Breaking News >> News >> The Tribune


ਲਾਰੈਂਸ ਬਿਸ਼ਨੋਈ ਦੇ ਗਰੋਹ ਨੇ ਘੜੀ ਸੀ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼


Link [2022-06-04 16:16:17]



ਨਵੀਂ ਦਿੱਲੀ, 3 ਜੂਨ

ਮੁੱਖ ਅੰਸ਼

ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਗੈਂਗਸਟਰ ਵੱਲੋਂ ਜਾਂਚ 'ਚ ਸਹਿਯੋਗ ਨਾ ਦੇਣ ਦਾ ਕੀਤਾ ਦਾਅਵਾ ਅਸਲ ਸਾਜ਼ਿਸ਼ਘਾੜਿਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੇ ਨਾਂ ਲੁਕਾਉਣ ਦਾ ਲਾਇਆ ਦੋਸ਼ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ ਗੈਂਗਸਟਰ ਵੱਲੋਂ ਜਾਂਚ 'ਚ ਸਹਿਯੋਗ ਨਾ ਦੇਣ ਦਾ ਕੀਤਾ ਦਾਅਵਾ ਅਸਲ ਸਾਜ਼ਿਸ਼ਘਾੜਿਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੇ ਨਾਂ ਲੁਕਾਉਣ ਦਾ ਲਾਇਆ ਦੋਸ਼

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਦੀ ਸਾਜ਼ਿਸ਼ ਕੈਨੇਡਾ ਬੈਠੇ ਗੋਲਡੀ ਬਰਾੜ ਸਣੇ ਉਸ ਦੇ ਗਰੋਹ ਮੈਂਬਰਾਂ ਵੱਲੋਂ ਘੜੇ ਜਾਣ ਦੀ ਗੱਲ ਕਬੂਲੀ ਹੈ। ਬਿਸ਼ਨੋਈ, ਜੋ ਇਸ ਵੇਲੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਹਿਰਾਸਤ ਵਿੱਚ ਹੈ, ਮੁਤਾਬਕ ਮੂਸੇਵਾਲਾ ਅਕਾਲੀ ਦਲ ਦੇ ਨੌਜਵਾਨ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੀ ਪਿਛਲੇ ਸਾਲ 7 ਅਗਸਤ ਨੂੰ ਹੋਈ ਹੱਤਿਆ ਵਿੱਚ ਸ਼ਾਮਲ ਸੀ, ਜੋ ਉਸ ਅਤੇ ਪੰਜਾਬੀ ਗਾਇਕ ਦਰਮਿਆਨ 'ਟਕਰਾਅ' ਦੀ ਵਜ੍ਹਾ ਸੀ। ਤਫ਼ਤੀਸ਼ੀ ਅਧਿਕਾਰੀਆਂ ਨੇ ਕਿਹਾ ਕਿ ਬਿਸ਼ਨੋਈ ਜਾਂਚ ਵਿੱਚ ਸਹਿਯੋਗ ਦੇਣ ਤੋਂ ਇਨਕਾਰੀ ਹੈ ਅਤੇ ਉਸ ਨੇ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਘੜਨ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਸਲ ਬੰਦਿਆਂ ਦੇ ਨਾਂ ਅਜੇ ਤੱਕ ਨਹੀਂ ਦੱਸੇ। ਗਾਇਕੀ ਤੋਂ ਸਿਆਸਤ ਦੇ ਪਿੜ ਵਿੱਚ ਨਿੱਤਰੇ ਸਿੱਧੂ ਮੂਸੇਵਾਲਾ ਦੀ ਕੁਝ ਅਣਪਛਾਤੇ ਹਮਲਾਵਰਾਂ ਨੇ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਹੱਤਿਆ ਕਰ ਦਿੱਤੀ ਸੀ। ਹਮਲੇ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਗਾਇਕ ਦੀ ਸੁਰੱਖਿਆ 'ਚ ਕਟੌਤੀ ਕੀਤੀ ਸੀ।

