Breaking News >> News >> The Tribune


ਵਿਸ਼ਵ ਲਈ ਭਰੋਸੇਯੋਗ ਭਾਈਵਾਲ ਬਣ ਸਕਦੈ ਭਾਰਤ: ਮੋਦੀ


Link [2022-06-04 16:16:17]



ਲਖਨਊ, 3 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਤੀਜੇ ਉੱਤਰ ਪ੍ਰਦੇਸ਼ ਨਿਵੇਸ਼ਕ ਸੰਮੇਲਨ ਦੇ ਉਦਘਾਟਨ ਮੌਕੇ ਕਿਹਾ ਕਿ ਦੁਨੀਆ ਅੱਜ ਜਿਸ ਭਰੋਸੇਯੋਗ ਭਾਈਵਾਲ ਦੀ ਤਲਾਸ਼ ਕਰ ਰਹੀ ਹੈ, ਉਸ 'ਤੇ ਖਰਾ ਉਤਰਨ ਦੀ ਸਮਰੱਥਾ ਸਿਰਫ਼ ਭਾਰਤ ਕੋਲ ਹੈ। ਉਨ੍ਹਾਂ ਕਿਹਾ ਕਿ ਭਾਰਤ ਜੀ-20 ਅਰਥਚਾਰਿਆਂ 'ਚ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਸੰਮੇਲਨ ਦੌਰਾਨ 80 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਦੇ 1406 ਪ੍ਰਾਜੈਕਟਾਂ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੁਨੀਆ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਰਤ ਲਈ ਵੱਡੇ ਮੌਕੇ ਹਨ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਸੰਮੇਲਨ 'ਚ ਗੌਤਮ ਅਡਾਨੀ, ਕੁਮਾਰ ਮੰਗਲਮ ਬਿਰਲਾ ਅਤੇ ਹੋਰ ਵੱਡੇ ਕਾਰੋਬਾਰੀ ਹਿੱਸਾ ਲੈ ਰਹੇ ਹਨ।

ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਹੋਰ ਹਸਤੀਆਂ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਪਰਚੂਨ ਸੂਚਕ ਅੰਕ 'ਚ ਭਾਰਤ ਦੂਜੇ ਨੰਬਰ 'ਤੇ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਦਾ ਖਪਤਕਾਰ ਮੁਲਕ ਹੈ। 'ਪਿਛਲੇ ਸਾਲ ਦੁਨੀਆ ਦੇ 100 ਤੋਂ ਜ਼ਿਆਦਾ ਮੁਲਕਾਂ ਤੋਂ 84 ਅਰਬ ਡਾਲਰ ਦਾ ਰਿਕਾਰਡ ਸਿੱਧਾ ਵਿਦੇਸ਼ ਨਿਵੇਸ਼ ਆਇਆ ਹੈ। ਭਾਰਤ ਨੇ ਪਿਛਲੇ ਵਿੱਤੀ ਵਰ੍ਹੇ 'ਚ 417 ਅਰਬ ਡਾਲਰ ਯਾਨੀ 30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਵਸਤਾਂ ਦੀ ਬਰਾਮਦ ਕਰਕੇ ਨਵਾਂ ਰਿਕਾਰਡ ਬਣਾਇਆ ਹੈ।' ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਅੱਠ ਸਾਲਾਂ ਦੇ ਰਾਜ ਦੌਰਾਨ 'ਰਿਫਾਰਮ, ਪਰਫਾਰਮ, ਟਰਾਂਸਫਾਰਮ' ਦੇ ਮੰਤਰ ਨਾਲ ਅੱਗੇ ਵਧੀ ਹੈ। ਅਸੀਂ ਨੀਤੀਗਤ ਸਥਿਰਤਾ, ਤਾਲਮੇਲ ਅਤੇ ਆਸਾਨੀ ਨਾਲ ਕਾਰੋਬਾਰ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ, ''ਅਸੀਂ ਸੁਧਾਰਾਂ ਰਾਹੀਂ ਭਾਰਤ ਨੂੰ ਮਜ਼ਬੂਤ ਰਾਸ਼ਟਰ ਬਣਾਉਣ ਲਈ ਕੰਮ ਕੀਤਾ। ਅਸੀਂ ਇਕ ਰਾਸ਼ਟਰ-ਇਕ ਟੈਕਸ (ਜੀਐੱਸਟੀ), ਇਕ ਰਾਸ਼ਟਰ-ਇਕ ਗਰਿਡ, ਇਕ ਰਾਸ਼ਟਰ-ਇਕ ਮੋਬੀਲਿਟੀ ਕਾਰਡ, ਇਕ ਰਾਸ਼ਟਰ-ਇਕ ਰਾਸ਼ਨ ਕਾਰਡ 'ਤੇ ਜ਼ੋਰ ਦਿੱਤਾ। ਇਹ ਕੋਸ਼ਿਸ਼ਾਂ ਸਾਡੀਆਂ ਮਜ਼ਬੂਤ ਅਤੇ ਸਪੱਸ਼ਟ ਨੀਤੀਆਂ ਦਾ ਪਰਛਾਵਾਂ ਹਨ।'' ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵਿਕਾਸ ਲਈ ਡਬਲ ਇੰਜਣ ਸਰਕਾਰ ਬੁਨਿਆਦੀ ਢਾਂਚੇ, ਨਿਵੇਸ਼ ਅਤੇ ਮੈਨੂੰਫੈਕਚਰਿੰਗ 'ਤੇ ਕੰਮ ਕਰ ਰਹੀ ਹੈ। ਆਪਟੀਕਲ ਫਾਈਬਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜੁੜੇ ਪਿੰਡਾਂ ਦੀ ਗਿਣਤੀ ਪੌਣੇ ਦੋ ਲੱਖ ਤੋਂ ਪਾਰ ਹੋ ਗਈ ਹੈ। ਬ੍ਰਾਡਬੈਂਡ ਦੇ ਗਾਹਕਾਂ ਦੀ ਗਿਣਤੀ ਵਧ ਕੇ 78 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੇ ਚੋਣਵੇਂ ਮੁਲਕਾਂ 'ਚ ਸ਼ੁਮਾਰ ਹੈ ਜਿਥੇ ਡੇਟਾ ਸਸਤਾ ਹੈ। -ਪੀਟੀਆਈ

ਵਿਸ਼ਵ ਸਾਈਕਲ ਦਿਵਸ: ਟਿਕਾਊ ਜੀਵਨ ਸ਼ੈਲੀ ਲਈ ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈਣ ਲੋਕ: ਮੋਦੀ

ਨਵੀਂ ਦਿੱਲੀ: ਵਿਸ਼ਵ ਸਾਈਕਲ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਟਿਕਾਊ ਅਤੇ ਸਿਹਤਮੰਦ ਜੀਵਨ ਸ਼ੈਲੀ ਵਾਸਤੇ ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈਣ ਲਈ ਆਖਿਆ ਹੈ। ਸ੍ਰੀ ਮੋਦੀ ਨੇ ਟਵਿੱਟਰ 'ਤੇ ਸੁਨੇਹੇ ਵਿੱਚ ਮਹਾਤਮਾ ਗਾਂਧੀ ਦੀ ਸਾਈਕਲ ਚਲਾਉਣ ਸਮੇਂ ਦੀ ਤਸਵੀਰ ਸਾਂਝੀ ਕੀਤੀ ਹੈ। ਮੋਦੀ ਨੇ ਟਵੀਟ ਕੀਤਾ, ''ਵਾਤਾਵਰਨ ਲਈ ਜੀਵਨ ਸ਼ੈਲੀ (ਜ਼ਿੰਦਗੀ)। ਅੱਜ ਸਾਈਕਲ ਦਿਵਸ ਹੈ ਅਤੇ ਇਸ ਮੌਕੇ ਟਿਕਾਊ ਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਮਹਾਤਮਾ ਗਾਂਧੀ ਤੋਂ ਬੇਹਤਰ ਪ੍ਰੇਰਨਾ ਕੌਣ ਦੇ ਸਕਦਾ ਹੈ।'' ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਜਨਰਲ ਕੌਂਸਲ ਨੇ ਲੋਕਾਂ ਨੂੰ ਆਵਾਜਾਈ ਦੇ ਸਧਾਰਨ ਅਤੇ ਵਧੀਆ ਸਾਧਨ ਸਾਈਕਲ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ 2018 ਵਿੱਚ 3 ਜੂਨ ਨੂੰ ਸਾਈਕਲ ਦਿਵਸ ਐਲਾਨਿਆ ਸੀ। ਸਾਈਕਲ ਨੂੰ 'ਵਾਤਾਵਰਨ ਫਰੈਂਡਲੀ' ਵੀ ਮੰਨਿਆ ਜਾਂਦਾ ਹੈ। -ਪੀਟੀਆਈ



Most Read

2024-09-19 19:40:22