Breaking News >> News >> The Tribune


ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵਾਦੀ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ


Link [2022-06-04 16:16:17]



ਨਵੀਂ ਦਿੱਲੀ: ਦਹਿਸ਼ਤਗਰਦਾਂ ਵੱਲੋਂ ਕਸ਼ਮੀਰ ਵਾਦੀ ਵਿੱਚ ਪਿਛਲੇ ਇਕ ਮਹੀਨੇ ਦੌਰਾਨ ਗੈਰ-ਕਸ਼ਮੀਰੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾਏ ਜਾਣ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜੰਮੂ ਤੇ ਕਸ਼ਮੀਰ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਅਤੇ ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀ ਮੌਜੂਦ ਸਨ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਅਗਾਮੀ ਅਮਰਨਾਥ ਯਾਤਰਾ ਨੂੰ ਲੈ ਕੇ ਵੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।

ਪਿਛਲੇ 15 ਦਿਨਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਇਹ ਦੂਜੀ ਉੱਚ ਪੱਧਰੀ ਮੀਟਿੰਗ ਸੀ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਅਰਵਿੰਦ ਕੁਮਾਰ, ਸੀਆਰੀਪੀਐਫ ਦੇ ਡੀਜੀ ਕੁਲਦੀਪ ਸਿੰਘ, ਬੀਐੱਸਐੱਫ ਮੁਖੀ ਪੰਕਜ ਸਿੰਘ ਅਤੇ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਵੀ ਹਾਜ਼ਰ ਸਨ। ਸ਼ਾਹ ਨੇ ਇਸ ਤੋਂ ਪਹਿਲਾਂ ਉਪ ਰਾਜਪਾਲ ਮਨੋਜ ਸਿਨਹਾ, ਅਰਵਿੰਦ ਕੁਮਾਰ, 'ਰਾਅ' ਦੇ ਸਕੱਤਰ ਸਾਮੰਤ ਗੋਇਲ ਤੇ ਡੀਜੀਪੀ ਦਿਲਬਾਗ ਸਿੰਘ ਨਾਲ ਗੈਰ-ਰਸਮੀ ਮੀਟਿੰਗ ਵੀ ਕੀਤੀ। ਕਾਬਿਲੇਗੌਰ ਹੈ ਕਿ ਟਾਰਗੈੱਟ ਕਿਲਿੰਗ ਤਹਿਤ ਕਸ਼ਮੀਰ ਵਾਦੀ ਵਿੱਚ ਗੈਰ-ਕਸ਼ਮੀਰੀ ਲੋਕਾਂ ਜਿਨ੍ਹਾਂ ਵਿੱਚ ਗੈਰ-ਮੁਸਲਿਮ, ਸਲਾਮਤੀ ਦਸਤਿਆਂ, ਕਲਾਕਾਰ ਤੇ ਆਮ ਲੋਕ ਸ਼ਾਮਲ ਹਨ, ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਜਸਥਾਨ ਨਾਲ ਸਬੰਧਤ ਬੈਂਕ ਮੁਲਾਜ਼ਮ ਤੇ ਇੱਟਾਂ ਦੇ ਭੱਠੇ ਉੱਤੇ ਕੰਮ ਕਰਦੇ ਬਿਹਾਰੀ ਮਜ਼ਦੂਰ ਨੂੰ ਦਹਿਸ਼ਤਗਰਦਾਂ ਨੇ ਲੰਘੇ ਦਿਨ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਸੀ ਜਦੋਂਕਿ ਇਕ ਮਜ਼ਦੂਰ ਜ਼ਖ਼ਮੀ ਹੋ ਗਿਆ ਸੀ। ਪਹਿਲੀ ਮਈ ਤੋਂ ਹੁਣ ਤੱਕ ਟਾਰਗੈੱਟ ਕਿਲਿੰਗ ਤਹਿਤ 9 ਹੱਤਿਆਵਾਂ ਹੋ ਚੁੱਕੀਆਂ ਹਨ। -ਪੀਟੀਆਈ



Most Read

2024-09-20 00:59:04