Breaking News >> News >> The Tribune


ਨਫ਼ਰਤੀ ਤਕਰੀਰ: ਹਾਈ ਕੋਰਟ ਨੇ ਸਿਆਸੀ ਆਗੂਆਂ ਨੂੰ ਜਵਾਬ ਦਾਖ਼ਲ ਕਰਨ ਲਈ ਦੋ ਹਫ਼ਤੇ ਦਿੱਤੇ


Link [2022-05-31 08:44:30]



ਨਵੀਂ ਦਿੱਲੀ, 30 ਮਈ

ਦਿੱਲੀ ਹਾਈ ਕੋਰਟ ਨੇ ਫਰਵਰੀ 2020 ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਤੋਂ ਪਹਿਲਾਂ ਕਥਿਤ ਨਫ਼ਰਤੀ ਭਾਸ਼ਣ ਦੇਣ ਦੇ ਮਾਮਲੇ ਵਿੱਚ ਧਿਰ ਬਣਾ ਕੇ ਐੱਫਆਈਆਰ ਦਰਜ ਕਰਨ ਅਤੇ ਜਾਂਚ ਦੀ ਮੰਗ ਨਾਲ ਸਬੰਧਤ ਪਟੀਸ਼ਨਾਂ 'ਤੇ ਕਈ ਸਿਆਸੀ ਪਾਰਟੀ ਦੇ ਆਗੂਆਂ ਤੇ ਹੋਰਨਾਂ ਤੋਂ ਦੋ ਹਫ਼ਤੇ ਵਿੱਚ ਜਵਾਬ ਮੰਗਿਆ ਹੈ। ਜਸਟਿਸ ਸਿਧਾਰਥ ਮ੍ਰਿਦੁਲ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਕੇਸ ਦੀ ਸੁਣਵਾਈ ਦੌਰਾਨ ਨੋਟ ਕੀਤਾ ਕਿ ਕੁਝ ਸਿਆਸੀ ਆਗੂਆਂ ਤੇ ਹੋਰਨਾਂ ਦੇ ਵਕੀਲ ਹੀ ਅਦਾਲਤ ਵਿਚ ਮੌਜੂਦ ਹਨ। ਬੈਂਚ ਨੇ ਹਦਾਇਤ ਕੀਤੀ ਕਿ ਤਜਵੀਜ਼ਤ ਪ੍ਰਤੀਵਾਦੀਆਂ ਨੂੰ ਕੇਸ ਨਾਲ ਸਬੰਧਤ ਲੋੜੀਂਦੀ ਸਮੱਗਰੀ ਤੇ ਹੋਰ ਦਸਤਾਵੇਜ਼ ਮੁਹੱਈਆ ਕੀਤੇ ਜਾਣੇ। ਬੈਂਚ, ਜਿਸ ਵਿੱਚ ਜਸਟਿਸ ਗੋਰੰਗ ਕੰਠ ਵੀ ਸ਼ਾਮਲ ਸਨ, ਨੇ ਕਿਹਾ ਕਿ ਸਬੰਧਤ ਧਿਰਾਂ ਦੋ ਹਫ਼ਤਿਆਂ ਅੰਦਰ ਆਪਣਾ ਜਵਾਬ ਦਾਖਲ ਕਰ ਸਕਦੀਆਂ ਹਨ। ਕਾਬਿਲੇਗੌਰ ਹੈ ਕਿ ਹਾਈ ਕੋਰਟ ਨੇ ਦੋ ਪਟੀਸ਼ਨਾਂ ਦੇ ਆਧਾਰ 'ਤੇ ਅਨੁਰਾਗ ਠਾਕੁਰ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਸੀ। ਇਨ੍ਹਾਂ ਵਿਚੋਂ ਇਕ ਪਟੀਸ਼ਨ ਸ਼ੇਖ਼ ਮੁਜਤਬਾ ਫ਼ਾਰੂਕ ਵੱਲੋਂ ਦਰਜ ਕੀਤੀ ਗਈ ਹੈ, ਜਿਸ ਵਿੱਚ ਨਫ਼ਰਤੀ ਤਕਰੀਰ ਲਈ ਭਾਜਪਾ ਆਗੂ ਅਨੁਰਾਗ ਠਾਕੁਰ, ਕਪਿਲ ਮਿਸ਼ਰਾ, ਪਰਵੇਸ਼ ਵਰਮਾ ਤੇ ਅਭੈ ਵਰਮਾ ਖਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਲਾਇਰਜ਼ ਵੁਆਇਸ ਵੱਲੋਂ ਦਰਜ ਦੂਜੀ ਪਟੀਸ਼ਨ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ, 'ਆਪ' ਵਿਧਾਇਕ ਅਮਾਨਤਉੱਲਾ ਖ਼ਾਨ, ਏਆਈਐੱਮਆਈਐੱਮ ਆਗੂ ਅਕਬਰੂਦੀਨ ਓਵਾਇਸੀ, ਹਰਸ਼ ਮੰਦਰ, ਸਵਰਾ ਭਾਸਕਰ, ਉਮਰ ਖਾਲਿਦ, ਬੰਬੇ ਹਾਈ ਕੋਰਟ ਦੇ ਸਾਬਕਾ ਜੱਜ ਬੀ.ਜੀ.ਕੋਲਸੇ ਪਾਟਿਲ ਅਤੇ ਹੋਰਨਾਂ ਖਿਲਾਫ਼ ਨਫ਼ਰਤੀ ਤਕਰੀਰ ਲਈ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। -ਪੀਟੀਆਈ



Most Read

2024-09-20 03:52:32