Breaking News >> News >> The Tribune


ਰਾਜਨਾਥ ਵੱਲੋਂ ਇਜ਼ਰਾਈਲ ਦੇ ਰੱਖਿਆ ਮੰਤਰੀ ਨਾਲ ਗੱਲਬਾਤ


Link [2022-06-04 00:38:46]



ਨਵੀਂ ਦਿੱਲੀ, 2 ਜੂਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਇਜ਼ਰਾਈਲੀ ਹਮਰੁਤਬਾ ਬੈਂਜਾਮਿਨ ਗੈਂਟਜ਼ ਨਾਲ ਵਿਆਪਕ ਪੱਧਰ 'ਤੇ ਗੱਲਬਾਤ ਕੀਤੀ, ਜਿਸ ਵਿੱਚ ਉੱਭਰਦੇ ਹੋਏ ਖੇਤਰੀ ਸੁਰੱਖਿਆ ਦ੍ਰਿਸ਼ ਅਤੇ ਦੁਵੱਲੇ ਗੱਠਜੋੜ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਦੋਹਾਂ ਧਿਰਾਂ ਨੇ ਇਕ 'ਵਿਜ਼ਨ ਸਟੇਟਮੈਂਟ' ਅਪਣਾਉਂਦੇ ਹੋਏ ਰੱਖਿਆ ਤੇ ਫ਼ੌਜੀ ਸਹਿਯੋਗ ਨੂੰ ਵਿਸਥਾਰ ਦੇਣ ਪ੍ਰਤੀ ਆਪੋ-ਆਪਣੀ ਵਚਨਬੱਧਤਾ ਦੁਹਰਾਈ। ਬਾਅਦ ਵਿੱਚ ਗੈਂਟਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੋਵੇਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਤੇਜ਼ੀ ਨਾਲ ਵਧਣ ਸਬੰਧੀ ਸਮੀਖਿਆ ਕੀਤੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗੈਂਟਜ਼ ਵਿਚਕਾਰ ਹੋਈ ਗੱਲਬਾਤ ਦੌਰਾਨ ਭਾਰਤ-ਇਜ਼ਰਾਈਲ ਵਿਚਲੀ ਰਣਨੀਤਕ ਸਾਂਝੇਦਾਰੀ ਤੋਂ ਇਲਾਵਾ ਯੂਕਰੇਨ ਸੰਕਟ ਸਣੇ ਭੂ-ਰਾਜਨੀਤਕ ਮਾਹੌਲ 'ਤੇ ਵੀ ਚਰਚਾ ਕੀਤੀ ਗਈ। ਸ੍ਰੀ ਸਿੰਘ ਨੇ ਗੈਂਟਜ਼ ਨਾਲ ਹੋਈ ਗੱਲਬਾਤ ਨੂੰ ਫਾਇਦੇਮੰਦ ਕਰਾਰ ਦਿੱਤਾ। ਉਨ੍ਹਾਂ ਟਵੀਟ ਕੀਤਾ, ''ਦੁਵੱਲੀ ਮੀਟਿੰਗ ਦੌਰਾਨ ਰੱਖਿਆ ਸਹਿਯੋਗ ਅਤੇ ਵਿਸ਼ਵ ਪੱਧਰੀ ਤੇ ਖੇਤਰੀ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਜ਼ਰਾਈਲ ਨਾਲ ਸਾਡੀ ਡੂੰਘੀ ਰਣਨੀਤਕ ਸਾਂਝੇਦਾਰੀ ਹੈ। ਦੋਹਾਂ ਦੇਸ਼ਾਂ ਨੇ ਇਕ 'ਵਿਜ਼ਨ ਸਟੇਟਮੈਂਟ' ਨੂੰ ਅਪਣਾਇਆ ਹੈ ਜਿਸ ਰਾਹੀਂ ਭਵਿੱਖ ਵਿੱਚ ਰੱਖਿਆ ਸਹਿਯੋਗ ਦਾ ਰਸਤਾ ਖੁੱਲ੍ਹੇਗਾ।'' ਅਧਿਕਾਰੀਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਖਾੜੀ ਖੇਤਰ ਦੀ ਸਥਿਤੀ ਬਾਰੇ ਵੀ ਚਰਚਾ ਹੋਈ। ਇਸ ਤੋਂ ਪਹਿਲਾਂ ਗੈਂਟਜ਼ ਨੇ ਕੌਮੀ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। -ਪੀਟੀਆਈ



Most Read

2024-09-20 00:59:04