Breaking News >> News >> The Tribune


ਬੰਗਲੁਰੂ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਸਿਆਹੀ ਸੁੱਟੀ


Link [2022-05-31 08:44:30]



ਬੰਗਲੂਰੂ, 30 ਮਈ

ਇਥੇ ਗਾਂਧੀ ਭਵਨ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕਰਵਾਏ ਸਮਾਗਮ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਾਲੀ ਸਿਆਹੀ ਸੁੱਟੀ ਗਈ। ਇਸ ਘਟਨਾ ਤੋਂ ਫੌਰੀ ਮਗਰੋਂ ਸਮਾਗਮ ਦੇ ਪ੍ਰਬੰਧਕਾਂ ਤੇ ਸ਼ਰਾਰਤੀ ਅਨਸਰਾਂ ਵਿਚਾਲੇ ਝੜਪ ਹੋਈ। ਦੋਵਾਂ ਧਿਰਾਂ ਨੇ ਉਥੇ ਪਈਆਂ ਪਲਾਸਟਿਕ ਦੀਆਂ ਕੁਰਸੀਆਂ ਨਾਲ ਇਕ ਦੂਜੇ 'ਤੇ ਹਮਲਾ ਕੀਤਾ। ਸਥਾਨਕ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਆਰੰਭ ਦਿੱਤੀ ਹੈ।

ਕਿਸਾਨ ਆਗੂ ਰਾਕੇਸ਼ ਟਿਕੈਤ 'ਤੇ ਸਿਆਹੀ ਸੁੱਟਣ ਮਗਰੋਂ ਆਪਸ 'ਚ ਭਿੜਦੇ ਹੋਏ ਲੋਕ। -ਫੋਟੋ: ਪੀਟੀਆਈ

ਜਾਣਕਾਰੀ ਅਨੁਸਾਰ ਰਾਕੇਸ਼ ਟਿਕੈਤ 'ਕਿਸਾਨ ਅੰਦੋਲਨ, ਅੰਦਰਝਾਤ ਤੇ ਸਪੱਸ਼ਟੀਕਰਨ' ਵਿਸ਼ੇ 'ਤੇ ਰੱਖੀ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਇਥੇ ਆੲੇ ਸਨ। ਕਾਨਫਰੰਸ ਦਾ ਪ੍ਰਬੰਧ ਕਰਨਾਟਕ ਰਾਜ ਕਿਸਾਨ ਐਸੋਸੀਏਸ਼ਨ ਤੇ ਹਾਸੀਰੁ ਸੇੇਨੇ ਵੱਲੋਂ ਕੀਤਾ ਗਿਆ ਸੀ। ਕਾਨਫਰੰਸ ਦੌਰਾਨ ਰਾਕੇਸ਼ ਟਿਕੈਤ ਸਣੇ ਹੋਰ ਆਗੂ, ਕਿਸਾਨ ਆਗੂ ਕੋਡੀਹਾਲੀ ਚੰਦਰਸ਼ੇਖਰ 'ਤੇ ਲੱਗੇ ਦੋਸ਼ਾਂ ਬਾਬਤ ਸਫ਼ਾਈ ਦੇ ਰਹੇ ਸਨ। ਸਥਾਨਕ ਮੀਡੀਆ ਨੇ ਚੰਦਰਸ਼ੇਖਰ 'ਤੇ ਦੋਸ਼ ਲਾਇਆ ਸੀ ਕਿ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਧਰਨੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਉਸ ਵੱਲੋਂ ਕਥਿਤ ਵੱਢੀ ਨੂੰ ਲੈ ਕੇ ਵਿਚੋਲਗੀ ਕੀਤੀ ਜਾ ਰਹੀ ਸੀ। ਇਸ ਦੌਰਾਨ ਤਿੰਨ ਵਿਅਕਤੀ ਅਚਾਨਕ ਮੰਚ 'ਤੇ ਚੜ੍ਹੇ ਤੇ ਉਨ੍ਹਾਂ ਰਾਕੇਸ਼ ਟਿਕੈਤ 'ਤੇ ਕਾਲੀ ਸਿਆਹੀ ਸੁੱਟੀ। ਕਿਸਾਨ ਆਗੂ ਯੁੱਧਵੀਰ ਸਿੰਘ ਉੱਤੇ ਵੀ ਕਾਲੀ ਸਿਆਹੀ ਦੇ ਛਿੱਟੇ ਪਏ। ਚਸ਼ਮਦੀਦਾਂ ਨੇ ਕਿਹਾ ਕਿ ਰਾਕੇਸ਼ ਟਿਕੈਤ ਦੇ ਸਿਰ 'ਤੇ ਸੱਟ ਵੀ ਵੱਜੀ ਹੈ। ਟਿਕੈਤ 'ਤੇ ਸਿਆਹੀ ਸੁੱਟਣ ਤੋਂ ਬਾਅਦ ਹਮਲਾਵਰ 'ਮੋਦੀ-ਮੋਦੀ' ਦੇ ਨਾਅਰੇ ਲਗਾਉਂਦੇ ਵੀ ਸੁਣੇ ਗਏ। ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਕਿਸਾਨ ਆਗੂਆਂ ਤੇ ਕਾਰਕੁਨਾਂ ਅਤੇ ਇਨ੍ਹਾਂ ਸ਼ਰਾਰਤੀ ਅਨਸਰਾਂ ਵਿਚਾਲੇ ਝੜਪ ਵੀ ਹੋਈ। ਮੌਕੇ 'ਤੇ ਪੁੱਜੀ ਸਥਾਨਕ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕਿਸਾਨ ਆਗੂਆਂ ਨੇ ਰਾਕੇਸ਼ ਟਿਕੈਤ ਦੀ ਸੁਰੱਖਿਆ 'ਚ ਨਾਕਾਮ ਰਹਿਣ ਲਈ ਕਰਨਾਟਕ ਪੁਲੀਸ ਖਿਲਾਫ਼ ਗੁੱਸਾ ਜ਼ਾਹਿਰ ਕੀਤਾ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਰਾਕੇਸ਼ ਟਿਕੈਤ 'ਤੇ ਹਮਲਾ ਕੀਤੇ ਜਾਣ ਦਾ ਖ਼ਦਸ਼ਾ ਸੀ ਤੇ ਉਨ੍ਹਾਂ ਇਸ ਸਬੰਧੀ ਪੁਲੀਸ ਨੂੰ ਸੂਚਿਤ ਵੀ ਕੀਤਾ ਪਰ ਪੁਲੀਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। -ਪੀਟੀਆਈ/ਆਈਏਐੱਨਐੱਸ

