Breaking News >> News >> The Tribune


ਈਡੀ ਵੱਲੋਂ ਫਾਰੂਕ ਅਬਦੁੱਲਾ ਤੋਂ ਪੁੱਛ ਪੜਤਾਲ


Link [2022-06-01 05:57:48]



ਸ੍ਰੀਨਗਰ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜੰਮੂ ਤੇ ਕਸ਼ਮੀਰ ਕ੍ਰਿਕਟ ਐਸੋਸੀੲੇਸ਼ਨ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਨੈਸ਼ਨਲ ਕਾਨਫਰੰਸ ਮੁਖੀ ਫ਼ਾਰੂਕ ਅਬਦੁੱਲਾ ਤੋਂ ਸਾਢੇ ਤਿੰਨ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ। ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਫ਼ਾਰੂਕ ਅਬਦੁੱਲਾ ਅੱਜ ਸਵੇਰੇ 11 ਵਜੇ ਦੇ ਕਰੀਬ ਰਾਜਬਾਗ਼ ਸਥਿਤ ਈਡੀ ਦਫ਼ਤਰ ਪੁੱਜੇ। ਸਾਬਕਾ ਮੁੱਖ ਮੰਤਰੀ ਨੇ ਈਡੀ ਦੀ ਪੁੱਛਗਿੱਛ ਨੂੰ ਜੰਮੂ ਕਸ਼ਮੀਰ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਹੈ। ਉਨ੍ਹਾਂ ਕਿਹਾ, ''ਮੈਂ (ਇਨ੍ਹਾਂ ਸੰਮਨਾਂ ਬਾਰੇ) ਬਹੁਤਾ ਕੁਝ ਨਹੀਂ ਕਹਾਂਗਾ...ਅਗਾਮੀ ਚੋਣਾਂ ਤੱਕ ਇਹ ਸਾਨੂੰ ਪ੍ਰੇਸ਼ਾਨ ਕਰਦੇ ਰਹਿਣਗੇ।'' ਉਂਜ ਸਾਢੇ ਤਿੰਨ ਘੰਟਿਆਂ ਦੀ ਪੁੱਛਗਿੱਛ ਮਗਰੋਂ ਫ਼ਾਰੂਕ ਅਬਦੁੱਲਾ ਈਡੀ ਦਫ਼ਤਰ 'ਚੋਂ ਬਾਹਰ ਆਉਣ ਮੌਕੇ ਬੇਫ਼ਿਕਰ ਨਜ਼ਰ ਆਏ, ਪਰ ਉਨ੍ਹਾਂ ਬਾਹਰ ਖੜ੍ਹੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ। ਈਡੀ ਨੇ 27 ਮਈ ਨੂੰ ਸੰਮਨ ਭੇਜ ਕੇ ਅਬਦੁੱਲਾ ਨੂੰ ਆਪਣੇ ਸ੍ਰੀਨਗਰ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਜੰਮੂ ਤੇ ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਫਾਰੂਕ ਅਬਦੁੱਲਾ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਕੇਸ ਵਿੱਚ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਬਜ਼ੁਰਗ ਆਗੂ ਵੱਲੋਂ ਅੱਗੋਂ ਵੀ ਅਥਾਰਿਟੀਜ਼ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਅਬਦੁੱਲਾ 2001 ਤੋਂ 2012 ਦੌਰਾਨ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਨ ਤੇ ਉਨ੍ਹਾਂ ਉੱਤੇ ਸਾਲ 2004 ਤੋਂ 2009 ਦੇ ਅਰਸੇ ਦੌਰਾਨ ਕਥਿਤ ਵਿੱਤੀ ਬੇਨਿਯਮੀਆਂ ਦਾ ਦੋਸ਼ ਹੈ, ਜਿਸ ਦੀ ਸੀਬੀਆਈ ਤੇ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਈਡੀ ਇਸ ਮਾਮਲੇ ਵਿੱਚ ਫ਼ਾਰੂੁਕ ਅਬਦੁੱਲਾ ਦੇ 21 ਕਰੋੜ ਰੁਪਏ ਤੋਂ ਵੱਧ ਦੇ ਅਸਾਸਿਆਂ ਨੂੰ ਜ਼ਬਤ ਕਰ ਚੁੱਕੀ ਹੈ, ਜਿਸ ਵਿੱਚ 11.86 ਕਰੋੜ ਰੁਪਏ ਦੇ ਅਚੱਲ ਅਸਾਸੇ ਵੀ ਸ਼ਾਮਲ ਹਨ। -ਪੀਟੀਆਈ



Most Read

2024-09-20 03:49:30