Breaking News >> News >> The Tribune


ਪੈਂਥਰਜ਼ ਪਾਰਟੀ ਦੇ ਬਾਨੀ ਭੀਮ ਸਿੰਘ ਦਾ ਦੇਹਾਂਤ


Link [2022-06-01 05:57:48]



ਜੰਮੂ, 31 ਮਈ

ਜੰਮੂ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਦੇ ਬਾਨੀ ਭੀਮ ਸਿੰਘ (81) ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਕਰੀਬ ਇੱਕ ਮਹੀਨੇ ਤੋਂ ਬਿਮਾਰ ਸਨ। ਉਨ੍ਹਾਂ ਇੱਥੇ ਜੀਐੱਮਸੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਭੀਮ ਸਿੰਘ ਊਧਮਪੁਰ ਜ਼ਿਲ੍ਹੇ ਦੇ ਪਿੰਡ ਭੁਗਟਰੀਆਂ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਜੈ ਮਾਲਾ ਅਤੇ ਲੜਕਾ ਅੰਕਿਤ ਲਵ ਹੈ, ਜੋ ਲੰਡਨ ਵਿੱਚ ਰਹਿ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ''ਪ੍ਰੋਫੈਸਰ ਭੀਮ ਸਿੰਘ ਨੂੰ ਜ਼ਮੀਨ ਨਾਲ ਜੁੜੇ ਆਗੂ ਵਜੋਂ ਯਾਦ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜੰਮੂ ਕਸ਼ਮੀਰ ਦੀ ਭਲਾਈ ਦੇ ਲੇਖੇ ਲਾ ਦਿੱਤੀ। ਉਹ ਕਾਫੀ ਪੜ੍ਹੇ-ਲਿਖੇ ਅਤੇ ਵਿਦਵਾਨ ਸਨ। ਮੈਂ ਉਨ੍ਹਾਂ ਨਾਲ ਹੋਈ ਗੱਲਬਾਤ ਹਮੇਸ਼ਾ ਯਾਦ ਰੱਖਾਂਗਾ। ਮੈਂ ਉਨ੍ਹਾਂ ਦੇ ਦੇਹਾਂਤ 'ਤੇ ਬਹੁਤ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਮਦਰਦੀ। ਓਮ ਸ਼ਾਂਤੀ।'' ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ, ਕੇਂਦਰੀ ਮੰਤਰੀ ਜਿਤੇਂਦਰ ਸਿੰਘ, ਸੀਪੀਆਈ (ਐੱਮ) ਆਗੂ ਐੱਮ.ਵਾਈ ਤਰੀਗਾਮੀ, ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ।

ਜ਼ਿਕਰਯੋਗ ਹੈ ਕਿ ਭੀਮ ਸਿੰਘ ਮਨੁੱਖੀ ਅਧਿਕਾਰ ਕਾਰਕੁਨ, ਲੇਖਕ ਅਤੇ ਸੁਪਰੀਮ ਕੋਰਟ ਦੇ ਵਕੀਲ ਵੀ ਸਨ। ਉਨ੍ਹਾਂ ਯੂਨੀਵਰਸਿਟੀ ਆਫ ਲੰਡਨ ਵਿੱਚ ਵਕਾਲਤ ਕੀਤੀ। ਉਹ 1971 ਵਿੱਚ ਯੂਨੀਵਰਸਿਟੀ ਆਫ ਲੰਡਨ ਦੇ ਸਕੱਤਰ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਸਨ। 1982 ਵਿੱਚ ਪੈਂਥਰਜ਼ ਪਾਰਟੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਾਂਗਰਸ ਦੇ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਰਹੇ। ਪਹਿਲਾਂ ਉਹ ਜੰਮੂ ਕਸ਼ਮੀਰ ਵਿੱਚ ਕਾਂਗਰਸ ਦੇ ਯੂਥ ਯੂਨਿਟ ਦੇ ਪ੍ਰਧਾਨ ਰਹੇ ਅਤੇ ਮਗਰੋਂ ਇਸ ਦੇ ਕੌਮੀ ਜਨਰਲ ਸਕੱਤਰ ਬਣੇ।

2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪੈਂਥਰਜ਼ ਪਾਰਟੀ ਨੇ ਚਾਰ ਸੀਟਾਂ ਜਿੱਤੀਆਂ ਅਤੇ ਮੁਫ਼ਤੀ ਮੁਹੰਮਦ ਸਈਦ ਸਰਕਾਰ ਵਿੱਚ ਭਾਈਵਾਲ ਬਣੇ। ਮੋਟਰਸਾਈਕਲ 'ਤੇ 130 ਤੋਂ ਵੱਧ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਭੀਮ ਸਿੰਘ ਫਲਸਤੀਨੀ ਆਗੂ ਯਾਸਰ ਅਰਾਫਾਤ, ਕਿਊਬਾ ਦੇ ਕ੍ਰਾਂਤੀਕਾਰੀ ਫੀਦਲ ਕਾਸਤਰੋ, ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਅਤੇ ਲਿਬੀਆ ਦੇ ਤਾਨਾਸ਼ਾਹ ਮੁਆਮਰ ਗੱਦਾਫੀ ਸਮੇਤ ਹੋਰ ਵੱਡੇ ਆਗੂਆਂ ਦੇ ਦੋਸਤ ਸਨ। -ਪੀਟੀਆਈ



Most Read

2024-09-20 03:49:05