Breaking News >> News >> The Tribune


‘ਸੀਮਾ ਉਲੰਘਣ’ ਦਾ ਮਾਮਲਾ: ਧਨਖੜ ਨੇ ਅਭਿਸ਼ੇਕ ਖਿਲਾਫ਼ ਕਾਰਵਾਈ ਰਿਪੋਰਟ ਮੰਗੀ


Link [2022-05-31 08:44:30]



ਕੋਲਕਾਤਾ, 30 ਮਈ

ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦਰਮਿਆਨ 'ਸੀਮਾ ਉਲੰਘਣ' ਨੂੰ ਲੈ ਕੇ ਸ਼ੁਰੂ ਹੋੲੇ ਸੱਜਰੇ ਵਿਵਾਦ ਦਰਮਿਆਨ ਧਨਖੜ ਨੇ ਸੂਬੇ ਦੇ ਮੁੱਖ ਸਕੱਤਰ ਤੋਂ ਬੈਨਰਜੀ ਖਿਲਾਫ਼ ਹੁਣ ਤੱਕ ਕੀਤੀ ਕਾਰਵਾਈ ਲਈ 6 ਜੂਨ ਤੱਕ ਰਿਪੋਰਟ ਮੰਗ ਲਈ ਹੈ। ਰਾਜਪਾਲ ਨੇ ਮੁੱਖ ਸਕੱਤਰ ਨੂੰ ਭੇਜਿਆ ਪੱਤਰ ਆਪਣੇ ਟਵਿੱਟਰ ਹੈਂਡਲ 'ਤੇ ਵੀ ਸਾਂਝਾ ਕੀਤਾ ਹੈ। ਧਨਖੜ ਨੇ ਕਿਹਾ ਕਿ ਸੰਸਦ ਮੈਂਬਰ ਵੱਲੋਂ ਦੋਸ਼ ਲਾ ਕੇ 'ਨਿਆਂਪਾਲਿਕਾ ਦੀ ਭੰਡੀ ਕਰਨ ਦੇ ਨਾਲ ਨਿਆਂ ਦੇ ਅਮਲ ਵਿੱਚ ਬੇਲੋੜਾ ਦਖ਼ਲ ਦਿੱਤਾ ਜਾ ਰਿਹਾ ਹੈ ਅਤੇ ਇਹ ਕਾਨੂੰਨ ਪ੍ਰਤੀ ਉਨ੍ਹਾਂ ਦੇ ਘਟਦੇ ਸਤਿਕਾਰ ਨੂੰ ਵੀ ਦਰਸਾਉਂਦਾ ਹੈ।''

ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਵੱਖ ਵੱਖ ਕੇਸਾਂ ਵਿੱਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਜਾਣ ਦੇ ਹਵਾਲੇ ਨਾਲ ਨਿਆਂਪਾਲਿਕਾ ਖਿਲਾਫ਼ ਟਿੱਪਣੀਆਂ ਕੀਤੀਆਂ ਸਨ। ਕਲਕੱਤਾ ਹਾਈ ਕੋਰਟ ਨੇ ਸੂਬੇ ਵਿੱਚ ਚੋਣਾਂ ਮਗਰੋਂ ਹੋਈ ਹਿੰਸਾ ਅਤੇ ਸਕੂਲ ਸਰਵਿਸ ਕਮਿਸ਼ਨ (ਐੱਸਐੱਸਸੀ) ਵੱਲੋਂ ਅਧਿਆਪਕਾਂ ਦੀ ਭਰਤੀ ਸਣੇ ਪਿਛਲੇ ਇਕ ਸਾਲ ਵਿੱਚ ਕਈ ਕੇਸਾਂ ਦੀ ਸੀਬੀਆਈ ਜਾਂਚ ਦੇ ਹੁਕਮ ਕੀਤੇ ਸਨ। ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਨੇ ਲੰਘੇ ਦਿਨੀਂ ਹਲਦੀਆ ਵਿੱਚ ਰੈਲੀ ਦੌਰਾਨ 'ਇਕ ਫੀਸਦ ਜੁਡੀਸ਼ਰੀ' ਨੂੰ ਸੂਬੇ ਵਿੱਚ 'ਹਰ ਕੇਸ' ਦੀ ਸੀਬੀਆਈ ਜਾਂਚ ਦੇ ਹੁਕਮ ਕਰਨ ਲਈ ਭੰਡਿਆ ਸੀ। ਬੈਨਰਜੀ ਨੇ ਕਿਹਾ ਸੀ, ''ਮੈਨੂੰ ਸ਼ਰਮ ਆਉਂਦੀ ਹੈ ਕਿ ਨਿਆਂਪਾਲਿਕਾ ਵਿੱਚ ਇਕ ਜਾਂ ਦੋ ਵਿਅਕਤੀ ਹਨ, ਜੋ ਮਿਲੀਭੁਗਤ ਨਾਲ ਹਰ ਕੇਸ ਵਿੱਚ ਸੀਬੀਆਈ ਜਾਂਚ ਦੇ ਹੁਕਮ ਕਰ ਰਹੇ ਹਨ। ਇਹ ਨਿਆਂਪਾਲਿਕਾ ਦਾ ਸਿਰਫ਼ ਇਕ ਫੀਸਦ ਹਨ।'' ਧਨਖੜ ਨੇ ਬੈਨਰਜੀ ਦੀ ਇਸ ਟਿੱਪਣੀ ਨੂੰ 'ਸੀਮਾ ਦੀ ਉਲੰਘਣਾ' ਦਸਦਿਆਂ ਮੁੱਖ ਸਕੱਤਰ ਨੂੰ ਸੰਸਦ ਮੈਂਬਰ ਖਿਲਾਫ਼ ਢੁੱਕਵੀਂ ਕਾਰਵਾਈ ਦੀ ਹਦਾਇਤ ਕੀਤੀ ਸੀ। -ਪੀਟੀਆਈ

