ਨਵੀਂ ਦਿੱਲੀ, 30 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਮੁਲਕ ਨੇ ਆਪਣੇ ਵਿਗਿਆਨੀਆਂ, ਡਾਕਟਰਾਂ ਅਤੇ ਨੌਜਵਾਨਾਂ 'ਤੇ ਭਰੋਸਾ ਕੀਤਾ ਅਤੇ ਭਾਰਤ ਦੁਨੀਆ ਲਈ ਕੋਈ ਸਮੱਸਿਆ ਨਹੀਂ ਸਗੋਂ ਹੱਲ ਦੇਣ ਵਾਲਾ ਬਣਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਆਲਮੀ ਮਹਾਮਾਰੀ ਦੇ ਨਾਂਹਪੱਖੀ ਅਸਰ ਤੋਂ ਉਭਰ ਕੇ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰਿਆਂ 'ਚੋਂ ਇਕ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਇਕ ਪ੍ਰੋਗਰਾਮ ਦੌਰਾਨ ਪੀਐੱਮ ਕੇਅਰਜ਼ ਫਾਰ ਚਿਲਡਰਨ ਯੋਜਨਾ ਤਹਿਤ ਬੱਚਿਆਂ ਲਈ ਕਈ ਸਹੂਲਤਾਂ ਜਾਰੀ ਕੀਤੀਆਂ। ਉਨ੍ਹਾਂ ਸਕੂਲ ਜਾਣ ਵਾਲੇ ਬੱਚਿਆਂ ਲਈ ਵਜ਼ੀਫ਼ੇ ਵੀ ਜਾਰੀ ਕੀਤੇ। ਬੱਚਿਆਂ ਨੂੰ ਪੀਐੱਮ ਕੇਅਰਜ਼ ਫਾਰ ਚਿਲਡਰਨ ਯੋਜਨਾ ਤਹਿਤ ਪਾਸਬੁੱਕ ਅਤੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਤਹਿਤ ਹੈਲਥ ਕਾਰਡ ਵੀ ਦਿੱਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਜਨਾ ਤਹਿਤ ਜੇਕਰ ਕਿਸੇ ਨੂੰ ਪ੍ਰੋਫੈਸ਼ਨਲ ਅਤੇ ਉਚੇਰੀ ਸਿੱਖਿਆ ਦੇ ਕੋਰਸਾਂ ਲਈ ਸਿੱਖਿਆ ਕਰਜ਼ੇ ਦੀ ਲੋੜ ਹੋਵੇਗੀ ਤਾਂ ਪੀਐੱਮ ਕੇਅਰਜ਼ ਉਸ 'ਚ ਵੀ ਸਹਾਇਤਾ ਕਰੇਗਾ। ਆਲਮੀ ਮਹਾਮਾਰੀ ਦੌਰਾਨ ਆਪਣੇ ਮਾਪੇ ਗੁਆ ਚੁੱਕੇ ਬੱਚਿਆਂ ਨੂੰ ਹਰ ਮਹੀਨੇ 4 ਹਜ਼ਾਰ ਰੁਪਏ ਦਿੱਤੇ ਜਾਣਗੇ ਜਿਸ ਨਾਲ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਪੂਰਾ ਕਰਨ 'ਚ ਮਦਦ ਮਿਲੇਗੀ। ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੇ 23 ਸਾਲ ਦਾ ਹੋਣ 'ਤੇ ਉਨ੍ਹਾਂ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। 'ਬੱਚਿਆਂ ਨੂੰ ਮਨੋਵਿਗਿਆਨਕ ਅਤੇ ਭਾਵਨਾਤਮਕ ਤੌਰ 'ਤੇ ਸਹਾਇਤਾ ਲਈ ਆਯੁਸ਼ਮਾਨ ਕਾਰਡ ਰਾਹੀਂ ਸਿਹਤ ਬੀਮਾ ਅਤੇ ਸੰਵਾਦ ਹੈਲਪਲਾਈਨ ਰਾਹੀਂ ਸਲਾਹ ਦਿੱਤੀ ਜਾਵੇਗੀ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਈ ਮੁਲਕਾਂ ਨੂੰ ਦਵਾਈਆਂ ਅਤੇ ਵੈਕਸੀਨ ਭੇਜੀ ਹੈ। 