World >> The Tribune


ਭਾਰਤ ਤੇ ਬੰਗਲਾਦੇਸ਼ ਵਿਚਾਲੇ ਰੇਲ ਸੇਵਾ ਬਹਾਲ


Link [2022-06-01 10:42:18]



ਢਾਕਾ, 29 ਮਈ

ਬੰਗਲਾਦੇਸ਼ ਅਤੇ ਭਾਰਤ ਦਰਮਿਆਨ ਰੇਲ ਸੇਵਾ ਅੱਜ ਤੋਂ ਮੁੜ ਸ਼ੁਰੂ ਹੋ ਗਈ। ਕਰੋਨਾ ਮਹਾਮਾਰੀ ਕਾਰਨ ਇਹ ਰੇਲ ਸੇਵਾ ਦੋ ਸਾਲ ਤੋਂ ਬੰਦ ਸੀ ਅਤੇ ਹੁਣ ''ਮੈਤਰੀ ਐਕਸਪ੍ਰੈੱਸ'' ਅਤੇ ''ਬੰਧਨ ਐੱਕਸਪ੍ਰੈੱਸ'' ਮੁੜ ਚੱਲ ਪਈਆਂ ਹਨ। ਇਹ ਜਾਣਕਾਰੀ ਬੰਗਲਾਦੇਸ਼ ਰੇਲਵੇ ਦੇ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਢਾਕਾ ਅਤੇ ਕੋਲਕਾਤਾ ਦਰਮਿਆਨ ''ਮੈਤਰੀ ਰੇਲ ਸੇਵਾ'' ਅੱਜ ਢਾਕਾ ਛਾਉਣੀ ਸ਼ਟੇਸ਼ਨ ਤੋਂ ਬਹਾਲ ਹੋ ਗਈ। ਬੰਗਲਾਦੇਸ਼ ਰੇਲਵੇ ਦੇ ਇੱਕ ਤਰਜਮਾਨ ਨੇ ਕਿਹਾ, ''ਢਾਕਾ ਛਾਉਣੀ ਰੇਲਵੇ ਸਟੇਸ਼ਨ ਤੋਂ ਰੇਲਗੱਡੀ 165 ਯਾਤਰੀਆਂ ਨੂੰ ਲੈ ਕੇ ਰਵਾਨਾ ਹੋਈ। ਇਹ ਸੋਮਵਾਰ ਨੂੰ ਵਾਪਸੀ ਕਰੇਗੀ ਅਤੇ ਢਾਕਾ ਪਹੁੰਚੇਗੀ।'' ਉਨ੍ਹਾਂ ਦੱਸਿਆ ਕਿ ਇਸ ਰੇਲ ਸਫਰ 'ਤੇ ਲਗਭਗ 8 ਘੰਟੇ ਦਾ ਸਮਾਂ ਲੱਗਦਾ ਹੈ। ਬੰਗਲਾਦੇਸ਼ ਰੇਲਵੇ ਦੇ ਡਾਇਰੈਕਟਰ ਜਨਰਲ ਧੀਰੇਂਦਰ ਨਾਥ ਮਜੂੁਮਦਾਰ ਨੇ ਕਿਹਾ ਕਿ ਹੁਣ ਇਹ ਰੇਲਗੱਡੀ ਹਫ਼ਤੇ ਵਿੱਚ ਪੰਜ ਦਿਨ ਚੱਲੇਗੀ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਖਤਮ ਨਾ ਹੋਣ ਕਾਰਨ ਪਹਿਲੇ ਦਿਨ ਉਮੀਦ ਮੁਤਾਬਕ ਯਾਤਰੀ ਨਹੀਂ ਆਏ। ਇਸੇ ਦੌਰਾਨ 'ਬੰਧਨ ਐਕਸਪ੍ਰੈੱਸ' ਦੋ ਸਾਲਾਂ ਮਗਰੋਂ ਫਿਰ ਬੰਗਲਾਦੇਸ਼ ਪਹੁੰਚੀ। ਇਹ ਰੇਲਗੱਡੀ ਬੰਗਲਾਦੇਸ਼ ਦੇ ਦੱਖਣ-ਪੱਛਮ ਵਿੱਚ ਸਥਿਤ ਖੁਲਨਾ ਅਤੇ ਕੋਲਕਾਤਾ ਰੂਟ 'ਤੇ ਚੱਲਦੀ ਹੈ। ਬੰਧਨ ਐਕਸਪ੍ਰੈੱਸ ਹਫ਼ਤੇ ਵਿੱਚ ਦੋ ਦਿਨ ਚੱਲਦੀ ਹੈ। ਦੱਸਣਯੋਗ ਹੈ ਕਿ ਇਹ ਰੇਲ ਸੇਵਾਵਾਂ ਅਜਿਹੇ ਸਮੇਂ ਬਹਾਲ ਕੀਤੀਆਂ ਗਈਆਂ ਹਨ ਜਦੋਂ 1 ਜੂਨ ਤੋਂ ਪੱਛਮੀ ਬੰਗਾਲ ਦੇ ਉੱਤਰੀ ਨਿਊ ਜਲਪਾਈਗੁੜੀ ਅਤੇ ਢਾਕਾ ਵਿਚਕਾਰ ਮਿਤਾਲੀ ਐਕਸਪ੍ਰੈੱਸ ਚੱਲਣ ਦੀ ਵੀ ਸੰਭਾਵਨਾ ਹੈ। -ਪੀਟੀਆਈ



Most Read

2024-09-20 00:40:45