Breaking News >> News >> The Tribune


ਯੂਪੀਐੱਸਸੀ: ਪਹਿਲੇ ਤਿੰਨ ਸਥਾਨਾਂ ’ਤੇ ਕੁੜੀਆਂ ਕਾਬਜ਼


Link [2022-05-31 08:44:30]



ਨਵੀਂ ਦਿੱਲੀ, 30 ਮਈ

ਇਤਿਹਾਸ ਵਿਸ਼ੇ ਦੀ ਵਿਦਿਆਰਥਣ ਸ਼ਰੁਤੀ ਸ਼ਰਮਾ ਨੇ ਸਿਵਲ ਸੇਵਾਵਾਂ ਪ੍ਰੀਖਿਆ 2021 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪਹਿਲੇ ਤਿੰਨ ਸਥਾਨਾਂ 'ਤੇ ਇਸ ਵਾਰ ਕੁੜੀਆਂ ਨੇ ਬਾਜ਼ੀ ਮਾਰੀ ਹੈ। ਯੂਪੀਐੱਸਸੀ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ਵਿਚ ਅੰਕਿਤਾ ਅਗਰਵਾਲ ਨੇ ਦੂਜਾ ਤੇ ਗਾਮਿਨੀ ਸਿੰਗਲਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਸਫ਼ਲ ਹੋਏ ਕੁੱਲ 685 ਉਮੀਦਵਾਰਾਂ ਵਿਚੋਂ 508 ਪੁਰਸ਼ ਤੇ 177 ਔਰਤਾਂ ਹਨ। ਯੂਪੀਐੱਸਸੀ ਨੇ ਵੱਖ-ਵੱਖ ਸਿਵਲ ਸੇਵਾਵਾਂ ਲਈ ਇਨ੍ਹਾਂ ਦੇ ਨਾਂ ਦੀ ਸਿਫ਼ਾਰਿਸ਼ ਕਰ ਦਿੱਤੀ ਹੈ। ਸ਼ਰੁਤੀ ਨੇ ਦਿੱਲੀ ਯੂਨੀਵਰਸਿਟੀ ਤੋਂ ਇਤਿਹਾਸ (ਆਨਰਜ਼) ਵਿਸ਼ੇ ਵਿਚ ਗ੍ਰੈਜੂਏਸ਼ਨ ਕੀਤੀ ਹੈ।