ਤਿਹਾੜ ਜੇਲ੍ਹ ਵਿੱਚ ਬੰਦ ਲਾਰੈਸ਼ ਬਿਸ਼ਨੋਈ ਤੋਂ ਦਿੱਲੀ ਪੁਲੀਸ ਦਾ ਵਿਸ਼ੇਸ਼ ਸੈੱਲ ਆਰਮਜ਼ ਐਕਟ ਤਹਿਤ ਦਰਜ ਕੇਸ ਵਿੱਚ ਪੁੱਛਗਿੱਛ ਕਰ ਰਿਹਾ ਹੈ। ਵਿਸ਼ੇਸ਼ ਸੈੱਲ ਨੇ ਬਿਸ਼ਨੋਈ ਨੂੰ ਤਿਹਾੜ ਜੇਲ੍ਹ 'ਚੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਤਿੰਨ ਦਿਨ ਦੇ ਰਿਮਾਂਡ ਤਹਿਤ ਹਿਰਾਸਤ ਵਿੱਚ ਲਿਆ ਸੀ। ਪੁਲੀਸ ਅਧਿਕਾਰੀ ਨੇ ਕਿਹਾ, ''ਬਿਸ਼ਨੋਈ, ਹੁਣ ਤੱਕ ਜਾਂਚ ਵਿੱਚ ਸਹਿਯੋਗ ਦੇਣ ਤੋਂ ਇਨਕਾਰੀ ਹੈ। ਪਰ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਹੈ ਕਿ ਉਸ ਦੀ ਮੂਸੇਵਾਲਾ ਨਾਲ ਸ਼ਰੀਕੇਬਾਜ਼ੀ ਸੀ ਤੇ ਇਹ ਦਾਅਵਾ ਵੀ ਕੀਤਾ ਕਿ ਉਹਦੇ ਗਰੋਹ ਮੈਂਬਰਾਂ ਨੇ ਗਾਇਕ ਦੀ ਹੱਤਿਆ ਕੀਤੀ ਹੈ। ਉਸ ਨੇ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ 'ਤੇ ਹਮਲੇ ਤੇ ਹੱਤਿਆ ਦੀ ਸਾਜ਼ਿਸ਼ ਘੜਨ ਵਾਲੇ ਗਰੋਹ ਮੈਂਬਰਾਂ 'ਚੋਂ ਗੋਲਡੀ ਬਰਾੜ ਇਕ ਸੀ, ਪਰ ਉਸ ਨੇ ਗਾਇਕ ਦੀ ਹੱਤਿਆ ਦੇ ਅਸਲ ਸਾਜ਼ਿਸ਼ਘਾੜਿਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਨਾਵਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।'' ਅਧਿਕਾਰੀ ਨੇ ਕਿਹਾ ਕਿ ਬਿਸ਼ਨੋਈ ਨੇ ਮੂਸੇਵਾਲਾ ਦੀ ਹੱਤਿਆ ਪਿਛਲੇ ਅਸਲ ਮੰਤਵ ਬਾਰੇ ਕੁਝ ਨਹੀਂ ਦੱਸਿਆ ਤੇ ਉਹ ਕਤਲ ਬਾਰੇ ਹੋਰ ਤਫ਼ਸੀਲ ਦੇਣ ਤੋਂ ਆਨਾ-ਕਾਨੀ ਕਰ ਰਿਹਾ ਹੈ।'' ਬਿਸ਼ਨੋਈ, ਜਿਸ ਖਿਲਾਫ਼ 60 ਦੇ ਕਰੀਬ ਕੇਸ ਦਰਜ ਹਨ, ਨੂੰ ਤਿਹਾੜ ਦੀ 8 ਨੰਬਰ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਹੈ।

