Breaking News >> News >> The Tribune


ਸ਼ਿਵ ਸੈਨਾ ਵੱਲੋਂ ਭਾਗਵਤ ਦੇ ‘ਮਸਜਿਦ ’ਚ ਸ਼ਿਵਲਿੰਗ’ ਬਾਰੇ ਬਿਆਨ ਦੀ ਹਮਾਇਤ


Link [2022-06-04 16:16:17]



ਮੁੰਬਈ, 3 ਜੂਨ

ਸ਼ਿਵ ਸੈਨਾ ਨੇ ਆਰਐੈੱਸਐੈੱਸ ਮੁਖੀ ਮੋਹਨ ਭਾਗਵਤ ਦੇ ਇਸ ਬਿਆਨ ਦੀ ਹਮਾਇਤ ਕੀਤੀ ਹੈ ਕਿ ''ਹਰ ਮਸਜਿਦ ਵਿੱਚ 'ਸ਼ਿਵ ਲਿੰਗ' ਲੱਭਣ ਅਤੇ ਨਿੱਤ ਨਵਾਂ ਕਲੇਸ਼ ਛੇੜਨ ਦੀ ਕੋਈ ਲੋੜ ਨਹੀਂ ਹੈ''। ਭਾਗਵਤ ਨੇ ਕਿਹਾ ਸੀ ਕਿ ਇਹਦੀ ਥਾਂ ਸਾਰਾ ਧਿਆਨ ਇਸ ਪਾਸੇ ਹੋਣਾ ਚਾਹੀਦਾ ਹੈ ਕਿ ਕਸ਼ਮੀਰੀ ਪੰਡਿਤਾਂ ਦੀਆਂ ਜਾਨਾਂ ਕਿਵੇਂ ਬਚਾਈਆਂ ਜਾ ਸਕਦੀਆਂ ਹਨ।

ਭਾਗਵਤ ਨੇ ਇਹ ਗੱਲਾਂ ਵੀਰਵਾਰ ਨੂੰ ਨਾਗਪੁਰ ਵਿੱਚ ਆਰਐੱਸਐੱਸ ਹੈੱਡਕੁਆਰਟਰ 'ਤੇ ਆਫੀਸਰ ਸਿਖਲਾਈ ਕੈਂਪ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀਆਂ ਸਨ। ਸ਼ਿਵ ਸੈਨਾ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਕਸ਼ਮੀਰੀ ਪੰਡਿਤ ਇਕ ਵਾਰ ਫਿਰ ਵਾਦੀ 'ਚੋਂ ਭੱਜ ਰਹੇ ਹਨ। ਉਨ੍ਹਾਂ ਭਾਜਪਾ 'ਤੇ ਤਨਜ਼ ਕਸਦਿਆਂ ਕਿਹਾ ਕਿ ਹੁਣ 'ਕਸ਼ਮੀਰ ਫਾਈਲਜ਼ 2' ਬਣਨੀ ਚਾਹੀਦੀ ਹੈ, ਜਿਸ ਵਿੱਚ ਇਹ ਵਿਖਾਇਆ ਜਾਵੇ ਕਿ ਕਸ਼ਮੀਰੀ ਪੰਡਿਤਾਂ ਦੀ ਮੌਜੂਦਾ ਹਾਲਤ ਲਈ ਕੌਣ ਜ਼ਿੰਮੇਵਾਰ ਹੈ। ਰਾਊਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਦਿ ਕਸ਼ਮੀਰ ਫਾਈਲਜ਼' ਦੀ ਖੁੱਲ੍ਹ ਕੇ ਹਮਾਇਤ ਕੀਤੀ, ਜਿਸ ਨਾਲ ਫ਼ਿਲਮ ਦਾ ਨਿਰਮਾਤਾ 400-500 ਕਰੋੜ ਰੁਪਏ ਦੀ ਕਮਾਈ ਕਰਨ ਵਿੱਚ ਸਫ਼ਲ ਰਿਹਾ, ਪਰ ਕਸ਼ਮੀਰੀ ਪੰਡਿਤਾਂ ਦੇ ਹਾਲਾਤ ਨਹੀਂ ਸੁਧਰੇ। ਰਾਊਤ ਨੇ ਕਿਹਾ, ''ਮੈਂ ਉਨ੍ਹਾਂ (ਭਾਗਵਤ) ਦੇ ਬਿਆਨ ਦੀ ਹਮਾਇਤ ਕਰਦਾ ਹਾਂ। ਨਿੱਤ ਦਾ ਘੜਮੱਸ ਖ਼ਤਮ ਹੋਣਾ ਚਾਹੀਦਾ ਹੈ, ਨਹੀਂ ਤਾਂ ਫਿਰ ਇਹ ਦੇਸ਼ ਨੂੰ ਸੱਟ ਮਾਰੇਗਾ। ਸ਼ਿਵ ਲਿੰਗ ਲੱਭਣ ਦੀ ਥਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਸ਼ਮੀਰੀਆਂ ਦੀਆਂ ਜ਼ਿੰਦਗੀਆਂ ਕਿਵੇਂ ਬਚਾ ਸਕਦੇ ਹਾਂ...ਕਸ਼ਮੀਰੀ ਪੰਡਿਤਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।'' ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਹਾਲਾਤ 'ਕਾਫ਼ੀ ਗੰਭੀਰ' ਹਨ। ਰਾਊਤ ਨੇ ਕਿਹਾ ਕਿ ਸਰਕਾਰ ਯਤਨ ਕਰ ਰਹੀ ਹੈ, ਪਰ ਹਾਲਾਤ ਮੁੜ 1990 ਵਾਲੇ ਬਣਨ ਲੱਗੇ ਹਨ ਜਦੋਂਕਿ ਵੱਡੀ ਗਿਣਤੀ ਕਸ਼ਮੀਰੀ ਪੰਡਿਤ ਵਾਦੀ 'ਚੋਂ ਹਿਜਰਤ ਕਰ ਗੲੇ ਸਨ। ਇਸ ਦੌਰਾਨ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਕਸ਼ਮੀਰ ਵਾਦੀ 'ਚ ਰਹਿੰਦੇ ਹਿੰਦੂਆਂ ਤੇ ਪਰਵਾਸੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। -ਪੀਟੀਆਈ

