Breaking News >> News >> The Tribune


ਈਡੀ ਵੱਲੋਂ ਸੋਨੀਆ ਤੇ ਰਾਹੁਲ ਤਲਬ


Link [2022-06-02 21:59:58]



ਨਵੀਂ ਦਿੱਲੀ, 1 ਜੂਨ

ਮੁੱਖ ਅੰਸ਼

ਵਿਦੇਸ਼ ਵਿੱਚ ਹੋਣ ਕਰਕੇ ਰਾਹੁਲ ਨੇ 5 ਜੂਨ ਤੋਂ ਬਾਅਦ ਦੀ ਤਰੀਕ ਮੰਗੀ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਕੇਸ 'ਚ ਪੁੱਛ-ਪੜਤਾਲ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਨੂੰ ਤਲਬ ਕੀਤਾ ਹੈ। ਰਾਹੁਲ ਗਾਂਧੀ ਨੂੰ ਭਲਕੇ ਯਾਨੀ 2 ਜੂਨ ਅਤੇ ਸੋਨੀਆ ਨੂੰ 8 ਜੂਨ ਨੂੰ ਇਥੇ ਈਡੀ ਦੇ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਸੰਮਨਾਂ ਦੀ ਤਾਮੀਲ ਕੀਤੀ ਜਾਵੇਗੀ। ਸਿੰਘਵੀ ਅਤੇ ਕਾਂਗਰਸ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜਾਂਚ ਏਜੰਸੀ ਨੂੰ ਪੇਸ਼ੀ ਦੀ ਤਰੀਕ 5 ਜੂਨ ਤੋਂ ਬਾਅਦ ਤੱਕ ਟਾਲਣ ਲਈ ਚਿੱਠੀ ਲਿਖੀ ਹੈ ਕਿਉਂਕਿ ਉਹ ਮੁਲਕ 'ਚ ਨਹੀਂ ਹਨ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਸਬੰਧੀ ਐਕਟ ਦੀਆਂ ਧਾਰਾਵਾਂ ਤਹਿਤ ਸੋਨੀਆ ਅਤੇ ਰਾਹੁਲ ਗਾਂਧੀ ਦੇ ਬਿਆਨ ਦਰਜ ਕਰਨਾ ਚਾਹੁੰਦੇ ਹਨ। ਇਹ ਕੇਸ ਪਾਰਟੀ ਸਮਰਥਿਤ 'ਯੰਗ ਇੰਡੀਅਨ' 'ਚ ਕਥਿਤ ਵਿੱਤੀ ਗੜਬੜੀ ਦੀ ਜਾਂਚ ਦੇ ਸਬੰਧ 'ਚ ਹੁਣੇ ਜਿਹੇ ਦਰਜ ਕੀਤਾ ਗਿਆ ਸੀ। ਅਖ਼ਬਾਰ ਨੈਸ਼ਨਲ ਹੈਰਾਲਡ, ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਦਾ ਹੈ। ਨੈਸ਼ਨਲ ਹੈਰਾਲਡ, ਐਸੋਸੀਏਟਿਡ ਜਰਨਲਜ਼ ਲਿਮਿਟਡ (ਏਜੇਐੱਲ) ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਇਸ ਦੀ ਮਾਲਕੀ ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਕੋਲ ਹੈ। ਈਡੀ ਨੇ ਪਿੱਛੇ ਜਿਹੇ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਅਤੇ ਪਵਨ ਬਾਂਸਲ ਕੋਲੋਂ ਵੀ ਪੁੱਛ-ਪੜਤਾਲ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਈਡੀ ਸੋਨੀਆ, ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਪੁੱਛ-ਪੜਤਾਲ ਕਰਕੇ ਵਿੱਤੀ ਲੈਣ-ਦੇਣ, ਯੰਗ ਇੰਡੀਅਨ ਦੇ ਪ੍ਰਮੋਟਰਾਂ ਅਤੇ ਏਜੇਐੱਲ ਦੀ ਭੂਮਿਕਾ ਬਾਰੇ ਪਤਾ ਲਗਾਉਣਾ ਚਾਹੁੰਦੀ ਹੈ। ਹੇਠਲੀ ਅਦਾਲਤ ਵੱਲੋਂ ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਖ਼ਿਲਾਫ਼ ਆਮਦਨ ਕਰ ਵਿਭਾਗ ਦੀ ਜਾਂਚ ਦਾ ਨੋਟਿਸ ਲਏ ਜਾਣ ਮਗਰੋਂ ਏਜੰਸੀ ਨੇ ਪੀਐੱਮਐੱਲਏ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਇਕ ਨਵਾਂ ਕੇਸ ਦਰਜ ਕੀਤਾ ਸੀ। ਭਾਜਪਾ ਆਗੂ ਸੁਬਰਾਮਣੀਅਨ ਸਵਾਮੀ ਨੇ ਇਸ ਸਬੰਧ 'ਚ 2013 'ਚ ਇਕ ਸ਼ਿਕਾਇਤ ਦਰਜ ਕਰਵਾਈ ਸੀ। ਸਵਾਮੀ ਨੇ ਸੋਨੀਆ, ਰਾਹੁਲ ਅਤੇ ਹੋਰਾਂ 'ਤੇ ਧੋਖਾਧੜੀ ਦੀ ਸਾਜ਼ਿਸ਼ ਘੜਨ ਅਤੇ ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਦੇ ਫੰਡ ਦਾ ਗਬਨ ਕਰਨ ਦੀ ਸਾਜ਼ਿਸ਼ ਦਾ ਦੋਸ਼ ਲਾਇਆ ਸੀ। ਸਵਾਮੀ ਨੇ ਇਹ ਵੀ ਦੋਸ਼ ਲਾਇਆ ਸੀ ਕਿ ਯੰਗ ਇੰਡੀਅਨ ਪ੍ਰਾਈਵੇਟ ਲਿਮਿਟਡ ਨੇ 90.25 ਕਰੋੜ ਰੁਪਏ ਦੀ ਵਸੂਲੀ ਦੇ ਅਧਿਕਾਰ ਹਾਸਲ ਕਰਨ ਲਈ ਸਿਰਫ਼ 50 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ ਜੋ ਏਜੇਐੱਲ 'ਤੇ ਕਾਂਗਰਸ ਦਾ ਬਕਾਇਆ ਸੀ। ਸੋਨੀਆ ਅਤੇ ਰਾਹੁਲ ਯੰਗ ਇੰਡੀਅਨ ਦੇ ਪ੍ਰਮੋਟਰਾਂ ਅਤੇ ਸ਼ੇਅਰਧਾਰਕਾਂ 'ਚ ਸ਼ਾਮਲ ਹਨ। ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ ਫਰਵਰੀ 'ਚ ਸਵਾਮੀ ਦੀ ਅਰਜ਼ੀ 'ਤੇ ਸੋਨੀਆ ਅਤੇ ਰਾਹੁਲ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਸੀ। ਸੋਨੀਆ ਅਤੇ ਰਾਹੁਲ ਨੇ 2015 'ਚ 50-50 ਹਜ਼ਾਰ ਰੁਪਏ ਦੀ ਨਿੱਜੀ ਜਾਮਨੀ ਅਤੇ ਇੰਨੀ ਹੀ ਰਕਮ ਦਾ ਬਾਂਡ ਭਰਨ ਤੋਂ ਬਾਅਦ ਅਦਾਲਤ ਤੋਂ ਜ਼ਮਾਨਤ ਮਿਲੀ ਸੀ। ਉਂਜ ਉਨ੍ਹਾਂ ਦਿੱਲੀ ਹਾਈ ਕੋਰਟ 'ਚ ਦਲੀਲ ਦਿੱਤੀ ਕਿ ਸਵਾਮੀ ਦੀ ਅਰਜ਼ੀ ਗਲਤ ਤੱਥਾਂ 'ਤੇ ਆਧਾਰਿਤ ਹੈ। ਸਵਾਮੀ ਵੱਲੋਂ ਦਰਜ ਕਰਵਾਏ ਗਏ ਇਸ ਕੇਸ 'ਚ ਹੋਰ ਮੁਲਜ਼ਮਾਂ 'ਚ ਸੁਮਨ ਦੂਬੇ ਅਤੇ ਸੈਮ ਪਿਤਰੋਦਾ ਸ਼ਾਮਲ ਹਨ। -ਪੀਟੀਆਈ

ਕੇਂਦਰੀ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ: ਅਨੁਰਾਗ ਠਾਕੁਰ

ਨਵੀਂ ਦਿੱਲੀ: ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਨੂੰ ਈਡੀ ਵੱਲੋਂ ਸੰਮਨ ਜਾਰੀ ਹੋਣ ਮਗਰੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸਰਕਾਰੀ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ। ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਸਰਕਾਰੀ ਏਜੰਸੀਆਂ ਦੀ ਵਰਤੋਂ ਕਰਨ ਦੇ ਦੋਸ਼ ਲਾਏ ਜਾਣ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਠਾਕੁਰ ਨੇ ਕਿਹਾ ਕਿ ਏਜੰਸੀਆਂ ਆਪਣਾ ਕੰਮ ਕਰਦੀਆਂ ਹਨ ਅਤੇ ਸਰਕਾਰ ਦਾ ਇਸ 'ਚ ਕੋਈ ਦਖ਼ਲ ਨਹੀਂ ਹੁੰਦਾ ਹੈ। -ਪੀਟੀਆਈ



Most Read

2024-09-20 01:16:22