Breaking News >> News >> The Tribune


ਕਸ਼ਮੀਰੀ ਪੰਡਿਤ ਮੁਲਾਜ਼ਮਾਂ ਵੱਲੋਂ ਰਾਤ ਦੇ ਹਨੇਰੇ ’ਚ ਹਿਜਰਤ


Link [2022-06-04 16:16:17]



ਸਾਮਾਨ ਲਤੀਫ਼ਸ੍ਰੀਨਗਰ, 3 ਜੂਨ

ਮੁੱਖ ਅੰਸ਼

ਸਰਕਾਰ ਕੋਲ ਸਮੱਸਿਆ ਦਾ ਕੋਈ ਹੱਲ ਨਾ ਹੋਣ ਦਾ ਕੀਤਾ ਦਾਅਵਾ

ਪਰਵਾਸੀ ਕਸ਼ਮੀਰੀ ਪੰਡਿਤਾਂ ਵਾਲੇ ਟਰਾਂਜ਼ਿਟ ਕੈਂਪਾਂ ਵਿੱਚ ਅੱਜ ਸੁੰਨ ਪੱਸਰੀ ਰਹੀ। ਕਸ਼ਮੀਰ ਵਾਦੀ ਵਿੱਚ ਆਮ ਲੋਕਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਉਣ ਦੀਆਂ ਸੱਜਰੀਆਂ ਘਟਨਾਵਾਂ ਦਰਮਿਆਨ ਖ਼ੌਫਜ਼ਦਾ ਸੈਂਕੜੇ ਸਰਕਾਰੀ ਮੁਲਾਜ਼ਮ ਵੀਰਵਾਰ ਅੱਧੀ ਰਾਤ ਨੂੰ ਜੰਮੂ ਵੱਲ ਕੂਚ ਕਰ ਗਏ। ਕਸ਼ਮੀਰੀ ਪੰਡਿਤਾਂ ਨੇ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਨੂੰ ਪਰਵਾਸ ਕਰਨ ਲਈ ਮਜਬੂਰ ਕਰ ਰਹੀ ਹੈ। ਅਸ਼ਵਨੀ ਸਾਧੂ, ਜੋ ਪੇਸ਼ੇ ਵਜੋਂ ਇੰਜਨੀਅਰ ਹੈ ਤੇ 400 ਦੇ ਕਰੀਬ ਮੁਲਾਜ਼ਮਾਂ ਨਾਲ ਬੜਗਾਮ ਦੇ ਸ਼ੇਖਪੋਰਾ ਟਰਾਂਜ਼ਿਟ ਕੈਂਪ ਵਿੱਚ ਟਿਕਿਆ ਹੋਇਆ ਸੀ, ਨੇ ਕਿਹਾ, ''ਮੈਂ ਆਪਣੇ ਪਰਿਵਾਰ ਨਾਲ ਵੀਰਵਾਤ ਰਾਤ ਨੂੰ ਹੀ ਉਥੋਂ ਨਿਕਲ ਗਿਆ ਸੀ, ਕਿਉਂਕਿ ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ।'' ਲੋਕ ਨਿਰਮਾਣ ਵਿਭਾਗ 'ਚ ਇੰਜਨੀਅਰ ਅਸ਼ਵਿਨੀ ਪੰਡਿਤਾ ਨੇ ਕਿਹਾ ਕਿ ਸ਼ੇਖਪੋਰਾ ਕੈਂਪ ਵਿੱਚ ਰਹਿ ਰਹੇ 80 ਫੀਸਦ ਤੋਂ ਵੱਧ ਮੁਲਾਜ਼ਮ ਜੰਮੂ ਲਈ ਹਿਜਰਤ ਕਰ ਚੁੱਕੇ ਹਨ। ਪੰਡਿਤਾ ਨੇ ਕਿਹਾ, ''ਪਿੱਛੇ ਥੋੜ੍ਹੇ ਬਹੁਤ ਉਹੀ ਲੋਕ ਰਹਿ ਗਏ ਹਨ, ਜਿਨ੍ਹਾਂ ਦੇ ਬੱੱਚਿਆਂ ਦਾ ਸਕੂਲ ਨੂੰ ਲੈ ਕੇ ਕੋਈ ਮਸਲਾ ਹੈ। ਅਸੀਂ ਆਨਲਾਈਨ ਜਮਾਤਾਂ ਤੇ ਬੱਚਿਆਂ ਦੀ ਜੰਮੂ ਦੇ ਸਕੂਲਾਂ ਵਿੱਚ ਮਾਈਗ੍ਰੇਸ਼ਨ ਸਬੰਧੀ ਲੋੜੀਂਦੀ ਪ੍ਰਵਾਨਗੀ ਹਾਸਲ ਕਰਨ ਲਈ ਸਕੂਲ ਪ੍ਰਸ਼ਾਸਨਾਂ ਦੇ ਸੰਪਰਕ ਵਿੱਚ ਹਾਂ।'' ਉਸ ਨੇ ਕਿਹਾ ਕਿ ਸਰਕਾਰ ਕਸ਼ਮੀਰੀ ਪੰਡਿਤਾਂ ਦੇ ਪਰਵਾਸ ਤੋਂ ਖ਼ੁਸ਼ ਹੈ, ਕਿਉਂ ਜੋ ਉਨ੍ਹਾਂ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਉਸ ਨੇ ਕਿਹਾ, ''ਸੀਨੀਅਰ ਪੁਲੀਸ ਅਧਿਕਾਰੀਆਂ ਮੁਤਾਬਕ ਵਾਦੀ ਵਿੱਚ ਹਾਲਾਤ ਆਮ ਵਾਂਗ ਹੋਣ ਵਿੱਚ ਦੋ ਤੋਂ ਤਿੰਨ ਸਾਲ ਲੱਗ ਸਕਦੇ ਹਨ। ਇੰਜ ਲੱਗਦਾ ਹੈ ਜਿਵੇਂ ਸਰਕਾਰ ਸਾਡੇ ਪਰਵਾਸ ਨੂੰ ਲੈ ਕੇ ਖ਼ੁਸ਼ ਹੈ ਕਿਉਂਕਿ ਉਹ ਸਾਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੇ ਹਨ।''

