World >> The Tribune


ਨੇਪਾਲ ਵਿੱਚ ਹਾਦਸਾਗ੍ਰਸਤ ਹੋਏ ਜਹਾਜ਼ ਦਾ ਬਲੈਕ ਬਾਕਸ ਮਿਲਿਆ


Link [2022-06-01 10:42:18]



ਕਾਠਮੰਡੂ, 31 ਮਈ

ਪਹਾੜਾਂ ਬਾਰੇ ਜਾਣਕਾਰੀ ਰੱਖਦੀ ਕੌਮਾਂਤਰੀ ਤੇ ਕੌਮੀ ਗਾਈਡਾਂ ਦੀ ਤਜਰਬੇਕਾਰ ਟੀਮ ਨੇ ਨੇਪਾਲ ਦੇ ਪਹਾੜੀ ਮੁਸਤਾਂਗ ਜ਼ਿਲ੍ਹੇ 'ਚ ਐਤਵਾਰ ਨੂੰ ਹਾਦਸਾਗ੍ਰਸਤ ਹੋਏ ਤਾਰਾ ਏਅਰ ਜਹਾਜ਼ ਦਾ ਬਲੈਕ ਬਾਕਸ ਲੱਭ ਲਿਆ ਹੈ। ਹਾਦਸੇ ਵਿੱਚ ਚਾਰ ਭਾਰਤੀਆਂ ਸਣੇ 22 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਮੁਸਤਾਂਗ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇਤਰਾ ਪ੍ਰਸਾਦ ਸ਼ਰਮਾ ਮੁਤਾਬਕ ਦਸ ਵਿਅਕਤੀਆਂ ਦੀਆਂ ਲਾਸ਼ਾਂ ਸੋਮਵਾਰ ਨੂੰ ਕਾਠਮੰਡੂ ਭੇਜ ਦਿੱਤੀਆਂ ਸਨ ਜਦੋਂਕਿ ਬਾਕੀ ਬਚੀਆਂ ਲਾਸ਼ਾਂ ਹਾਦਸੇ ਵਾਲੇ ਥਾਂ ਤੋਂ ਕੋਬਾਂਗ ਤਬਦੀਲ ਕਰ ਦਿੱਤੀਆਂ ਗਈਆਂ ਹਨ, ਜਿੱਥੋਂ ਇਨ੍ਹਾਂ ਨੂੰ ਹਵਾਈ ਰਸਤੇ ਕਾਠਮੰਡੂ ਲਿਜਾਇਆ ਜਾਵੇਗਾ। ਸਰਕਾਰ ਨੇ ਜਹਾਜ਼ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਸੀਨੀਅਰ ਏਅਰੋਨਾਟੀਕਲ ਇੰਜਨੀਅਰ ਰਤੀਸ਼ ਚੰਦਰ ਲਾਲ ਸੁਮਨ ਦੀ ਅਗਵਾਈ 'ਚ ਪੰਜ ਮੈਂਬਰੀ ਕਮਿਸ਼ਨ ਗਠਿਤ ਕੀਤਾ ਹੈ।

'ਦਿ ਹਿਮਾਲਿਅਨ ਟਾਈਮਜ਼' ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਤਜਰਬੇਕਾਰ ਕੌਮੀ ਤੇ ਕੌਮਾਂਤਰੀ ਗਾਈਡਾਂ ਦੀ ਟੀਮ ਨੇ ਹਾਦਸੇ ਵਾਲੀ ਥਾਂ ਤੋਂ ਓਟਰ 9ਐੱਨ-ਏਈਟੀ ਜਹਾਜ਼ ਦਾ ਬਲੈਕ ਬਾਕਸ ਲਭ ਲਿਆ ਹੈ, ਜਿਸ ਨੂੰ ਜਲਦੀ ਹੀ ਕਾਠਮੰਡੂ ਭੇਜਿਆ ਜਾਵੇਗਾ। ਤਾਰਾ ਏਅਰ ਦਾ ਛੋਟਾ ਜਹਾਜ਼ ਐਤਵਾਰ ਨੂੰ ਖ਼ਰਾਬ ਮੌਸਮ ਕਰਕੇ ਲਾਪਤਾ ਹੋਣ ਮਗਰੋਂ 19 ਘੰਟਿਆਂ ਬਾਅਦ ਸੋਮਵਾਰ ਸਵੇਰੇ ਹਾਦਸਾਗ੍ਰਸਤ ਹਾਲਤ 'ਚ ਮਿਲਿਆ ਸੀ। -ਪੀਟੀਆਈ

ਜਹਾਜ਼ ਦੇ ਮਲਬੇ 'ਚੋਂ ਆਖਰੀ ਲਾਸ਼ ਵੀ ਮਿਲੀ

ਬਚਾਅ ਕਾਰਜਾਂ ਵਿੱਚ ਜੁਟੀ ਟੀਮ ਨੇ ਤਾਰਾ ਏਅਰ ਜਹਾਜ਼ ਦੇ ਮਲਬੇ ਵਾਲੀ ਥਾਂ ਤੋਂ ਆਖਰੀ ਮ੍ਰਿਤਕ ਦੇਹ ਵੀ ਬਰਾਮਦ ਕਰ ਲਈ ਹੈ। ਜਹਾਜ਼ ਵਿੱਚ ਅਮਲੇ ਦੇ 3 ਮੈਂਬਰਾਂ ਸਣੇ ਕੁੱਲ 22 ਵਿਅਕਤੀ ਸਵਾਰ ਸਨ। ਟੀਮ ਨੇ ਲੰਘੇ ਦਿਨ 21 ਲਾਸ਼ਾਂ ਬਰਾਮਦ ਕਰ ਲਈਆਂ ਸਨ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਦੇ ਤਰਜਮਾਨ ਦਿਓਚੰਦਰਾ ਲਾਲ ਕਰਨਾ ਨੇ ਕਿਹਾ, ''ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁਟੀ ਟੀਮ ਵੱਲੋਂ ਅੱਜ ਸਵੇਰੇ ਇਕ ਹੋਰ ਲਾਸ਼ ਬਰਾਮਦ ਕੀਤੇ ਜਾਣ ਨਾਲ, ਹਾਦਸੇ ਵਾਲੀ ਥਾਂ ਤੋਂ ਸਾਰੀਆਂ 22 ਮ੍ਰਿਤਕ ਦੇਹਾਂ ਮਿਲ ਗਈਆਂ ਹਨ।''



Most Read

2024-09-19 16:22:02