Breaking News >> News >> The Tribune


ਸਿਸੋਦੀਆ ਨੂੰ ‘ਝੂਠੇ’ ਕੇਸ ’ਚ ਗ੍ਰਿਫ਼ਤਾਰ ਕਰ ਸਕਦੀ ਹੈ ਕੇਂਦਰ ਸਰਕਾਰ: ਕੇਜਰੀਵਾਲ


Link [2022-06-04 00:38:46]



ਮਨਧੀਰ ਸਿੰਘ ਦਿਓਲਨਵੀਂ ਦਿੱਲੀ, 2 ਜੂਨ

ਮੁੱਖ ਅੰਸ਼

ਦਿੱਲੀ ਦੇ ਉਪ ਮੁੱਖ ਮੰਤਰੀ ਖਿਲਾਫ਼ ਸਾਜ਼ਿਸ਼ ਰਚਣ ਦਾ ਲਾਇਆ ਦੋਸ਼ 'ਆਪ' ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਇਕੋ ਵੇਲੇ ਗ੍ਰਿਫ਼ਤਾਰ ਕਰਨ ਦਾ ਤਨਜ਼ ਕੱਸਿਆ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਹ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮਗਰੋਂ ਹੁਣ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਝੂਠੇ ਕੇਸ ਵਿੱਚ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਸਿਸੋਦੀਆ ਖਿਲਾਫ਼ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਕਿ ਦਿੱਲੀ ਵਿੱਚ ਸਿੱਖਿਆ ਦੇ ਖੇਤਰ 'ਚ ਕੀਤੀ ਤਰੱਕੀ ਨੂੰ ਕਿਸੇ ਤਰੀਕੇ ਰੋਕਿਆ ਜਾ ਸਕੇ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਇਕ ਇਕ ਮੰਤਰੀ ਦੀ ਥਾਂ ਦਿੱਲੀ ਦੀ 'ਆਪ' ਸਰਕਾਰ ਦੇ ਸਾਰੇ ਮੰਤਰੀਆਂ ਨੂੰ ਇਕੋ ਵੇਲੇ ਗ੍ਰਿਫ਼ਤਾਰ ਕਰ ਲੈਣ।

'ਆਪ' ਸੁਪਰੀਮੋ ਨੇ ਕਿਹਾ ਕਿ ਸਿਹਤ ਮੰਤਰੀ ਸਤੇਂਦਰ ਜੈਨ ਦੀ ਗ੍ਰਿਫ਼ਤਾਰੀ ਮਗਰੋਂ ਯਮੁਨਾ ਦੀ ਸਫ਼ਾਈ ਤੇ ਨਵਾਂ ਮੁਹੱਲਾ ਕਲੀਨਿਕ ਖੋਲ੍ਹਣ ਨਾਲ ਜੁੜੇੇ ਸਾਰੇ ਅਹਿਮ ਪ੍ਰਾਜੈਕਟਾਂ ਦਾ ਕੰਮ ਰੁਕ ਕਿਆ ਹੈ। ਪੱਤਰਕਾਰਾਂ ਨਾਲ ਡਿਜੀਟਲ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਕੇਜਰੀਵਾਲ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਸਾਰੀਆਂ ਜਾਂਚ ਏਜੰਸੀਆਂ ਨੂੰ ਮਨੀਸ਼ ਸਿਸੋਦੀਆ ਖ਼ਿਲਾਫ਼ ਕੋਈ ਨਾ ਕੋਈ 'ਫ਼ਰਜ਼ੀ' ਮੁਕੱਦਮਾ ਤਿਆਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਸਾਰੀਆਂ ਜਾਂਚ ਏਜੰਸੀਆਂ ਨੂੰ ਮਨੀਸ਼ ਸਿਸੋਦੀਆ ਖਿਲਾਫ ਕੁਝ ਫਰਜ਼ੀ ਕੇਸ ਤਿਆਰ ਕਰਨ ਲਈ ਕਿਹਾ ਹੈ। ਜਿਸ ਤਰ੍ਹਾਂ ਉਨ੍ਹਾਂ ਸਤੇਂਦਰ ਜੈਨ 'ਤੇ ਝੂਠਾ ਕੇਸ ਬਣਾਇਆ ਹੈ, ਉਸੇ ਤਰ੍ਹਾਂ ਇਹ ਲੋਕ ਮਨੀਸ਼ ਸਿਸੋਦੀਆ 'ਤੇ ਵੀ ਫਰਜ਼ੀ ਕੇਸ ਬਣਾ ਰਹੇ ਹਨ। ਕੇਜਰੀਵਾਲ ਨੇ ਕਿਹਾ, ''ਮੈਂ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਇੱਕ-ਇੱਕ ਕਰਕੇ ਜੇਲ੍ਹ ਵਿੱਚ ਡੱਕਣ ਦੀ ਬਜਾਏ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਇਕੱਠੇ ਜੇਲ੍ਹ ਵਿੱਚ ਡੱਕ ਦਿਓ। ਸਾਰੀ ਜਾਂਚ ਏਜੰਸੀ ਨੂੰ ਕਹੋ ਕਿ ਉਹ ਸਾਰੀ ਜਾਂਚ ਇਕੱਠੇ ਕਰਨ।'' ਉਨ੍ਹਾਂ ਕਿਹਾ ਕਿ ਕੇਸ ਫਰਜ਼ੀ ਹਨ ਅਤੇ ਹੁਣ ਈਡੀ ਦੁਬਾਰਾ ਉਸੇ ਮਾਮਲੇ ਦੀ ਜਾਂਚ ਕਰ ਰਹੀ ਹੈ। ਕੀ ਵੱਖ-ਵੱਖ ਏਜੰਸੀਆਂ ਹਰ ਕੇਸ ਦੀ ਜਾਂਚ ਕਈ ਸਾਲਾਂ ਤੱਕ ਕਰਦੀਆਂ ਰਹਿਣਗੀਆਂ? ਉਨ੍ਹਾਂ ਕਿਹਾ ਕਿ ਸਰਕਾਰ ਫਿਰ ਲੋਕ ਪੱਖੀ ਕੰਮ ਕਦੋਂ ਕਰੇਗੀ?

ਸਤਿੰਦਰ ਜੈਨ ਦੇ ਮੰਤਰਾਲੇ ਸਿਸੋਦੀਆ ਨੂੰ ਦਿੱਤੇ

ਨਵੀਂ ਦਿੱਲੀ (ਪੱਤਰ ਪ੍ਰੇਰਕ): ਮਨੀ ਲਾਂਡਰਿੰਗ ਮਾਮਲੇ 'ਚ ਸਤਿੰਦਰ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਵਿਭਾਗ ਮਨੀਸ਼ ਸਿਸੋਦੀਆ ਨੂੰ ਸੌਂਪ ਦਿੱਤੇ ਗਏ ਹਨ। ਨੋਟੀਫਿਕੇਸ਼ਨ ਅਨੁਸਾਰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਤੋਂ ਬਾਅਦ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੇ ਅੱਧੀ ਦਰਜਨ ਤੋਂ ਵੱਧ ਵਿਭਾਗ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੌਂਪ ਦਿੱਤੇ ਗਏ ਹਨ। ਦੱਸਣਾ ਬਣਦਾ ਹੈ ਕਿ ਸਤਿੰਦਰ ਜੈਨ ਨੂੰ ਈਡੀ ਨੇ ਸੋਮਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਵਿਰੋਧੀ ਧਿਰ ਭਾਜਪਾ ਅਤੇ ਕਾਂਗਰਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਸੀ ਕਿ ਜੈਨ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ।



Most Read

2024-09-20 01:04:41