ਜੰਮੂ ਦੇ ਕੈਂਪ 'ਚ ਪਰਤਦਾ ਹੋਇਆ ਕਸ਼ਮੀਰੀ ਪੰਡਿਤਾਂ ਦਾ ਪਰਿਵਾਰ। -ਫੋਟੋ: ਪੀਟੀਆਈ

ਕਾਬਿਲੇਗੌਰ ਹੈ ਕਿ ਪ੍ਰਧਾਨ ਮੰਤਰੀ ਵਿਸ਼ੇਸ਼ ਰੁਜ਼ਗਾਰ ਸਕੀਮ ਤਹਿਤ ਨਿਯੁਕਤ 4500 ਦੇ ਕਰੀਬ ਸਰਕਾਰੀ ਮੁਲਾਜ਼ਮਾਂ ਨੇ ਟਰਾਂਜ਼ਿਟ ਕੈਂਪਾਂ ਵਿੱਚ ਲੱਗੇ ਟੈਂਟ ਪੁੱਟ ਦਿੱਤੇ ਸਨ। ਉਹ ਕਸ਼ਮੀਰ ਵਿੱਚ ਟਾਰਗੈੱਟ ਕਿਲਿੰਗ ਦੇ ਵਧਦੇ ਮਾਮਲਿਆਂ ਦੇ ਹਵਾਲੇ ਨਾਲ ਜੰਮੂ ਵਿੱਚ ਤਬਾਦਲੇ ਦੀ ਮੰਗ ਕਰ ਰਹੇ ਸਨ। ਪੰਡਿਤਾ ਨੇ ਕਿਹਾ, ''ਅਸੀਂ ਮੰਗ ਕੀਤੀ ਸੀ ਕਿ ਸਾਨੂੰ ਕਸ਼ਮੀਰ ਤੋਂ ਬਾਹਰ ਸੁਰੱਖਿਅਤ ਜ਼ੋਨ ਵਿੱਚ ਤਬਦੀਲ ਕੀਤਾ ਜਾਵੇ। ਗੈਰ-ਕਸ਼ਮੀਰੀਆਂ ਦੀਆਂ ਮਿੱਥ ਕੇ ਕੀਤੀਆਂ ਹੱਤਿਆਵਾਂ ਦੇ ਮਾਮਲੇ ਵਧਣ ਕਰਕੇ ਸਾਡੇ ਪਰਿਵਾਰ ਅਸ਼ਾਂਤ ਤੇ ਬੇਚੈਨ ਹਨ।'' ਦਹਿਸ਼ਤਗਰਦਾਂ ਨੇ ਵੀਰਵਾਰ ਨੂੰ ਰਾਜਸਥਾਨ ਨਾਲ ਸਬੰਧਤ ਬੈਂਕ ਮੈਨੇਜਰ ਸਣੇ ਦੋ ਗੈਰ-ਕਸ਼ਮੀਰੀ ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਪੀਐੱਮ ਰੁਜ਼ਗਾਰ ਪੈਕੇਜ ਵਾਲੇ ਕਈ ਮੁਲਾਜ਼ਮ ਜੰਮੂ ਪਹੁੰਚੇ

