Breaking News >> News >> The Tribune


ਕਾਂਗਰਸ ਵੱਲੋਂ ਮੂਸੇਵਾਲਾ ਦੇ ਕਤਲ ਦੇ ਵਿਰੋਧ ਵਿੱਚ ਕੇਜਰੀਵਾਲ ਖ਼ਿਲਾਫ਼ ਰੋਸ ਪ੍ਰਦਰਸ਼ਨ


Link [2022-05-31 08:44:30]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 30 ਮਈ

ਦਿੱਲੀ ਪ੍ਰਦੇਸ਼ ਕਾਂਗਰਸ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ 'ਆਪ' ਨੂੰ ਜ਼ਿੰਮੇਵਾਰ ਦਸਦੇ ਹੋਏ ਪੰਜਾਬ ਵਿੱਚ ਸਰਕਾਰ ਚਲਾ ਰਹੀ ਇਸ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਕੋਲ ਰੋਸ ਪ੍ਰਦਰਸ਼ਨ ਕੀਤਾ। ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ) ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਸੂਬਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਹੇਠ ਕਾਂਗਰਸੀ ਕਾਰਕੁਨ ਸੁਸ਼ੂਰਤਾ ਟਰਾਮਾ ਕੇਂਦਰ ਕੋਲ ਇਕੱਠੇ ਹੋਏ ਤੇ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਵੱਲ ਨਾਅਰੇ ਲਾਉਂਦੇ ਹੋਏ ਅੱਗੇ ਵੱਧਣ ਲੱਗੇ ਤਾਂ ਉਨ੍ਹਾਂ ਨੂੰ ਡੱਕ ਲਿਆ ਗਿਆ। ਕਾਂਗਰਸੀ ਵਰਕਰਾਂ ਨੇ ਜਿਉਂ ਹੀ ਪੁਲੀਸ ਦੀਆਂ ਰੋਕਾਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਸੂਬਾ ਪ੍ਰਧਾਨ ਅਨਿਲ ਕੁਮਾਰ ਸਮੇਤ ਹੋਰਨਾਂ ਨੂੰ ਸਿਵਲ ਲਾਈਨਜ਼ ਥਾਣੇ ਲਿਜਾਇਆ ਗਿਆ। ਭਾਜਪਾ ਕਾਰਕੁਨਾਂ ਵੱਲੋਂ ਦੋ ਮਹੀਨੇ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਮਚਾਈ ਹੁੱਲੜਬਾਜ਼ੀ ਮਗਰੋਂ ਸਥਾਨਕ ਪੁਲੀਸ ਨੇ ਅੱਜ ਚੌਕਸੀ ਵਰਤਦਿਆਂ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵੱਧਣ ਦੀ ਖੁੱਲ੍ਹ ਨਹੀਂ ਦਿੱਤੀ। ਅਨਿਲ ਕੁਮਾਰ ਤੇ ਹੋਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਦਿਨ-ਦਿਹਾੜੇ ਕੀਤੇ ਗਏ ਇਸ ਕਤਲ ਲਈ ਕੇਜਰੀਵਾਲ ਜਵਾਬ ਦੇਣ ਕਿ ਗਾਇਕ ਦੀ ਜ਼ਿੰਦਗੀ ਨੂੰ ਖ਼ਤਰਾ ਹੋਣ ਦੇ ਬਾਵਜੂਦ ਖ਼ੁਫੀਆ ਏਜੰਸੀਆਂ ਨਾਕਾਮ ਕਿਉਂ ਰਹੀਆਂ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਗਾਇਕ ਦੀ ਸੁਰੱਖਿਆ ਵਾਪਸ ਲੈਣ ਦੀ ਨਿੰਦਾ ਕੀਤੀ। ਕਾਂਗਰਸੀ ਬੁਲਾਰਿਆਂ ਨੇ ਪੰਜਾਬ ਦੀ ਨਿੱਘਰਦੀ ਅਮਨ ਕਾਨੂੰਨ ਵਿਵਸਥਾ ਲਈ ਭਗਵੰਤ ਮਾਨ ਸਰਕਾਰ ਨੂੰ ਲੰਮੇ ਹੱਥੀਂ ਲਿਆ।



Most Read

2024-09-20 03:42:11