World >> The Tribune


ਚੋਣਾਂ ਦਾ ਐਲਾਨ ਨਾ ਕੀਤਾ ਤਾਂ ਖਾਨਾਜੰਗੀ ਦੇ ਹਾਲਾਤ ਬਣਨਗੇ: ਇਮਰਾਨ


Link [2022-06-04 00:38:51]



ਇਸਲਾਮਾਬਾਦ, 2 ਜੂਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਵੇਂ ਸਿਰੇ ਤੋਂ ਚੋਣਾਂ ਦਾ ਐਲਾਨ ਨਾ ਕੀਤਾ ਗਿਆ ਤਾਂ ਦੇਸ਼ ਵਿੱਚ ਸੀਤ ਯੁੱਧ ਦੇ ਹਾਲਾਤ ਪੈਦਾ ਹੋ ਜਾਣਗੇ।

'ਦਿ ਡਾਅਨ' ਅਖ਼ਬਾਰ ਦੀ ਖ਼ਬਰ ਅਨੁਸਾਰ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਨੇ 'ਬੋਲ ਨਿਊਜ਼' ਨੂੰ ਬੁੱਧਵਾਰ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਉਨ੍ਹਾਂ ਦੀ ਪਾਰਟੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਚੋਣਾਂ ਦੀ ਮੰਗ ਨੂੰ ਲੈ ਕੇ ਇਕ ਹੋਰ ਮਾਰਚ ਕੱਢਣ ਦਾ ਜਲਦੀ ਐਲਾਨ ਕਰਨਗੇ।

ਉਨ੍ਹਾਂ ਚਿਤਾਵਨੀ ਦਿੱਤੀ, ''ਅਸੀਂ ਦੇਖਾਂਗੇ ਕਿ ਕੀ ਉਹ ਸਾਨੂੰ ਕਾਨੂੰਨੀ ਅਤੇ ਸੰਵਿਧਾਨਕ ਤਰੀਕਿਆਂ ਨਾਲ ਚੋਣਾਂ ਕਰਵਾਉਣ ਦੀ ਇਜਾਜ਼ਤ ਦਿੰਦੇ ਹਨ ਜਾਂ ਨਹੀਂ। ਅਜਿਹਾ ਨਾ ਹੋਇਆ ਤਾਂ ਦੇਸ਼ ਵਿੱਚ ਸੀਤ ਯੁੱਧ ਵਰਗੇ ਹਾਲਾਤ ਪੈਦਾ ਹੋ ਜਾਣਗੇ।'' ਖਾਨ ਨੇ ਕਿਹਾ ਕਿ ਕੌਮੀ ਅਸੈਂਬਲੀ ਵਿੱਚ ਪਰਤਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਅਜਿਹਾ ਕਰਨ ਦਾ ਮਤਲਬ ਹੋਵੇਗਾ ਕਿ ਉਨ੍ਹਾਂ ਨੇ ਉਸ ਸਾਜ਼ਿਸ਼ ਨੂੰ ਸਵੀਕਾਰ ਕਰ ਲਿਆ ਹੈ ਜਿਸ ਤਹਿਤ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਖਾਨ ਨੂੰ ਅਪਰੈਲ ਮਹੀਨੇ ਵਿੱਚ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਬੇਭਰੋਸਗੀ ਮਤੇ ਰਾਹੀਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਉਸ ਦੇ ਬਾਅਦ ਤੋਂ ਹੀ ਇਮਰਾਨ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। -ਪੀਟੀਆਈ

ਸ਼ਰੀਫ਼ ਵੱਲੋਂ ਇਮਰਾਨ ਨੂੰ ਚਿਤਾਵਨੀ

ਇਸਲਾਮਾਬਾਦ/ਅੰਕਾਰਾ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪਾਕਿਸਤਾਨ ਨੂੰ ਤਿੰਨ ਟੁੱਕੜਿਆਂ 'ਚ ਵੰਡੇ ਜਾਣ ਸਬੰਧੀ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਹ ਅਹੁਦਾ ਸੰਭਾਲਣ ਦੇ ਯੋਗ ਨਹੀਂ ਸਨ। ਪ੍ਰਧਾਨ ਮੰਤਰੀ ਜੋ ਕਿ ਇਸ ਵੇਲੇ ਤੁਰਕੀ ਦੇ ਦੌਰੇ 'ਤੇ ਹਨ, ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ 'ਤੇ ਦੇਸ਼ ਖ਼ਿਲਾਫ਼ ਸ਼ਰੇਆਮ ਧਮਕੀਆਂ ਦੇਣ ਦਾ ਦੋਸ਼ ਲਗਾਇਆ ਅਤੇ ਪਾਕਿਸਤਾਨ ਨੂੰ ਵੰਡਣ ਬਾਰੇ ਗੱਲ ਨਾ ਕਰਨ ਦੀ ਚਿਤਾਵਨੀ ਦਿੱਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ''ਮੈਂ ਇਸ ਵੇਲੇ ਕੁਝ ਸਮਝੌਤੇ ਕਰਨ ਲਈ ਤੁਰਕੀ ਆਇਆ ਹਾਂ, ਇਮਰਾਨ ਨਿਆਜ਼ੀ ਦੇਸ਼ ਨੂੰ ਵੰਡਣ ਦੀਆਂ ਧਮਕੀਆਂ ਦੇ ਰਿਹਾ ਹੈ। ਨਿਆਜ਼ੀ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਯੋਗ ਨਹੀਂ ਸੀ, ਜੇਕਰ ਇਸ ਬਾਰੇ ਕਿਸੇ ਸਬੂਤ ਦੀ ਲੋੜ ਹੈ ਤਾਂ ਉਨ੍ਹਾਂ ਦੀ ਹਾਲ ਦੀ ਇੰਟਰਵਿਊ ਕਾਫੀ ਹੈ।'' ਉਨ੍ਹਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਪਰਸਨ ਨੂੰ ਚਿਤਾਵਨੀ ਦਿੱਤੀ, ''ਆਪਣੀ ਰਾਜਨੀਤੀ ਕਰੋ ਪਰ ਹੱਦ ਪਾਰ ਕਰਨ ਦੀ ਕੋਸ਼ਿਸ਼ ਅਤੇ ਪਾਕਿਸਤਾਨ ਨੂੰ ਵੰਡਣ ਦੀ ਗੱਲ ਨਾ ਕਰਨਾ।'' -ਪੀਟੀਆਈ



Most Read

2024-09-19 19:27:20