World >> The Tribune


ਕੈਨੇਡਾ ’ਚ ਗੰਨ ਕਾਰੋਬਾਰ ਸੀਮਤ ਕਰਨ ਦੀ ਤਿਆਰੀ


Link [2022-06-01 10:42:18]



ਟੋਰਾਂਟੋ, 31 ਮਈ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਪਿਸਤੌਲ ਦੀ ਦਰਾਮਦ, ਖਰੀਦ ਤੇ ਵਿਕਰੀ ਨੂੰ ਸੀਮਤ ਕਰਨ ਲਈ ਅੱਜ ਇੱਕ ਬਿੱਲ ਪੇਸ਼ ਕੀਤਾ ਹੈ। ਟਰੂਡੋ ਨੇ ਕਿਹਾ, 'ਅਸੀਂ ਇਸ ਦੇਸ਼ 'ਚ ਪਿਸਤੌਲਾਂ ਦੀ ਗਿਣਤੀ ਸੀਮਤ ਕਰ ਰਹੇ ਹਾਂ।' ਇਸ ਕਾਨੂੰਨ ਨਾਲ ਨਿੱਜੀ ਮਾਲਕਾਨਾ ਹੱਕ ਵਾਲੀਆਂ ਪਿਸਤੌਲਾਂ ਦੀ ਵਧਦੀ ਗਿਣਤੀ ਨੂੰ ਠੱਲ੍ਹ ਪੈਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ ਕਿਹਾ, 'ਕੈਨੇਡਾ 'ਚ ਕਿਤੇ ਵੀ ਪਿਸਤੌਲ ਖਰੀਦਣਾ, ਵੇਚਣਾ, ਤਬਦੀਲ ਕਰਨਾ ਜਾਂ ਦਰਾਮਦ ਕਰਨਾ ਗ਼ੈਰਕਾਨੂੰਨੀ ਹੋਵੇਗਾ।' ਕੈਨੇਡਾ 'ਚ 1500 ਤਰ੍ਹਾਂ ਦੇ ਫੌਜੀ ਸ਼ੈਲੀ ਵਾਲੇ ਹਥਿਆਰਾਂ 'ਤੇ ਪਾਬੰਦੀ ਲਾਉਣ ਤੇ ਇੱਕ ਲਾਜ਼ਮੀ ਵਾਪਸੀ ਖਰੀਦ ਪ੍ਰੋਗਰਾਮ ਦੀ ਪੇਸ਼ਕਸ਼ ਕਰਨ ਦੀ ਯੋਜਨਾ ਪਹਿਲਾਂ ਤੋਂ ਹੀ ਹੈ ਜੋ ਸਾਲ ਦੇ ਅਖੀਰ 'ਚ ਸ਼ੁਰੂ ਹੋਵੇਗੀ। ਟਰੂਡੋ ਸਖਤ ਬੰਦੂਕ ਕਾਨੂੰਨ ਬਣਾਉਣ ਦੀ ਲੰਮੇ ਸਮੇਂ ਤੋਂ ਯੋਜਨਾ ਬਣਾ ਰਹੇ ਸਨ ਪਰ ਨਵੇਂ ਕਦਮਾਂ ਦੀ ਸ਼ੁਰੂਆਤ ਇਸ ਮਹੀਨੇ ਅਮਰੀਕਾ ਦੇ ਉਵਾਲਡੇ, ਟੈਕਸਾਸ ਤੇ ਬਫਲੋ , ਨਿਊਯਾਰਕ 'ਚ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਹੋਈ ਹੈ।

ਹੰਗਾਮੀ ਤਿਆਰੀਆਂ ਬਾਰੇ ਮੰਤਰੀ ਬਿੱਲ ਬਲੇਅਰ ਨੇ ਕਿਹਾ ਕਿ ਕੈਨੇਡਾ ਅਮਰੀਕਾ ਤੋਂ ਬਹੁਤ ਵੱਖਰਾ ਹੈ। ਬਲੇਅਰ ਨੇ ਕਿਹਾ, 'ਕੈਨੇਡਾ 'ਚ ਬੰਦੂਕ ਦੀ ਮਾਲਕੀ ਅਧਿਕਾਰ ਨਹੀਂ ਸਗੋਂ ਵਿਸ਼ੇਸ਼ ਅਧਿਕਾਰ ਹੈ। ਇਹ ਸਿਧਾਂਤ ਕੈਨੇਡਾ ਨੂੰ ਦੁਨੀਆਂ ਦੇ ਹੋਰਨਾਂ ਮੁਲਕਾਂ ਤੇ ਖਾਸ ਤੌਰ 'ਤੇ ਦੱਖਣ 'ਚ ਸਾਡੇ ਸਹਿਯੋਗੀਆਂ ਤੇ ਮਿੱਤਰਾਂ ਤੋਂ ਵੱਖ ਕਰਦਾ ਹੈ। ਕੈਨੇਡਾ 'ਚ ਬੰਦੂਕਾਂ ਸਿਰਫ਼ ਸ਼ਿਕਾਰ ਤੇ ਖੇਡਾਂ ਲਈ ਵਰਤੀਆਂ ਜਾਂਦੀਆਂ ਹਨ।' ਬੰਦੂਕਾਂ ਤੱਕ ਪਹੁੰਚ ਸੌਖੀ ਨਾ ਹੋਣ ਕਾਰਨ ਕੈਨੇਡਾ 'ਚ ਅਮਰੀਕਾ ਮੁਕਾਬਲੇ ਵਾਪਰੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਗਿਣਤੀ ਘੱਟ ਹੈ। -ਪੀਟੀਆਈ



Most Read

2024-09-19 16:21:10