ਗੈਂਗਸਟਰ ਕਾਲਾ ਜਠੇੜੀ ਤੇ ਉਸ ਦਾ ਸਾਥੀ ਕਾਲਾ ਰਾਣਾ, ਜੋ ਇਕ ਵੱਖਰੇ ਕੇਸ ਵਿੱਚ ਪੁਲੀਸ ਦੀ ਹਿਰਾਸਤ ਵਿੱਚ ਹਨ, ਤੋਂ ਵੀ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿਛ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਤਿਹਾੜ ਜੇਲ੍ਹ ਵਿੱਚ ਪੁੱਛਗਿੱਛ ਮਗਰੋਂ ਬਿਸ਼ਨੋਈ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਹੋਰ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਬਿਸ਼ਨੋਈ ਤੋਂ ਇਕ ਹੋਰ ਕੇਸ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ। ਇਹ ਕੇਸ ਪਿਛਲੇ ਮਹੀਨੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਸੰਖੇਪ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤੇ ਤਿੰਨ ਅਪਰਾਧੀਆਂ ਨਾਲ ਸਬੰਧਤ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਅਪਰਾਧੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਕੋਲੋਂ ਬਰਾਮਦ ਹਥਿਆਰ ਬਿਸ਼ਨੋਈ ਨੇ ਸਪਲਾਈ ਕੀਤੇ ਸਨ। -ਪੀਟੀਆਈ

ਮੂਸੇਵਾਲਾ ਕਤਲ ਕਾਂਡ ਦੀ ਸੀਬੀਆਈ ਜਾਂਚ ਲਈ ਸੁਪਰੀਮ ਕੋਰਟ 'ਚ ਦਸਤਕ

ਨਵੀਂ ਦਿੱਲੀ: ਪੰਜਾਬ ਨਾਲ ਸਬੰਧਤ ਭਾਜਪਾ ਆਗੂ ਜਗਜੀਤ ਸਿੰਘ ਨੇ ਅੱਜ ਸੁਪਰੀਮ ਕੋਰਟ ਦਾ ਰੁਖ਼ ਕਰਦੇ ਹੋਏ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਭਾਜਪਾ ਆਗੂ ਨੇ ਕਿਹਾ ਕਿ ਗਾਇਕ ਦੀ ਹੱਤਿਆ ਪਿੱਛੇ ਅੰਤਰਰਾਜੀ ਤੇ ਕੌਮਾਂਤਰੀ ਗੈਂਗਸਟਰਾਂ ਦੀ ਸ਼ਮੂਲੀਅਤ ਹੋ ਸਕਦੀ ਹੈ। ਸਿੰਘ ਨੇ ਪਟੀਸ਼ਨ ਵਿੱਚ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨਾ ਸਿਰਫ਼ ਅਪਰਾਧ ਬਲਕਿ ਗੈਂਗਵਾਰ ਨੂੰ ਵੀ ਨੱਥ ਪਾਉਣ ਵਿੱਚ 'ਬੁਰੀ ਤਰ੍ਹਾਂ ਨਾਕਾਮ' ਰਹੀ ਹੈ, ਜਿਸ ਕਰਕੇ ਸੂਬੇ ਵਿੱਚ ਖ਼ੌਫ਼ ਤੇ ਦਹਿਸ਼ਤ ਦਾ ਮਾਹੌਲ ਹੈ। ਸਿੰਘ ਨੇ ਵਕੀਲ ਨਮਿਤ ਸਕਸੈਨਾ ਰਾਹੀਂ ਦਾਖ਼ਲ ਪਟੀਸ਼ਨ ਵਿੱਚ ਕਿਹਾ ਕਿ ਜਿਸ ਤਰ੍ਹਾਂ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉਸ ਤੋਂ ਸਾਫ਼ ਹੈ ਕਿ ਪੰਜਾਬ ਵਿੱਚ ਸਰਕਾਰੀ ਮਸ਼ੀਨਰੀ ਅਪਰਾਧ ਰੋਕਣ ਤੇ ਆਪਣਾ ਫਰਜ਼ ਨਿਭਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। -ਪੀਟੀਆਈ

