

2024-09-19 19:30:58