ਅੰਕਿਤਾ ਅਗਰਵਾਲ

ਉਸ ਨੇ ਪ੍ਰੀਖਿਆ ਲਈ ਇਤਿਹਾਸ ਨੂੰ ਚੋਣਵੇਂ ਵਿਸ਼ੇ ਵਜੋਂ ਲਿਆ ਸੀ। ਦੂਜਾ ਸਥਾਨ ਹਾਸਲ ਕਰਨ ਵਾਲੀ ਅੰਕਿਤਾ ਅਗਰਵਾਲ ਨੇ ਅਰਥਸ਼ਾਸਤਰ (ਆਨਰਜ਼) ਵਿਸ਼ੇ ਵਿਚ ਦਿੱਲੀ ਯੂਨੀਵਰਸਿਟੀ ਤੋਂ ਹੀ ਗ੍ਰੈਜੂਏਸ਼ਨ ਕੀਤੀ ਹੈ। ਉਸ ਨੇ ਰਾਜਨੀਤੀ ਵਿਗਿਆਨ ਤੇ ਕੌਮਾਂਤਰੀ ਸਬੰਧਾਂ ਨੂੰ ਚੋਣਵੇਂ ਵਿਸ਼ਿਆਂ ਵਜੋਂ ਲਿਆ ਸੀ। ਗਾਮਿਨੀ ਸਿੰਗਲਾ ਕੰਪਿਊਟਰ ਸਾਇੰਸ ਵਿਚ ਬੀ.ਟੈੱਕ ਹੈ ਤੇ ਉਸ ਨੇ ਸਮਾਜ ਸ਼ਾਸਤਰ ਨੂੰ ਚੋਣਵੇਂ ਵਿਸ਼ੇ ਵਜੋਂ ਲਿਆ ਸੀ। ਐਸ਼ਵਰਿਆ ਵਰਮਾ ਨੇ ਚੌਥਾ ਤੇ ਉਤਕਰਸ਼ ਦਿਵੇਦੀ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਸਿਖ਼ਰਲੇ 25 ਉਮੀਦਵਾਰਾਂ ਵਿਚ 15 ਪੁਰਸ਼ ਤੇ 10 ਔਰਤਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਫ਼ਲ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੱਤੀ ਹੈ ਤੇ ਪ੍ਰੀਖਿਆ ਵਿਚ ਸਫ਼ਲ ਨਾ ਹੋਣ ਵਾਲਿਆਂ ਨੂੰ ਵੀ ਉਤਸ਼ਾਹਿਤ ਕੀਤਾ। ਚੋਟੀ ਦੇ 25 ਸਫ਼ਲ ਉਮੀਦਵਾਰਾਂ ਨੇ ਅਰਥਸ਼ਾਸਤਰ, ਭੂਗੋਲ, ਹਿੰਦੀ ਸਾਹਿਤ, ਇਤਿਹਾਸ, ਗਣਿਤ, ਸਿਹਤ ਵਿਗਿਆਨ, ਰਾਜਨੀਤੀ ਵਿਗਿਆਨ ਤੇ ਕੌਮਾਂਤਰੀ ਸਬੰਧ, ਲੋਕ ਪ੍ਰਸ਼ਾਸਨ ਆਦਿ ਵਿਸ਼ੇ ਮੁੱਖ ਤੌਰ 'ਤੇ ਚੁਣੇ ਸਨ। ਜਿਨ੍ਹਾਂ ਉਮੀਦਵਾਰਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ, ਉਨ੍ਹਾਂ ਵਿਚੋਂ 25 ਵੱਖ-ਵੱਖ ਵਰਗਾਂ ਦੇ ਅੰਗਹੀਣ ਵੀ ਹਨ। ਸਫ਼ਲ ਉਮੀਦਵਾਰਾਂ 'ਚ 244 ਜਨਰਲ ਵਰਗ ਨਾਲ, 73 ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ, 203 ਹੋਰਨਾਂ ਪੱਛੜੇ ਵਰਗਾਂ ਨਾਲ, 105 ਅਨੁਸੂਚਿਤ ਜਾਤੀਆਂ ਨਾਲ ਤੇ 60 ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਹਨ। ਸਿਵਲ ਸੇਵਾਵਾਂ ਪ੍ਰੀਖਿਆ 2021 ਦਾ ਪ੍ਰੀਲਿਮ ਪੇਪਰ 10 ਅਕਤੂਬਰ 2021 ਨੂੰ ਹੋਇਆ ਸੀ। ਇਸ ਪ੍ਰੀਖਿਆ ਲਈ ਕੁੱਲ 10,93,984 ਉਮੀਦਵਾਰਾਂ ਨੇ ਅਰਜ਼ੀ ਦਿੱਤੀ ਸੀ ਜਿਨ੍ਹਾਂ ਵਿਚੋਂ 5,08,619 ਉਮੀਦਵਾਰ ਪ੍ਰੀਖਿਆ ਵਿਚ ਬੈਠੇ ਸਨ। ਮੇਨ ਪ੍ਰੀਖਿਆ ਲਈ 9,214 ਉਮੀਦਵਾਰਾਂ ਨੇ ਹੀ ਕੁਆਲੀਫਾਈ ਕੀਤਾ ਸੀ ਜੋ ਕਿ ਜਨਵਰੀ 2022 ਵਿਚ ਹੋਈ ਸੀ। ਇਸ ਤੋਂ ਬਾਅਦ 1,824 ਉਮੀਦਵਾਰਾਂ ਨੂੰ 'ਪਰਸਨੈਲਿਟੀ ਟੈਸਟ' ਜਾਂ ਇੰਟਰਵਿਊ ਲਈ ਚੁਣਿਆ ਗਿਆ ਸੀ। 80 ਉਮੀਦਵਾਰਾਂ ਦਾ ਪ੍ਰੋਵੀਜ਼ਨਲ ਨਤੀਜਾ ਜਾਰੀ ਕੀਤਾ ਗਿਆ ਹੈ ਜਦਕਿ ਇਕ ਉਮੀਦਵਾਰ ਦਾ ਨਤੀਜਾ ਰੋਕ ਲਿਆ ਗਿਆ ਹੈ। ਨਤੀਜੇ ਯੂਪੀਐੱਸਸੀ ਦੀ ਵੈੱਬਸਾਈਟ ਉਤੇ ਪਾ ਦਿੱਤੇ ਗਏ ਹਨ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਸਫ਼ਲ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। -ਪੀਟੀਆਈ

ਆਨੰਦਪੁਰ ਸਾਹਿਬ ਦੀ ਗਾਮਿਨੀ ਰਹੀ ਤੀਜੇ ਸਥਾਨ 'ਤੇ

ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਸ੍ਰੀ ਆਨੰਦਪੁਰ ਸਾਹਿਬ ਦੀ ਵਸਨੀਕ ਗਾਮਿਨੀ ਸਿੰਗਲਾ ਨੇ ਸਿਵਲ ਸੇਵਾਵਾਂ 'ਚ ਦੇਸ਼ ਭਰ ਵਿੱਚੋਂ ਤੀਜੇ ਸਥਾਨ 'ਤੇ ਆ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਗਾਮਿਨੀ ਦੇ ਮਾਤਾ-ਪਿਤਾ ਪੇਸ਼ੇ ਵਜੋਂ ਡਾਕਟਰ ਹਨ ਅਤੇ ਹਿਮਾਚਲ ਦੀ ਸ੍ਰੀ ਨੈਣਾ ਦੇਵੀ ਤਹਿਸੀਲ ਅਧੀਨ ਸੇਵਾਵਾਂ ਨਿਭਾਅ ਰਹੇ ਹਨ। ਗਾਮਿਨੀ ਦੇ ਮਾਪਿਆ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਇਸ ਪ੍ਰਾਪਤੀ 'ਤੇ ਮਾਣ ਹੈ। ਜ਼ਿਕਰਯੋਗ ਹੈ ਕਿ ਗਾਮਿਨੀ ਨੇ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ ਤੋਂ ਕੰਪਿਊਟਰ ਸਾਇੰਸ ਵਿੱਚ ਡਿਗਰੀ ਕੀਤੀ ਹੈ।



Most Read

2024-09-20 03:45:14