Breaking News >> News >> The Tribune


ਪੂਰਬੀ ਲੱਦਾਖ: ਭਾਰਤ ਤੇ ਚੀਨ ਅਗਲੇ ਗੇੜ ਦੀ ਫ਼ੌਜੀ ਗੱਲਬਾਤ ਲਈ ਸਹਿਮਤ


Link [2022-06-01 05:57:48]



ਨਵੀਂ ਦਿੱਲੀ: ਭਾਰਤ ਤੇ ਚੀਨ, ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਸਾਰੇ ਖੇਤਰਾਂ ਵਿਚੋਂ ਫੌਜਾਂ ਦੀ ਮੁਕੰਮਲ ਵਾਪਸੀ ਦੇ ਟੀਚੇ ਨੂੰ ਪੂਰਾ ਕਰਨ ਲਈ ਸੀਨੀਅਰ ਕਮਾਂਡਰ ਪੱਧਰ ਦੀ ਅਗਲੇ ਗੇੜ ਦੀ ਗੱਲਬਾਤ ਲਈ ਸਹਿਮਤ ਹੋ ਗਏ ਹਨ। ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ-ਮਸ਼ਵਰੇ ਤੇ ਤਾਲਮੇਲ ਲਈ ਬਣੇ ਕੰਮਕਾਜੀ ਚੌਖਟੇ (ਡਬਲਿਊਐੱਮਸੀਸੀ) ਦੀ ਅੱਜ ਵਰਚੁਅਲ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਡਬਲਿਊਐੱਮਸੀਸੀ ਚੌਖਟੇ ਤਹਿਤ ਮੀਟਿੰਗ ਪਿਛਲੇ ਸਾਲ ਨਵੰਬਰ ਵਿੱਚ ਅਤੇ ਫੌਜੀ ਪੱਧਰ ਦੀ 15ਵੇਂ ਗੇੜ ਦੀ ਗੱਲਬਾਤ 11 ਮਾਰਚ ਨੂੰ ਹੋਈ ਸੀ। ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਦੀ ਮਾਰਚ ਮਹੀਨੇ ਭਾਰਤ ਫੇਰੀ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਅੱਜ ਹੋਈ ਇਹ ਪਹਿਲੀ (ਵਰਚੁਅਲ) ਮੀਟਿੰਗ ਸੀ।

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ''ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਪੱਛਮੀ ਸੈਕਟਰ ਵਿੱਚ ਮੌਜੂਦਾ ਹਾਲਾਤ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਹੈ। ਉਨ੍ਹਾਂ ਸਹਿਮਤੀ ਦਿੱਤੀ ਕਿ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀਆਂ ਹਦਾਇਤਾਂ ਮੁਤਾਬਕ ਦੋਵਾਂ ਧਿਰਾਂ ਨੂੰ ਅਸਲ ਕੰਟਰੋਲ ਰੇਖਾ ਦੇ ਨਾਲ ਬਕਾਇਆ ਮੁੱਦਿਆਂ ਦੇ ਹੱਲ ਲਈ ਕੂਟਨੀਤਕ ਤੇ ਫੌਜੀ ਚੈਨਲਾਂ ਜ਼ਰੀਏ ਗੱਲਬਾਤ ਦੇ ਅਮਲ ਨੂੰ ਜਾਰੀ ਰੱਖਣਾ ਚਾਹੀਦਾ ਹੈ ਤਾਂ ਕਿ ਦੁਵੱਲੇ ਰਿਸ਼ਤਿਆਂ ਵਿੱਚ ਅਮਨ ਦੀ ਬਹਾਲੀ ਲਈ ਸਾਜ਼ਗਾਰ ਮਾਹੌਲ ਸਿਰਜਿਆ ਜਾ ਸਕੇ।'' ਵਿਦੇਸ਼ ਮੰਤਰਾਲੇ ਨੇ ਕਿਹਾ ਕਿ 'ਦੋਵਾਂ ਧਿਰਾਂ ਨੇ ਪੱਛਮੀ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੇ ਸਾਰੇ ਖੇਤਰਾਂ ਵਿੱਚੋਂ ਫੌਜਾਂ ਦੀ ਮੁਕੰਮਲ ਵਾਪਸੀ ਦੇ ਮੰਤਵ ਨੂੰ ਪੂਰਾ ਕਰਨ ਲਈ ਮੌਜੂਦਾ ਦੁਵੱਲੇ ਕਰਾਰਾਂ ਤੇ ਪ੍ਰੋਟੋਕਾਲਾਂ ਮੁਤਾਬਕ ਸੀਨੀਅਰ ਕਮਾਂਡਰ ਪੱਧਰ ਦੀ 16ਵੇਂ ਗੇੜ ਦੀ ਅਗਲੀ ਮੀਟਿੰਗ ਕਰਨ ਬਾਰੇ ਸਹਿਮਤੀ ਦਿੱਤੀ ਹੈ।' ਪੱਛਮੀ ਲੱਦਾਖ ਦਾ ਅਧਿਕਾਰਤ ਤੌਰ 'ਤੇ ਪੱਛਮੀ ਸੈਕਟਰ ਵਜੋਂ ਹਵਾਲਾ ਦਿੱਤਾ ਜਾਂਦਾ ਹੈ। -ਪੀਟੀਆਈ



Most Read

2024-09-20 04:11:50