ਬਾਹਰਲੇ ਵਿਅਕਤੀ ਕਰ ਰਹੇ ਨੇ ਪੰਜਾਬ 'ਚ ਵਾਰਦਾਤਾਂ

ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਵਿੱਚ ਵਾਪਰ ਰਹੀਆਂ ਸਿਲਸਿਲੇਵਾਰ ਅਪਰਾਧਕ ਘਟਨਾਵਾਂ ਵਿੱਚ ਸੂਬੇ ਵਿੱਚ ਸਰਗਰਮ ਗੈਂਗਸਟਰ ਧੜਿਆਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਖਾਤਰ ਭਾੜੇ ਦੇ ਕਾਤਲ ਪੰਜਾਬ ਤੋਂ ਬਾਹਰੋਂ ਹਾਸਲ ਕੀਤੇ ਜਾਣ ਨੇ ਪੰਜਾਬ ਪੁਲੀਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਵਿੱਚ ਪੰਜਾਬ ਤੇ ਹਰਿਆਣਾ ਨਾਲ ਸਬੰਧਤ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਈ ਹੈ। ਪੰਜਾਬ ਪੁਲੀਸ ਲਈ ਵੱਡੀ ਚੁਣੌਤੀ ਇਹ ਵੀ ਹੈ ਕਿ ਲੰਘੇ ਮਹੀਨੇ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਇਮਾਰਤ 'ਤੇ ਜਿਨ੍ਹਾਂ ਵਿਅਕਤੀਆਂ ਨੇ ਰਾਕੇਟ ਲਾਂਚਰ ਨਾਲ ਗਰਨੇਡ ਦਾਗਿਆ ਸੀ ਉਹ ਵੀ ਪੰਜਾਬ ਤੋਂ ਬਾਹਰਲੇ ਵਿਅਕਤੀ ਸਨ। ਇਸ ਮਾਮਲੇ ਦੀ ਤਫ਼ਤੀਸ਼ ਮੁਤਾਬਕ ਗ੍ਰਨੇਡ ਦਾਗਣ ਵਾਲੇ ਵਿਅਕਤੀ ਹਰਿਆਣਾ ਨਾਲ ਸਬੰਧਤ ਸਨ। ਪੁਲੀਸ ਮੁਤਾਬਕ ਇੰਟੈਲੀਜੈਂਸ ਵਿੰਗ ਦੀ ਇਮਾਰਤ 'ਤੇ ਯੋਜਨਾ ਖਾਲਿਸਤਾਨ ਪੱਖੀਆਂ ਨੇ ਘੜੀ ਤੇ ਅੰਜਾਮ ਗੈਂਗਸਟਰਾਂ ਦੇ ਬੰਦਿਆਂ ਨੇ ਦਿੱਤਾ। ਇਨ੍ਹਾਂ ਵਿਅਕਤੀਆਂ ਦੀ ਪਛਾਣ ਤਾਂ ਹੋ ਗਈ ਹੈ ਪਰ ਕਾਬੂ ਨਹੀਂ ਕੀਤੇ ਜਾ ਸਕੇ। ਪੰਜਾਬ ਪੁਲੀਸ ਅਤੇ ਦਿੱਲੀ ਪੁਲੀਸ ਵੱਲੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਨਾਲ ਸਬੰਧਤ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਪੁਲੀਸ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰ ਪ੍ਰਦੇਸ਼ ਆਦਿ ਸੂਬਿਆਂ ਵਿੱਚ ਸਰਗਰਮ ਗੈਂਗਸਟਰਾਂ ਦੇ ਜ਼ਿਆਦਾਤਰ ਧੜਿਆਂ ਵੱਲੋਂ ਹੱਥ ਮਿਲਾ ਲਏ ਜਾਣ ਕਾਰਨ ਇਹ ਮਾਮਲਾ ਅੰਤਰਰਾਜੀ ਅਤੇ ਪੇਚੀਦਾ ਬਣ ਗਿਆ ਹੈ। ਪੁਲੀਸ ਵੱਲੋਂ ਹੁਣ ਤੱਕ ਅੱਧੀ ਦਰਜ਼ਨ ਤੋਂ ਵੱਧ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ। ਇਸ ਪੁੱਛ ਪੜਤਾਲ ਦੌਰਾਨ ਇਹੀ ਗੱਲ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਲਈ ਗੈਂਗਸਟਰਾਂ ਦੇ ਗਰੁੱਪਾਂ ਵੱਲੋਂ ਲੰਮੀ ਯੋਜਨਾ ਘੜੀ ਗਈ ਸੀ। ਪੁਲੀਸ ਵੱਲੋਂ ਹੁਣ ਤੱਕ ਸੀਸੀਟੀਟੀਵੀ ਕੈਮਰਿਆਂ ਦੀ ਘੋਖ ਕਰਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਤਿੰਨਾਂ ਕਾਰਾਂ ਵਿੱਚ ਸਵਾਰ ਹਮਲਾਵਰ ਵੱਖੋ ਵੱਖਰੇ ਰਸਤਿਆਂ ਰਾਹੀਂ ਮਾਨਸਾ ਜ਼ਿਲ੍ਹੇ ਵਿੱਚ ਘਟਨਾ ਵਾਲੀ ਥਾਂ ਦੇ ਨਜ਼ਦੀਕ ਇਕੱਠੇ ਹੋਏ। ਦਿੱਲੀ ਪੁਲੀਸ ਦੇ ਤਫਤੀਸ਼ੀ ਅਫ਼ਸਰਾਂ ਵੱਲੋਂ ਪੰਜਾਬ ਪੁਲੀਸ ਦੇ ਅਧਿਕਾਰੀਆਂ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਮੁਤਾਬਕ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਮੂਸੇਵਾਲਾ ਨੂੰ ਕਤਲ ਕਰਨ ਦੀ ਯੋਜਨਾ ਪਿਛਲੇ ਤਿੰਨ ਮਹੀਨਿਆਂ ਤੋਂ ਘੜੀ ਜਾ ਰਹੀ ਸੀ। ਬਿਸ਼ਨੋਈ ਵੱਲੋਂ ਭੇਜੇ ਭਾੜੇ ਦੇ ਕਾਤਲਾਂ ਦੀਆਂ ਕੋਸ਼ਿਸ਼ਾਂ ਤਿੰਨ ਵਾਰੀ ਅਸਫਲ ਵੀ ਹੋਈਆਂ ਸਨ। ਜਾਂਚ ਨਾਲ ਜੁੜੇ ਪੁਲੀਸ ਅਧਿਕਾਰੀਆਂ ਦਾ ਇਹ ਵੀ ਦਾਅਵਾ ਹੈ ਕਿ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਦੀ ਵੀ ਗਾਇਕ ਦੇ ਹੱਤਿਆ ਮਾਮਲੇ ਵਿੱਚ ਸਿੱਧੀ ਜਾਂ ਅਸਿੱਧੀ ਭੂਮਿਕਾ ਦੇ ਤੱਥ ਸਾਹਮਣੇ ਆ ਚੁੱਕੇ ਹਨ।