ਜੰਮੂ: ਪ੍ਰਧਾਨ ਮੰਤਰੀ ਰੁਜ਼ਗਾਰ ਪੈਕੇਜ ਤਹਿਤ ਨੌਕਰੀਆਂ ਹਾਸਲ ਕਰਨ ਵਾਲੇ ਕਈ ਕਸ਼ਮੀਰੀ ਪੰਡਿਤ ਆਪਣੇ ਪਰਿਵਾਰਾਂ ਸਣੇ ਜੰਮੂ ਪੁੱਜ ਗਏ ਹਨ। ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਵਾਦੀ ਵਿੱਚ ਟਾਰਗੈਟ ਕਿਲਿੰਗ ਦੀਆਂ ਘਟਨਾਵਾਂ ਕਰਕੇ ਭੈਅ ਤੇ ਬੇਯਕੀਨੀ ਦਾ ਮਾਹੌਲ ਹੈ। ਕਸ਼ਮੀਰੀ ਪੰਡਿਤਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਹਫ਼ਤਿਆਂ ਦੌਰਾਨ ਉਨ੍ਹਾਂ ਕਸ਼ਮੀਰ ਵਿੱਰ ਭਾੜੇ ਦੇ ਮਕਾਨਾਂ ਵਿੱਚ ਰਾਤਾਂ ਜਾਗ ਕੇ ਕਟੀਆਂ ਹਨ ਤੇ ਹੁਣ ਉਹ ਜੰਮੂ ਦੇ ਬਾਹਰਵਾਰ ਜਗਤੀ ਕਸਬੇ ਵਿੱਚ ਪੁੱਜ ਕੇ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਪ੍ਰਧਾਨ ਮੰਤਰੀ ਰੁਜ਼ਗਾਰ ਪੈਕੇਜ ਤਹਿਤ ਚੋਣ ਮਗਰੋਂ ਚਾਰ ਹਜ਼ਾਰ ਦੇ ਕਰੀਬ ਘਰੋਂ ਬੇਘਰ ਕਸ਼ਮੀਰੀ ਪੰਡਿਤ ਵਾਦੀ ਵਿੱਚ ਵੱਖ ਵੱਖ ਵਿਭਾਗਾਂ 'ਚ ਕੰਮ ਕਰ ਰਹੇ ਹਨ। ਮੁਲਾਜ਼ਮ ਦੀਪਾਂਕਰ ਰੈਣਾ ਨੇ ਕਿਹਾ ਕਿ ਪੀਐੱਮ ਪੈਕੇਜ ਤਹਿਤ ਨੌਕਰੀ ਹਾਸਲ ਕਰਨ ਵਾਲੇ ਬਹੁਗਿਣਤੀ ਮੁਲਾਜ਼ਮ ਵਾਦੀ ਛੱਡਣ ਨੂੰ ਲੈ ਕੇ ਜੱਕੋ-ਤੱਕੀ ਵਿੱਚ ਸਨ, ਪਰ ਸਰਕਾਰ ਨੇ ਟਰਾਂਜ਼ਿਟ ਕੈਂਪਾਂ ਨੂੰ ਕੰਡਿਆਲੀ ਤਾਰਾਂ ਨਾਲ ਸੀਲ ਕਰ ਦਿੱਤਾ ਹੈ ਤੇ ਕਿਸੇ ਨੂੰ ਵੀ ਉਥੋਂ ਨਿਕਲਣ ਦੀ ਇਜਾਜ਼ਤ ਨਹੀਂ ਹੈ। -ਪੀਟੀਆਈ