ਭਾਜਪਾ ਆਗੂਆਂ ਵੱਲੋਂ ਵਿਵਾਦਿਤ ਬਿਆਨ ਮੌਕੇ ਧਨਖੜ ਚੁੱਪੀ ਸਾਧ ਲੈਂਦੇ ਨੇ: ਅਭਿਸ਼ੇਕ

ਕੋਲਕਾਤਾ: ਟੀਐੱਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ 'ਨਾ ਤਾਂ ਉਨ੍ਹਾਂ ਕਿਸੇ ਜੱਜ ਦਾ ਨਾਮ ਲਿਆ ਹੈ ਅਤੇ ਨਾ ਹੀ ਕਿਸੇ ਖਾਸ ਫੈਸਲੇ ਦਾ ਜ਼ਿਕਰ ਕੀਤਾ ਹੈ', ਫਿਰ ਰਾਜਪਾਲ ਧਨਖੜ ਨੂੰ ਅਜਿਹਾ ਪ੍ਰਤੀਕਰਮ ਵਿਖਾਉਣ ਦੀ ਕੀ ਲੋੜ ਸੀ। ਬੈਨਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਜਦੋਂ ਕਦੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਿਰਾਦਰ ਕਰਦੇ ਹਨ ਜਾਂ ਫਿਰ ਕੋਈ ਵਿਵਾਦਿਤ ਟਿੱਪਣੀ ਕਰਦੇ ਹਨ, ਉਦੋਂ ਤਾਂ ਧਨਖੜ ਚੁੱਪੀ ਸਾਧ ਲੈਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਦੇਸ਼ ਦੇ ਨਾਗਰਿਕ 'ਕਿਸੇ ਵੀ ਫੈਸਲੇ ਦੀ ਆਲੋਚਨਾ ਕਰਨ ਲਈ ਆਜ਼ਾਦ ਹਨ।' -ਪੀਟੀਆਈ

ਅਭਿਸ਼ੇਕ ਖਿਲਾਫ਼ ਅਦਾਲਤੀ ਹੱਤਕ ਤਹਿਤ ਕਾਰਵਾਈ ਦੀ ਮੰਗ ਕਰਦੀ ਪਟੀਸ਼ਨ ਖਾਰਜ

ਕੋਲਕਾਤਾ: ਕਲਕੱਤਾ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵੱਲੋਂ ਨਿਆਂਪਾਲਿਕਾ ਖਿਲਾਫ਼ ਕੀਤੀਆਂ ਟਿੱਪਣੀਆਂ ਦਾ ਆਪੂੰ ਨੋਟਿਸ ਲੈਂਦਿਆਂ ਉਸ ਖਿਲਾਫ਼ ਅਦਾਲਤੀ ਹੱਤਕ ਤਹਿਤ ਕਾਰਵਾਈ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹਾਈ ਕੋਰਟ ਦੇ ਬੈਂਚ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਬੈਨਰਜੀ ਨੇ ਅਜਿਹਾ ਕੋਈ ਬੋਲ ਬੋਲਿਆ ਹੈ, ਜਿਸ ਨਾਲ ਕੋਰਟ ਦੀ ਭੰਡੀ ਹੁੰਦੀ ਹੋਵੇ। ਵੈਕੇਸ਼ਨ ਬੈਂਚ ਕੋਲ ਪਟੀਸ਼ਨ ਦਾਖ਼ਲ ਕਰਕੇ ਦਾਅਵਾ ਕੀਤਾ ਸੀ ਕਿ ਬੈਨਰਜੀ ਨੇ ਨਿਆਂਪਾਲਿਕਾ ਖਿਲਾਫ਼ ਟਿੱਪਣੀਆਂ ਕਰਕੇ ਇਸ ਦੀ ਮਰਿਆਦਾ ਨੂੰ ਘਟਾਇਆ ਹੈ।



Most Read

2024-09-20 04:06:59