Breaking News >> News >> The Tribune


ਚੰਪਾਵਤ ਜ਼ਿਮਨੀ ਚੋਣ: ਮੁੱਖ ਮੰਤਰੀ ਧਾਮੀ ਵੱਡੇ ਫਰਕ ਨਾਲ ਜੇਤੂ


Link [2022-06-04 16:16:17]



ਦੇਹਰਾਦੂਨ, 3 ਜੂਨ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਾਂਗਰਸੀ ਉਮੀਦਵਾਰ ਗਹਿਤੋਰੀ ਨੂੰ 55,025 ਹਜ਼ਾਰ ਵੋਟਾਂ ਦੇ ਰਿਕਾਰਡ ਫਰਕ ਨਾਲ ਹਰਾ ਕੇ ਚੰਪਾਵਤ ਜ਼ਿਮਨੀ ਚੋਣ ਜਿੱਤ ਲਈ ਹੈ। ਨਤੀਜਿਆਂ ਦੇ ਐਲਾਨ ਤੋਂ ਤੁਰੰਤ ਬਾਅਦ ਸ੍ਰੀ ਧਾਮੀ ਨੇ ਸੂਬੇ ਦੇ ਲੋਕਾਂ ਦੇ ਧੰਨਵਾਦ ਕਰਦਿਆਂ ਇਸ ਨੂੰ ਉਨ੍ਹਾਂ ਦੇ ਭਰੋਸੇ ਦੀ ਜਿੱਤ ਕਰਾਰ ਦਿੱਤਾ ਹੈ। ਚੰਪਾਵਤ ਜ਼ਿਮਨੀ ਚੋਣ ਲਈ ਵੋਟਾਂ 31 ਨੂੰ ਪਈਆਂ ਸਨ ਅਤੇ 64 ਫ਼ੀਸਦੀ ਪੋਲਿੰਗ ਹੋਈ ਸੀ।

ਚੰਪਾਵਤ ਵਿੱਚ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਪੁਸ਼ਕਰ ਧਾਮੀ ਨੇ 58,258 ਵੋਟਾਂ ਹਾਸਲ ਕਰਦਿਆਂ ਨਿਰਮਲਾ ਗਹਿਤੋਰੀ ਜਿਨ੍ਹਾਂ ਨੂੰ ਸਿਰਫ਼ 3,233 ਵੋਟਾਂ ਮਿਲੀਆਂ, ਨੂੰ 58,258 ਵੋਟਾਂ ਦੇ ਰਿਕਾਰਡ ਫਰਕ ਨਾਲ ਮਾਤ ਦਿੱਤੀ। ਉਨ੍ਹਾਂ ਦੱਸਿਆ ਕਿ ਨਿਰਮਲਾ ਗਹਿਤੋਰੀ ਦੀ ਜ਼ਮਾਨਤ ਜ਼ਬਤ ਹੋ ਗਈ ਹੈ।

ਦੱਸਣਯੋਗ ਹੈ ਕਿ ਉੱਤਰਾਖੰਡ ਵਿੱਚ ਜ਼ਿਮਨੀ ਚੋਣ ਲੜਨ ਵਾਲਾ ਕੋਈ ਵੀ ਮੁੱਖ ਮੰਤਰੀ ਹੁਣ ਤੱਕ ਨਹੀਂ ਹਾਰਿਆ ਹੈ ਅਤੇ ਪਹਾੜੀ ਸੂਬੇ ਵਿੱੱਚ ਜ਼ਿਮਨੀ ਚੋਣ ਵਿੱਚ ਕਿਸੇ ਮੁੱਖ ਮੰਤਰੀ ਦੀ ਇਹ ਸਭ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ 2012 ਵਿੱਚ ਕਾਂਗਰਸ ਦੀ ਟਿਕਟ 'ਤੇ ਵਿਜੈ ਬਹੁਗੁਣਾ ਨੇ ਸਿਤਾਰਗੰਜ ਸੀਟ ਤੋਂ ਜ਼ਿਮਨੀ ਚੋਣ 40,000 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਪੁਸ਼ਕਰ ਸਿੰਘ ਧਾਮੀ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਖਾਤੀਮਾ ਸੀਟ ਤੋਂ ਚੋਣ ਹਾਰ ਗਏ ਸਨ। ਮੁੱਖ ਮੰਤਰੀ ਬਣੇ ਰਹਿਣ ਲਈ ਸੰਵਿਧਾਨ ਤਹਿਤ ਉਨ੍ਹਾਂ ਨੂੰ ਜ਼ਿਮਨੀ ਲੜ ਕੇ ਵਿਧਾਨ ਸਭਾ ਦਾ ਮੈਂਬਰ ਬਣਨ ਦੀ ਲੋੜ ਸੀ।

ਧਾਮੀ ਨੇ ਇੱਕ ਬਿਆਨ ਵਿੱਚ ਕਿਹਾ, ''ਇਹ ਜਿੱਤ ਮੇਰੇ ਲਈ ਖ਼ੁਦ ਨੂੰ ਸੂਬੇ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕਰਨ ਦਾ ਫਤਵਾ ਹੈ। ਮੈਂ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਲਗਾਤਾਰ ਮਾਰਗਦਰਸ਼ਨ ਸਦਕਾ ਮੈਨੂੰ ਲੋਕਾਂ ਦਾ ਪਿਆਰ ਤੇ ਆਸ਼ੀਰਵਾਦ ਮਿਲਿਆ।'' -ਪੀਟੀਆਈ

ਪ੍ਰਧਾਨ ਮੰਤਰੀ, ਯੋਗੀ, ਸ਼ਿਵਰਾਜ ਚੌਹਾਨ ਨੇ ਧਾਮੀ ਨੂੰ ਵਧਾਈ ਦਿੱਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਅਸਾਮ ਦੇ ਮੁੱਖ ਮੰਤਰੀਆਂ ਕ੍ਰਮਵਾਰ ਯੋਗੀ ਆਦਿੱਤਿਆਨਾਥ, ਸ਼ਿਵਰਾਜ ਸਿੰਘ ਚੌਹਾਨ ਤੇ ਹਿਮੰਤਾ ਬਿਸਵਾ ਸਰਮਾ ਤੋਂ ਇਲਾਵਾ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਪੁਸ਼ਕਰ ਸਿੰਘ ਧਾਮੀ ਨੂੰ ਚੰਪਾਵਤ ਜ਼ਿਮਨੀ ਚੋਣ ਵਿੱਚ ਜਿੱਤ ਦੀ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕੀਤਾ, ''ਮੈਨੂੰ ਯਕੀਨ ਹੈ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਦੇ ਵਿਕਾਸ ਲਈ ਸਖ਼ਤ ਮਿਹਨਤ ਕਰਨਗੇ। ਭਾਜਪਾ 'ਤੇ ਭਰੋਸੇ ਲਈ ਮੈਂ ਚੰਪਾਵਤ ਦੇ ਲੋਕਾਂ ਦਾ ਧੰਨਵਾਦ ਤੇ ਪਾਰਟੀ ਕਾਰਕੁਨਾਂ ਦੀ ਮਿਹਨਤ ਦੀ ਸ਼ਲਾਘਾ ਕਰਦਾ ਹਾਂ।''



Most Read

2024-09-19 19:26:12