ਫਤਿਹਾਬਾਦ ਤੋਂ ਦੋ ਸ਼ੱਕੀ ਕਾਬੂ

ਟੋਹਾਣਾ (ਗੁਰਦੀਪ ਸਿੰਘ ਭੱਟੀ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਬੋਲੈਰੋ ਗੱਡੀ ਦੇ ਫਤਿਹਾਬਾਦ 'ਚ ਘੁੰਮਣ ਦੇ ਸੁਰਾਗ ਮਿਲਦੇ ਹੀ ਪੰਜਾਬ ਪੁਲੀਸ ਨੇ ਸਥਾਨਕ ਪੁਲੀਸ ਦੀ ਸਹਾਇਤਾ ਨਾਲ ਪਿੰਡ ਭਿਰਡਾਨਾ ਦੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੀ ਪਛਾਣ ਪਵਨ ਬਿਸ਼ਨੋਈ ਅਤੇ ਨਸੀਬ ਖ਼ਾਨ ਵਜੋਂ ਹੋਈ ਹੈ। ਫਤਿਹਾਬਾਦ ਦੇ ਐੱਸਪੀ ਸੁਰਿੰਦਰ ਭੋਰੀਆਂ ਮੁਤਾਬਕ ਦੋ ਨੌਜਵਾਨਾਂ ਨੂੰ ਸਾਂਝੇ ਪੁਲੀਸ ਅਪਰੇਸ਼ਨ ਵਿੱਚ ਕਾਬੂ ਕੀਤਾ ਗਿਆ ਹੈ। ਮੋਗਾ ਪੁਲੀਸ ਇਨ੍ਹਾਂ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰੇਗੀ। ਪੁਲੀਸ ਨੂੰ ਇਨ੍ਹਾਂ ਨੌਜਵਾਨਾਂ ਤੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਤਾਇਨਾਤ ਪੁਲੀਸ ਮੁਲਾਜ਼ਮ। -ਫੋਟੋ: ਸੁਰੇਸ਼