'ਅਸੀਂ ਆਪਣੇ ਸਾਰੇ ਨਾਗਰਿਕਾਂ ਨੂੰ ਟੀਕੇ ਮੁਹੱਈਆ ਕਰਵਾਏ। ਹੁਣ ਤੱਕ ਕੋਵਿਡ-19 ਤੋਂ ਬਚਾਅ ਦੀਆਂ ਕਰੀਬ 200 ਕਰੋੜ ਖੁਰਾਕਾਂ ਲੱਗ ਚੁੱਕੀਆਂ ਹਨ।' ਉਨ੍ਹਾਂ ਕਿਹਾ ਕਿ ਮੁਲਕ ਨੇ ਪਿਛਲੇ ਅੱਠ ਸਾਲਾਂ 'ਚ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ,''ਤੁਸੀਂ ਆਪਣਾ ਜੀਵਨ ਆਪਣੇ ਸੁਫਨਿਆਂ ਦੇ ਨਾਮ ਕਰ ਦੇਵੋ, ਸੁਫਨੇ ਪੂਰੇ ਹੋਣ ਲਈ ਹੀ ਹਨ।'' ਉਨ੍ਹਾਂ ਕਿਹਾ ਕਿ ਇਹ ਬੱਚਿਆਂ ਲਈ ਇਕ ਮਿਸਾਲ ਹੈ ਕਿ ਬੇਹੱਦ ਮੁਸ਼ਕਲ ਦਿਨ ਵੀ ਗੁਜ਼ਰ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਕਾਰਨ ਅਨਾਥ ਹੋਏ ਬੱਚਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਉਨ੍ਹਾਂ ਨਾਲ ਖੜ੍ਹਾ ਹੈ। 'ਜੇਕਰ ਅਸੀਂ ਆਪਣੇ 'ਤੇ ਭਰੋਸਾ ਰੱਖੀਏ ਤਾਂ ਆਸ ਦੀ ਇਕ ਕਿਰਨ ਨਜ਼ਰ ਆਉਂਦੀ ਹੈ। ਸਾਡਾ ਮੁਲਕ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ।' ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਘੜੀ 'ਚ ਚੰਗੀਆਂ ਕਿਤਾਬਾਂ ਭਰੋਸੇਮੰਦ ਦੋਸਤ ਬਣ ਸਕਦੀਆਂ ਹਨ। ਉਨ੍ਹਾਂ ਬੱਚਿਆਂ ਨੂੰ ਰੋਗ ਮੁਕਤ ਰਹਿਣ, ਖੋਲੋ ਇੰਡੀਆ ਅਤੇ ਫਿਟ ਇੰਡੀਆ ਮੂਵਮੈਂਟ 'ਚ ਸ਼ਾਮਲ ਹੋਣ ਅਤੇ ਉਸ ਦੀ ਅਗਵਾਈ ਕਰਨ ਦਾ ਸੱਦਾ ਵੀ ਦਿੱਤਾ। -ਪੀਟੀਆਈ
ਮੁਲਕ 2014 ਤੋਂ ਪਹਿਲਾਂ ਦੇ ਬੁਰੇ ਦੌਰ 'ਚੋਂ ਬਾਹਰ ਨਿਕਲ ਰਿਹੈ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਭ੍ਰਿਸ਼ਟਾਚਾਰ, ਘੁਟਾਲਿਆਂ, ਭਾਈ-ਭਤੀਜਾਵਾਦ, ਦੇਸ਼ 'ਚ ਫੈਲੀਆਂ ਅਤਿਵਾਦੀ ਜਥੇਬੰਦੀਆਂ ਅਤੇ ਖੇਤਰੀ ਵਿਤਕਰੇ ਦੇ ਉਸ ਬੁਰੇ ਦੌਰ 'ਚੋਂ ਬਾਹਰ ਨਿਕਲ ਰਿਹਾ ਹੈ ਜਿਸ 'ਚ ਉਹ 2014 ਤੋਂ ਪਹਿਲਾਂ ਫਸਿਆ ਹੋਇਆ ਸੀ। ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੇ ਅੱਠ ਸਾਲ ਪੂਰੇ ਹੋਣ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ ਅੱਠ ਸਾਲ ਗਰੀਬਾਂ ਦੀ ਭਲਾਈ ਅਤੇ ਸੇਵਾ ਲਈ ਸਮਰਪਿਤ ਰਹੇ। ਉਨ੍ਹਾਂ ਇਹ ਗੱਲਾਂ ਪੀਐੱਮ ਕੇਅਰਜ਼ ਫਾਰ ਚਿਲਡਰਨ ਯੋਜਨਾ ਤਹਿਤ ਬੱਚਿਆਂ ਲਈ ਕਈ ਸਹੂਲਤਾਂ ਸ਼ੁਰੂ ਕਰਨ ਦੇ ਇਕ ਪ੍ਰੋਗਰਾਮ ਦੌਰਾਨ ਆਖੀਆਂ। ਉਨ੍ਹਾਂ ਦਾ ਸਿੱਧਾ ਇਸ਼ਾਰਾ ਪਿਛਲੀਆਂ ਕਾਂਗਰਸ ਸਰਕਾਰਾਂ ਵੱਲ ਸੀ। -ਪੀਟੀਆਈ
2024-11-10 06:25:50