ਭਾਗਵਤ ਦਾ ਬਿਆਨ ਲੋਕਾਂ ਲਈ ਨਹੀਂ, ਭਾਜਪਾ ਕਾਰਕੁਨਾਂ ਲਈ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ 'ਹਰ ਮਸਜਿਦ ਵਿੱਚ ਸ਼ਿਵ ਲਿੰਗ ਨਾ ਲੱਭਣ ਦੀ ਲੋੜ' ਬਾਰੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੈੱਸਐੱਸ) ਮੁਖੀ ਮੋਹਨ ਭਾਗਵਤ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਸੰਘ ਪ੍ਰਮੁੱਖ ਨੂੰ ਭਾਜਪਾ ਕਾਰਕੁਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਦੇਸ਼ ਦੀ ਅਖੰਡਤਾ ਤੇ ਏਕਤਾ ਅਹਿਮ ਹੈ ਅਤੇ ਵਾਰ ਵਾਰ ਧਿਆਨ ਵੰਡਾਉਣ ਲਈ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਦੇਸ਼ ਲਈ ਨੁਕਸਾਨਦਾਇਕ ਹੈ। ਪਾਰਟੀ ਆਗੂ ਤੇ ਸੰਸਦ ਮੈਂਬਰ ਵਿਵੇਕ ਤਨਖਾ ਨੇ ਕਿਹਾ, ''ਭਾਗਵਤ ਜੀ ਦਾ ਜਿਹੜਾ ਬਿਆਨ ਹੈ, ਉਹ ਉਨ੍ਹਾਂ ਨੇ ਆਪਣੀ ਪਾਰਟੀ (ਭਾਜਪਾ) ਦੇ ਕਾਰਕੁਨਾਂ ਲਈ ਦਿੱਤਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਸਮੱਸਿਆ ਉਨ੍ਹਾਂ ਦੀ ਪਾਰਟੀ ਦੇ ਕਾਰਕੁਨਾਂ ਦੀ ਹੈ, ਭਾਰਤ ਦੇ ਲੋਕਾਂ ਦੀ ਨਹੀਂ। ਦੇਸ਼ ਦੇ ਲੋਕ ਸਭ ਕੁਝ ਚੰਗੀ ਤਰ੍ਹਾਂ ਸਮਝਦੇ ਹਨ।'' ਉਨ੍ਹਾਂ ਕਿਹਾ, ''ਭਾਗਵਤ ਜੀ ਆਪਣੀ ਪਾਰਟੀ ਦੇ ਕਾਰਕੁਨਾਂ ਨੂੰ ਸਮਝਾਉਣ ਕਿ ਅੱਜ ਦੇਸ਼ ਦੀ ਅਖੰਡਤਾ ਤੇ ਏਕਤਾ ਵਧੇਰੇ ਅਹਿਮ ਹੈ ਤੇ ਵਾਰ ਵਾਰ ਧਿਆਨ ਵੰਡਾਉਣਾ ਨੁਕਸਾਨਦਾਇਕ ਹੈ। ਅੱਜ ਮਹਿੰਗਾਈ, ਬੇਰੁਜ਼ਗਾਰੀ, ਮਹਿਲਾ ਸਸ਼ਕਤੀਕਰਨ, ਨੌਜਵਾਨ ਵਿਕਾਸ, ਐੱਸਸੀ/ਐੱਸਟੀ, ਓਬੀਸੀ ਦਾ ਉਭਾਰ ਜਿਹੇ ਮੁੱਦੇ ਅਹਿਮ ਹਨ।'' -ਪੀਟੀਆਈ



Most Read

2024-09-19 19:40:34