Breaking News >> News >> The Tribune


ਟਿਕੈਤ ’ਤੇ ਹੋਏ ਹਮਲੇ ਦੀ ਨਿਆਂਇਕ ਜਾਂਚ ਹੋਵੇ: ਮੋਰਚਾ


Link [2022-06-01 05:57:48]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 31 ਮਈ

ਸੰਯੁਕਤ ਕਿਸਾਨ ਮੋਰਚੇ ਨੇ ਬੰਗਲੁਰੂ ਵਿੱਚ ਕਿਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਉਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਮੋਰਚੇ ਦੇ ਸੱਦੇ ਉਤੇ ਹਰਿਆਣਾ, ਉੱਤਰ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਉਤਰਾਖੰਡ, ਦਿੱਲੀ ਤੇ ਤਿਲੰਗਾਨਾ ਸਮੇਤ ਮੱਧ ਪ੍ਰਦੇਸ਼ ਵਿੱਚ ਕਿਸਾਨ ਆਗੂਆਂ ਨੇ ਸਥਾਨਕ ਪ੍ਰਸ਼ਾਸਨ ਨੂੰ ਯਾਦ ਪੱਤਰ ਦੇ ਕੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਨਿਆਂਇਕ ਜਾਂਚ ਮੰਗੀ ਹੈ। ਮੋਰਚੇ ਨੇ ਰਾਕੇਸ਼ ਟਿਕੈਤ ਨੂੰ ਸੁਰੱਖਿਆ ਦੇਣ ਤੇ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਮੋਰਚੇ ਮੁਤਾਬਕ ਇਸ ਘਟਨਾ ਨੇ ਇੱਕ ਵਾਰ ਫਿਰ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਨੂੰ ਸ਼ਾਂਤਮਈ ਤੇ ਜਮਹੂਰੀ ਤਰੀਕਿਆਂ ਨਾਲ ਝੁਕਾਉਣਾ ਜਾਣਦੇ ਹਨ। ਮੋਰਚੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਮੁੱਖ ਦੋਸ਼ੀ ਭਰਤ ਸ਼ੈਟੀ ਦੀ ਪਛਾਣ ਕਰ ਲਈ ਗਈ ਹੈ ਤੇ ਉਹ ਪੁਲੀਸ ਦੀ ਹਿਰਾਸਤ 'ਚ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਵਿਜੇੇਂਦਰ, ਮੌਜੂਦਾ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਤੇ ਸਿੰਜਾਈ ਮੰਤਰੀ ਗੋਵਿੰਦ ਕਰਜੋਲ ਦੇ ਨਾਲ ਮੁੱਖ ਮੁਲਜ਼ਮ ਦੀ ਫੋਟੋ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਹਮਲਾ ਭਾਜਪਾ ਦੁਆਰਾ ਹੀ ਕਰਾਇਆ ਗਿਆ ਸੀ। ਮੋਰਚੇ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਅੰਦੋਲਨ ਖ਼ਿਲਾਫ਼ ਇੱਕ ਟੀਵੀ ਚੈਨਲ ਵੱਲੋਂ ਚਲਾਈ ਪ੍ਰਚਾਰ ਮੁਹਿੰਮ ਕਾਰਨ ਬਣੇ ਤਣਾਅਪੂਰਨ ਮਾਹੌਲ ਦੇ ਬਾਵਜੂਦ ਸੱਤਾਧਾਰੀ ਭਾਜਪਾ ਨੇ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ। ਮੋਰਚੇ ਨੇ ਆਪਣੇ ਬਿਆਨ ਵਿੱਚ ਇਸ ਤੱਥ ਨੂੰ ਵੀ ਉਜਾਗਰ ਕੀਤਾ ਕਿ ਸਿਆਹੀ ਦੀ ਥਾਂ ਤੇਜ਼ਾਬ ਜਾਂ ਇੱਥੋਂ ਤੱਕ ਕਿ ਬੰਬ ਵੀ ਵਰਤਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਹਮਲਾਵਰਾਂ ਨੂੰ ਭਾਜਪਾ ਅਤੇ ਕਰਨਾਟਕ ਸਰਕਾਰ ਦਾ ਪੂਰਾ ਸਮਰਥਨ ਸੀ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਇਸ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਜਾਣ ਤੇ ਰਾਕੇਸ਼ ਟਿਕੈਤ ਨੂੰ ਸੁਰੱਖਿਆ ਦਿੱਤੀ ਜਾਵੇ।

ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ: ਟਿਕੈਤ

ਨੋਇਡਾ: ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ 'ਕਾਲੀ ਸਿਆਹੀ ਤੇ ਜਾਨਲੇਵਾ ਹਮਲੇ' ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਟਿਕੈਤ ਨੇ ਆਪਣੇ 'ਤੇ ਹੋਏ ਹਮਲੇ ਲਈ ਬੰਗਲੁਰੂ ਪੁਲੀਸ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਦੋਸ਼ ਲਾਇਆ ਕਿ ਇਸ ਘਟਨਾਕ੍ਰਮ ਨੂੰ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਾਲ ਰਲ ਕੇ ਅੰਜਾਮ ਦਿੱਤਾ ਗਿਆ ਹੈ। ਟਿਕੈਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਤੇ ਹੋਰਾਂ ਪੱਛੜੇ ਵਰਗਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਸੰਘਰਸ਼ ਆਖ਼ਰੀ ਸਾਹ ਤੱਕ ਜਾਰੀ ਰਹੇਗੀ। ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਟਿਕੈਤ ਵੱਲੋਂ ਲਾਏ ਦੋਸ਼ਾਂ ਨੂੰ ਖਾਰਜ ਕੀਤਾ ਹੈ। -ਪੀਟੀਆਈ



Most Read

2024-09-20 04:12:46