Breaking News >> News >> The Tribune


ਰਾਜ ਸਭਾ ਚੋਣਾਂ: ਉਮੀਦਵਾਰਾਂ ਦੀ ਸੂਚੀ ਮਗਰੋਂ ਕਾਂਗਰਸ ’ਚ ਨਾਰਾਜ਼ਗੀ ਦੇ ਸੁਰ


Link [2022-05-31 08:44:30]



ਨਵੀਂ ਦਿੱਲੀ, 30 ਮਈ

ਕਾਂਗਰਸ ਵੱਲੋਂ ਰਾਜ ਸਭਾ ਚੋਣਾਂ ਲਈ ਆਪਣੇ 10 ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਮਗਰੋਂ ਪਾਰਟੀ ਅੰਦਰ ਨਾਰਾਜ਼ਗੀ ਦੇ ਸੁਰ ਉਭਰਨੇ ਸ਼ੁਰੂ ਹੋ ਗਏ ਹਨ। ਅਦਾਕਾਰਾ ਅਤੇ ਸਿਆਸਤਦਾਨ ਨਗਮਾ ਮੋਰਾਰਜੀ ਨੇ ਉਮੀਦਵਾਰਾਂ ਦੇ ਨਾਮ 'ਤੇ ਸਵਾਲ ਉਠਾਏ ਹਨ। ਨਗਮਾ ਨੇ ਟਵਿੱਟਰ 'ਤੇ ਕਿਹਾ ਕਿ ਉਸ ਨੂੰ ਉਪਰਲੇ ਸਦਨ 'ਚ ਭੇਜੇ ਜਾਣ ਦਾ ਵਾਅਦਾ 18 ਸਾਲ ਪਹਿਲਾਂ ਕੀਤਾ ਗਿਆ ਸੀ ਪਰ ਇਹ ਅੱਜ ਤੱਕ ਨਹੀਂ ਨਿਭਾਇਆ ਗਿਆ ਹੈ। ਉਨ੍ਹਾਂ ਕਾਂਗਰਸ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਵਿਭਾਗ ਦੇ ਮੁਖੀ ਤੇ ਸ਼ਾਇਰ ਇਮਰਾਨ ਪ੍ਰਤਾਪਗੜ੍ਹੀ ਨੂੰ ਮਹਾਰਾਸ਼ਟਰ ਤੋਂ ਰਾਜ ਸਭਾ ਉਮੀਦਵਾਰ ਬਣਾਏ ਜਾਣ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਟਵਿੱਟਰ 'ਤੇ ਕਿਹਾ, ''ਸ਼ਾਇਦ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਹੋਵੇਗੀ।'' ਨਗਮਾ ਨੇ ਰੀਟਵੀਟ ਕਰਦਿਆਂ ਕਿਹਾ ਕਿ ਉਸ ਦੀ 18 ਸਾਲ ਦੀ ਤਪੱਸਿਆ ਵੀ ਕੰਮ ਨਹੀਂ ਆਈ। ਇਕ ਹੋਰ ਕਾਂਗਰਸ ਆਗੂ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਨੇ ਖੇੜਾ ਦੇ ਟਵੀਟ ਅੱਗੇ ਭੇਜਦਿਆਂ ਕਿਹਾ ਕਿ ਹੁਨਰਮੰਦਾਂ ਦਾ ਦਮਨ ਕਰਨਾ ਪਾਰਟੀ ਲਈ ਆਤਮਘਾਤੀ ਕਦਮ ਹੈ। ਉਨ੍ਹਾਂ ਨਗਮਾ ਦੀ 18 ਸਾਲ ਦੀ ਤਪੱਸਿਆ ਵਾਲੀ ਟਿੱਪਣੀ ਬਾਰੇ ਕਿਹਾ ਕਿ ਸਲਮਾਨ ਖੁਰਸ਼ੀਦ, ਤਾਰਿਕ ਅਨਵਰ ਤੇ ਗੁਲਾਮ ਨਬੀ ਆਜ਼ਾਦ ਦੀ ਤਪੱਸਿਆ ਤਾਂ 40 ਸਾਲ ਦੀ ਹੈ, ਉਹ ਵੀ 'ਸ਼ਹੀਦ' ਹੋ ਗਏ। ਰਾਜਸਥਾਨ ਦੇ ਸਿਰੋਹੀ ਤੋਂ ਆਜ਼ਾਦ ਵਿਧਾਇਕ ਸੰਯਮ ਲੋਢਾ ਨੇ ਕਾਂਗਰਸ ਦੇ ਤਿੰਨ ਉਮੀਦਵਾਰਾਂ ਦੇ ਰਾਜਸਥਾਨ ਤੋਂ ਬਾਹਰ ਦਾ ਹੋਣ 'ਤੇ ਸਵਾਲ ਕਰਦਿਆਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਟਵੀਟ ਕੀਤਾ ਹੈ। -ਪੀਟੀਆਈ

ਚੇਨੱਈ ਵਿੱਚ ਤਾਮਿਲਨਾਡੂ ਸਕੱਤਰੇਤ 'ਚ ਪੱਤਰ ਸੌਂਪਦੇ ਹੋਏ ