Breaking News >> News >> The Tribune


ਭਾਰਤ ਵੱਲੋਂ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਰਿਪੋਰਟ ਖਾਰਜ


Link [2022-06-04 16:16:17]



ਨਵੀਂ ਦਿੱਲੀ, 3 ਜੂਨ

ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੀ ਰਿਪੋਰਟ 'ਚ ਆਪਣੀ ਕੀਤੀ ਗਈ ਆਲੋਚਨਾ ਨੂੰ ਨਕਾਰਦਿਆਂ ਭਾਰਤ ਨੇ ਕਿਹਾ ਹੈ ਕਿ ਉਹ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਮਹੱਤਵ ਦਿੰਦਾ ਹੈ ਅਤੇ ਇਹ ਮੰਦਭਾਗੀ ਗੱਲ ਹੈ ਕਿ ਕੌਮਾਂਤਰੀ ਸਬੰਧਾਂ 'ਚ ਵੋਟ ਬੈਂਕ ਦੀ ਸਿਆਸਤ ਕੀਤੀ ਜਾ ਰਹੀ ਹੈ। ਭਾਰਤ ਨੇ ਰਿਪੋਰਟ 'ਤੇ ਪ੍ਰਤੀਕਰਮ ਦਿੰਦਿਆਂ ਅਮਰੀਕਾ 'ਚ ਨਸਲੀ, ਨਫ਼ਰਤੀ ਹਮਲਿਆਂ ਅਤੇ ਬੰਦੂਕ ਆਧਾਰਿਤ ਹਿੰਸਾ 'ਤੇ ਚਿੰਤਾ ਜਤਾਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਬਾਰੇ ਰਿਪੋਰਟ ਪੱਖਪਾਤੀ ਵਿਚਾਰਾਂ ਅਤੇ ਤੱਥਾਂ ਤੋਂ ਦੂਰ ਜਾਣਕਾਰੀ ਤੋਂ ਪ੍ਰੇਰਿਤ ਹੈ। ਬਾਗਚੀ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਵਿਦੇਸ਼ ਵਿਭਾਗ ਦੀ ਸਾਲਾਨਾ ਧਾਰਮਿਕ ਆਜ਼ਾਦੀ ਬਾਰੇ ਰਿਪੋਰਟ ਅਤੇ ਕੁਝ ਸੀਨੀਅਰ ਅਧਿਕਾਰੀਆਂ ਦੀ ਗਲਤ ਸੂਚਨਾ 'ਤੇ ਆਧਾਰਿਤ ਟਿੱਪਣੀਆਂ ਨੂੰ ਦੇਖਿਆ ਹੈ। 'ਇਹ ਮੰਦਭਾਗੀ ਗੱਲ ਹੈ ਕਿ ਕੌਮਾਂਤਰੀ ਸਬੰਧਾਂ 'ਚ ਵੋਟ ਬੈਂਕ ਦੀ ਸਿਆਸਤ ਕੀਤੀ ਜਾ ਰਹੀ ਹੈ। ਅਸੀਂ ਬੇਨਤੀ ਕਰਾਂਗੇ ਕਿ ਪ੍ਰੇਰਿਤ ਜਾਣਕਾਰੀ ਅਤੇ ਪੱਖਪਾਤੀ ਵਿਚਾਰਾਂ ਦੇ ਆਧਾਰ 'ਤੇ ਮੁਲਾਂਕਣ ਤੋਂ ਬਚਿਆ ਜਾਣਾ ਚਾਹੀਦਾ ਹੈ।' ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਇਕ ਸੁਭਾਵਿਕ ਬਹੁਲਵਾਦੀ ਸਮਾਜ ਹੋਣ ਕਾਰਨ ਭਾਰਤ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਨੂੰ ਤਰਜੀਹ ਦਿੰਦਾ ਹੈ।

ਅਮਰੀਕਾ ਨੇ ਉਠਾਏ ਸਨ ਸਵਾਲ

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀ ਭਾਰਤ ਵਿੱਚ ਲੋਕਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਉੱਤੇ ਹਮਲੇ ਵੱਧ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਅਮਰੀਕਾ ਦੁਨੀਆ ਭਰ ਵਿੱਚ ਧਾਰਮਿਕ ਆਜ਼ਾਦੀ ਲਈ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਚੀਨ ਸਮੇਤ ਹੋਰ ਏਸ਼ਿਆਈ ਮੁਲਕਾਂ 'ਚ ਵੀ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਲਿੰਕਨ ਨੇ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਸਾਲਾਨਾ ਰਿਪੋਰਟ ਜਾਰੀ ਕਰਨ ਦੌਰਾਨ ਕਿਹਾ ਕਿ ਭਾਰਤ ਦੇ ਨਾਲ ਹੀ ਵੀਅਤਨਾਮ ਅਤੇ ਨਾਇਜੀਰੀਆ 'ਚ ਵੀ ਧਾਰਮਿਕ ਆਜ਼ਾਦੀ ਖ਼ਤਰੇ ਹੇਠ ਹੈ। ਉਨ੍ਹਾਂ ਕਿਹਾ ਕਿ ਮੋਰੱਕੋ, ਤਾਇਵਾਨ, ਇਰਾਕ ਅਤੇ ਕੁਝ ਹੋਰ ਮੁਲਕਾਂ 'ਚ ਹਾਲਾਤ ਸੁਧਰੇ ਹਨ। ਉਨ੍ਹਾਂ ਦੇ ਬਿਆਨ ਤੋਂ ਬਾਅਦ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਸਫ਼ੀਰ ਰਾਸ਼ਿਦ ਹੁਸੈਨ ਨੇ ਵੀ ਭਾਰਤ ਦਾ ਨਾਮ ਲਿਆ। ਉਨ੍ਹਾਂ ਕਿਹਾ ਕਿ ਭਾਰਤ 'ਚ ਕੁਝ ਅਧਿਕਾਰੀ ਧਾਰਮਿਕ ਆਜ਼ਾਦੀ ਦੇ ਖ਼ਤਰੇ ਨੂੰ ਦਰਕਿਨਾਰ ਕਰ ਰਹੇ ਹਨ ਜਾਂ ਉਸ ਦੀ ਹਮਾਇਤ ਕਰਦੇ ਹਨ। ਹੁਸੈਨ ਦੀ ਫਰਵਰੀ 'ਚ ਉਸ ਸਮੇਂ ਭਾਰਤੀ ਵਿਦੇਸ਼ ਮੰਤਰਾਲੇ ਨੇ ਆਲੋਚਨਾ ਕੀਤੀ ਸੀ ਜਦੋਂ ਉਨ੍ਹਾਂ ਹਿਜਾਬ ਵਿਵਾਦ 'ਤੇ ਟਵੀਟ ਕੀਤਾ ਸੀ। -ਪੀਟੀਆਈ



Most Read

2024-09-19 19:13:36