ਭਗਵੰਤ ਮਾਨ ਨੇ ਪਰਿਵਾਰ ਨਾਲ ਦੁੱਖ ਵੰਡਾਇਆ

ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਨੇੜੇ ਪਿੰਡ ਮੂਸਾ 'ਚ ਅੱਜ ਮਰਹੂਮ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰਨ ਦਾ ਭਰੋਸਾ ਵੀ ਦਿੱਤਾ। ਮੁੱਖ ਮੰਤਰੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੋ ਘੰਟੇ ਦੇਰੀ ਨਾਲ ਮੂਸੇਵਾਲਾ ਦੇ ਘਰ ਪੁੱਜੇ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਮਾਨਸਾ ਨੇੜਲੇ ਪਿੰਡ ਜਵਾਹਰਕੇ 'ਚ 29 ਮਈ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਸੀ। ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਿੱਧੂ ਮੂਸੇਵਾਲਾ ਦੇ ਘਿਣਾਉਣੇ ਕਤਲ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਅਹਿਮ ਸਬੂਤ ਮਿਲੇ ਹਨ। ਭਗਵੰਤ ਮਾਨ ਨੇ ਕਿਹਾ,''ਸਿੱਧੂ ਮੂਸੇਵਾਲਾ ਪ੍ਰਤਿਭਾਸ਼ਾਲੀ ਕਲਾਕਾਰ ਸੀ, ਜਿਸ ਕੋਲ ਹਰੇਕ ਨੂੰ ਕੀਲਣ ਵਾਲੀ ਆਵਾਜ਼ ਅਤੇ ਕਮਾਲ ਦੀ ਸਿਰਜਣਾਤਮਕਤਾ ਸੀ। ਮੂਸੇਵਾਲਾ ਦੀ ਅਚਨਚੇਤੀ ਅਤੇ ਦੁਖਦ ਮੌਤ ਨਾਲ ਸੰਗੀਤ ਜਗਤ ਨੂੰ ਖ਼ਾਸ ਤੌਰ ਉਤੇ ਉਸ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਿਆ ਹੈ।'' ਉਨ੍ਹਾਂ ਭਰੋਸਾ ਦਿੱਤਾ ਕਿ ਦੁੱਖ ਦੀ ਘੜੀ ਵਿੱਚ ਸੂਬਾ ਸਰਕਾਰ ਪੀੜਤ ਪਰਿਵਾਰ ਨਾਲ ਖੜ੍ਹੀ ਹੈ। ਪੰਜਾਬੀਅਤ ਅਤੇ ਇਨਸਾਨੀਅਤ ਨੂੰ ਆਪਣੀ ਸਭ ਤੋਂ ਪਹਿਲੀ ਤਰਜੀਹ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਆਸਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਭਗਵੰਤ ਮਾਨ ਨੇ ਝੋਰਾ ਪ੍ਰਗਟਾਇਆ ਕਿ ਕੁੱਝ ਲੋਕ ਨੌਜਵਾਨ ਗਾਇਕ ਦੀ ਦੁਖਦ ਹੱਤਿਆ ਉਤੇ ਬੇਸ਼ਰਮੀ ਨਾਲ ਸਿਆਸਤ ਕਰ ਰਹੇ ਹਨ, ਜਿਹੜੀ ਬੇਲੋੜੀ ਅਤੇ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਹੜੇ ਪਹਿਲਾਂ ਇਸ ਗਾਇਕ ਦੀ ਵੱਖ-ਵੱਖ ਮਸਲਿਆਂ ਉਤੇ ਜ਼ੋਰ-ਸ਼ੋਰ ਨਾਲ ਆਲੋਚਨਾ ਕਰਦੇ ਸਨ ਪਰ ਹੁਣ ਘਟੀਆ ਪ੍ਰਚਾਰ ਲਈ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ। 'ਪੰਜਾਬ ਦੇ ਲੋਕ ਪਹਿਲਾਂ ਹੀ ਅਜਿਹੇ ਘੜੰਮ ਚੌਧਰੀ ਲੀਡਰਾਂ ਦੇ ਕੋਝੇ ਹਥਕੰਡਿਆਂ ਤੋਂ ਵਾਕਫ਼ ਹਨ ਅਤੇ ਉਹ ਹੁਣ ਵੀ ਇਨ੍ਹਾਂ ਦੇ ਛਲਾਵੇ ਵਿੱਚ ਨਹੀਂ ਆਉਣਗੇ।' ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਡੀਜੀਪੀ ਨੂੰ ਕੇਸ ਦੀ ਜਾਂਚ ਤੇਜ਼ ਕਰਨ ਲਈ ਕਹਿ ਦਿੱਤਾ ਹੈ ਤਾਂ ਜੋ ਦੋਸ਼ੀਆਂ ਨੂੰ ਫੜਿਆ ਜਾ ਸਕੇ। 'ਪਰਿਵਾਰ ਦੀ ਮੰਗ ਉਤੇ ਸਰਕਾਰ ਨੇ ਪਹਿਲਾਂ ਹੀ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਆਂਇਕ ਜਾਂਚ ਲਈ ਕਾਰਵਾਈ ਆਰੰਭ ਦਿੱਤੀ ਹੈ।' ਸਿੱਧੂ ਮੂਸੇਵਾਲਾ ਦੀ ਹੱਤਿਆ ਉਤੇ ਦੁੱਖ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਸ ਦੀ ਮੌਤ ਸੂਬੇ ਲਈ ਵੱਡਾ ਘਾਟਾ ਹੈ ਅਤੇ ਪਰਮਾਤਮਾ ਤੋਂ ਬਖ਼ਸ਼ਿਸ਼ ਪ੍ਰਾਪਤ ਇਸ ਕਲਾਕਾਰ ਦੀ ਹੱਤਿਆ ਨਾਲ ਜਿਹੜਾ ਘਾਟਾ ਪਿਆ ਹੈ, ਉਸ ਨੂੰ ਕਦੇ ਪੂਰਿਆ ਨਹੀਂ ਜਾ ਸਕਦਾ ਹੈ।

ਸਿੱਧੂ ਮੂਸੇਵਾਲਾ ਦੇ ਕਤਲ 'ਤੇ ਸਿਆਸਤ ਨਾ ਹੋਵੇ: ਕੇਜਰੀਵਾਲ

ਨਵੀਂ ਦਿੱਲੀ (ਪੱਤਰ ਪ੍ਰੇਰਕ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਮੰਦਭਾਗਾ ਕਰਾਰ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਮਾਮਲੇ 'ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਇੱਕ ਐੱਸਟੀਪੀ ਦੇ ਦੌਰੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਉਨ੍ਹਾਂ ਦੇ ਹਮਰੁਤਬਾ ਭਗਵੰਤ ਮਾਨ ਨੇ ਪਹਿਲਾਂ ਹੀ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਦੋਸ਼ੀਆਂ ਨੂੰ ਫੜਨ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ।



Most Read

2024-09-19 19:37:15