ਹਮਲਾ ਕਰਨਾਟਕ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ: ਟਿਕੈਤ

ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ 'ਤੇ ਸਿਆਹੀ ਨਾਲ ਹਮਲਾ ਕਰਨਾਟਕ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ, ''ਇਸ ਹਮਲੇ ਲਈ ਸਥਾਨਕ ਪੁਲੀਸ ਜ਼ਿੰਮੇਵਾਰ ਹੈ ਤੇ ਇਹ ਸਭ ਕੁਝ ਸਰਕਾਰ ਦੀ ਕਥਿਤ ਮਿਲੀਭੁਗਤ ਨਾਲ ਹੋਇਆ ਹੈ।'' ਉਨ੍ਹਾਂ ਕਿਹਾ ਕਿ ਇਹ ਕਰਨਾਟਕ ਸਰਕਾਰ ਅਤੇ ਪੁਲੀਸ ਦੀ ਨਾਕਾਮੀ ਹੈ। ਇਹ ਇੱਕ ਸਾਜ਼ਿਸ਼ ਸੀ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਜਗਮੋਹਨ ਸਿੰਘ ਪਟਿਆਲਾ, ਸੁਖਦਰਸ਼ਨ ਨੱਤ ਤੇ ਗਾਜ਼ੀਪੁਰ ਬਾਰਡਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਆਦਿ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਚਾਲੀ ਤੋਂ ਵੱਧ ਕਿਸਾਨ ਯੂਨੀਅਨਾਂ ਦੀ ਨੁਮਾਇੰਦਗੀ ਕਰਦੇ ਮੋਰਚੇ ਨੇ ਮੰਗ ਕੀਤੀ ਕਿ 'ਅਣਗਹਿਲੀ ਵਰਤਣ' ਵਾਲੇ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ, ਇਸ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਜਾਣ।



Most Read

2024-09-20 04:03:34