ਪਰਵਾਸੀ ਮੁਲਾਜ਼ਮ ਕਸ਼ਮੀਰ ਦੇ ਬਾਹਰ ਤਬਦੀਲ ਨਹੀਂ ਕਰਾਂਗੇ: ਅਧਿਕਾਰੀ

ਨਵੀਂ ਦਿੱਲੀ: ਟਾਰਗੈੱਟ ਕਿਲਿੰਗਜ਼ ਦੇ ਹਵਾਲੇ ਨਾਲ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਤਬਦੀਲ ਕਰਨ ਦੀ ਉੱਠ ਰਹੀ ਮੰਗ ਦਰਮਿਆਨ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਨੇ ਅੱਜ ਸਾਫ਼ ਕਰ ਦਿੱਤਾ ਕਿ ਮੁਲਾਜ਼ਮਾਂ ਨੂੰ ਵਾਦੀ 'ਚੋਂ ਬਾਹਰ ਨਹੀਂ ਕੱਢਿਆ ਜਾਵੇਗਾ, ਪਰ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਪ੍ਰਬੰਧ ਜ਼ਰੂਰ ਕੀਤੇ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਟਾਰਗੈੱਟ ਕਿਲਿੰਗ ਕਰਕੇ ਸਾਲਾਨਾ ਅਮਰਨਾਥ ਯਾਤਰਾ ਦੇ ਪ੍ਰੋਗਰਾਮ ਵਿੱਚ ਕੋਈ ਫੇਰਬਦਲ ਨਹੀਂ ਹੋਵੇਗਾ ਤੇ ਯਾਤਰਾ ਪਹਿਲਾਂ ਮਿੱਥੇ ਮੁਤਾਬਕ 30 ਜੂਨ ਤੋਂ 11 ਅਗਸਤ ਤੱਕ ਹੋਵੇਗੀ। ਅਧਿਕਾਰੀਆ ਨੇ ਦਲੀਲ ਦਿੱਤੀ ਕਿ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ ਵਾਦੀ ਵਿੱਚੋਂ ਤਬਦੀਲ ਕਰਨ ਦੀ ਮੰਗ 'ਤੇ ਸਹਿਮਤੀ ਦੇ ਕੇ ਸਰਹੱਦ ਪਾਰੋਂ ਲਿਖੀ ਕਿਸੇ ਵੀ 'ਨਸਲੀ ਸਫ਼ਾਈ' ਦੀ ਧਿਰ ਨਹੀਂ ਬਣ ਸਕਦਾ। ਉਨ੍ਹਾਂ ਜ਼ੋਰ ਦੇ ਆਖਿਆ ਕਿ ਦਹਿਸ਼ਤੀ ਜਥੇਬੰਦੀਆਂ ਵੱਲੋਂ ਸੌਖੇ(ਆਮ ਲੋਕਾਂ) ਨਿਸ਼ਾਨਿਆਂ ਨੂੰ ਮਾਰਨਾ, ਉਨ੍ਹਾਂ ਨੂੰ ਸਾਲਾਨਾ ਅਮਰਨਾਥ ਯਾਤਰਾ ਕਰਨ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਦੋ ਲੱਖ ਤੋਂ ਵੱਧ ਯਾਤਰੀ ਇਸ ਸਾਲਾਨਾ ਯਾਤਰਾ ਲਈ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 'ਅਤਿਵਾਦ ਨੂੰ ਹਵਾ ਦੇਣ ਵਾਲੇ ਦੇਸ਼ਾਂ' ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਦਹਿਸ਼ਤੀ ਸਮੂਹ ਵਾਦੀ ਵਿੱਚ ਹਾਲਾਤ ਆਮ ਵਾਂਗ ਹੋਣ ਤੋਂ ਚਿੰਤਤ ਹਨ ਅਤੇ ਲੋਕਾਂ ਵਿੱਚ ਡਰ ਅਤੇ ਹਫੜਾ-ਦਫੜੀ ਪੈਦਾ ਕਰਨ ਲਈ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸੁਰੱਖਿਆ ਬਲ ਮਿੱਥ ਕੇ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਹੱਤਿਆਵਾਂ ਨੂੰ ਰੋਕਣ ਵਿੱਚ ਸਫ਼ਲ ਰਹਿਣਗੇ। ਅਧਿਕਾਰੀਆਂ ਨੇ ਕਿਹਾ ਕਿ ਅਮਰਨਾਥ ਯਾਤਰਾ ਕਸ਼ਮੀਰ ਦੇ ਮਿਲੇ ਜੁਲੇ ਸਭਿਆਚਾਰ ਦਾ ਪ੍ਰਤੀਕ ਹੈ ਤੇ ਖ਼ਤਰੇ ਦੀ ਸੰਭਾਵਨਾ (ਜਿਸ 'ਤੇ ਕਾਬੂ ਪਾ ਲਿਆ ਜਾਵੇਗਾ) ਦੇ ਬਾਵਜੂਦ ਇਹ ਬੇਰੋਕ ਜਾਰੀ ਰਹੇਗੀ। ਅਧਿਕਾਰੀਆਂ ਨੇ ਕਿਹਾ ਕਿ ਟਾਰਗੈੱਟ ਕਿਲਿੰਗਜ਼ ਤੋਂ ਸਾਫ਼ ਹੈ ਕਿ ਦਹਿਸ਼ਤੀ ਸਮੂਹਾਂ ਦੀ ਸੁਰੱਖਿਆ ਪ੍ਰਾਪਤ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਘੱਟ ਗਈ ਹੈ ਤੇ ਇਹੀ ਵਜ੍ਹਾ ਹੈ ਕਿ ਉਹ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਨ। -ਪੀਟੀਆਈ



Most Read

2024-09-19 19:37:15