Breaking News >> News >> The Tribune


ਕੁਲਗਾਮ ਵਿੱਚ ਹਿੰਦੂ ਅਧਿਆਪਕਾ ਦੀ ਅਤਿਵਾਦੀਆਂ ਵੱਲੋਂ ਹੱਤਿਆ


Link [2022-06-01 05:57:48]



ਸ੍ਰੀਨਗਰ, 31 ਮਈ

ਇੱਥੋਂ ਦੇ ਕੁਲਗਾਮ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਨੇ ਜੰਮੂ ਦੀ ਇੱਕ ਹਿੰਦੂ ਅਧਿਆਪਕਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾ ਦੀ ਪਛਾਣ ਰਜਨੀ ਬਾਲਾ (36) ਵਜੋਂ ਹੋਈ ਹੈ। ਸਾਂਬਾ ਜ਼ਿਲ੍ਹੇ ਦੀ ਰਹਿਣ ਵਾਲੀ ਰਜਨੀ ਬਾਲਾ ਕੁਲਗਾਮ ਵਿੱਚ ਗੋਪਾਲਪੋਰਾ ਦੇ ਸਰਕਾਰੀ ਸਕੂਲ ਵਿੱਚ ਤਾਇਨਾਤ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਦੌਰਾਨ ਰਜਨੀ ਬਾਲਾ ਗੰਭੀਰ ਜ਼ਖ਼ਮੀ ਹੋ ਗਈ ਸੀ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਅਨੁਸਾਰ ਰਜਨੀ ਪਰਵਾਸੀ ਕਸ਼ਮੀਰੀ ਪੰਡਿਤ ਸੀ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਕੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਅਧਿਆਪਕਾ ਦੀ ਇਸ ਹੱਤਿਆ ਦੀ ਪੂਰੀ ਘਾਟੀ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਇਸ ਬਾਰੇ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲ੍ਹਾ ਨੇ ਟਵੀਟ ਕੀਤਾ, ''ਬਹੁਤ ਦੁਖਦਾਈ ਘਟਨਾ। ਨਿਹੱਥੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਤਾਜ਼ਾ ਹਮਲਿਆਂ ਦੀ ਲੰਬੀ ਸੂਚੀ ਵਿੱਚ ਇੱਕ ਹੋਰ ਘਟਨਾ ਸ਼ਾਮਲ ਹੋ ਗਈ ਹੈ। ਸਰਕਾਰ ਵੱਲੋਂ ਪ੍ਰਗਟਾਇਆ ਗਿਆ ਦੁੱਖ ਅਤੇ ਦਿੱਤਾ ਗਿਆ ਭਰੋਸਾ ਕਿ ਜਦੋਂ ਤੱਕ ਹਾਲਾਤ ਆਮ ਵਾਂਗ ਨਹੀਂ ਹੋ ਜਾਂਦੇ, ਉਹ ਆਰਾਮ ਨਾਲ ਨਹੀਂ ਬੈਠਣਗੇ, ਪੂਰੀ ਤਰ੍ਹਾਂ ਖੋਖਲਾ ਜਾਪਦਾ ਹੈ। ਪ੍ਰਮਾਤਮਾ ਰਜਨੀ ਦੀ ਆਤਮਾ ਨੂੰ ਸ਼ਾਂਤੀ ਦੇਵੇ।'' ਇਸੇ ਤਰ੍ਹਾਂ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ, ''ਕਸ਼ਮੀਰ ਵਿੱਚ ਹਾਲਾਤ ਆਮ ਹੋਣ ਬਾਰੇ ਭਾਰਤ ਸਰਕਾਰ ਦੇ ਝੂਠੇ ਦਾਅਵਿਆਂ ਵਿਚਾਲੇ ਨਾਗਰਿਕਾਂ ਦੀ ਹੱਤਿਆ ਦੇ ਮਾਮਲੇ ਵਧ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਇਹ ਭਾਜਪਾ ਵੱਲੋਂ ਸਿਰਜੇ ਗਏ ਮੁਸਲਿਮ ਵਿਰੋਧੀ ਬਿਰਤਾਂਤ ਦਾ ਨਤੀਜਾ ਹੈ।'' ਇਸ ਦੌਰਾਨ ਜੰਮੂ ਕਸ਼ਮੀਰ ਦੇ ਲੈਂਫਟੀਨੈਂਟ ਗਵਰਨਰ ਮਨੋਜ ਸਿਨਹਾ, ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਸੀਪੀਆਈ(ਐੱਮ) ਆਗੂ ਐੱਮ.ਵਾਈ. ਤਰੀਗਾਮੀ, ਭਾਜਪਾ ਦੇ ਬੁਲਾਰੇ ਅਲਤਾਫ ਠਾਕੁਰ ਅਤੇ ਨੈਸ਼ਨਲ ਕਾਨਫਰੈਂਸ ਦੇ ਆਗੂ ਸੱਜਾਦ ਲੋਨ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ



Most Read

2024-09-20 03:51:08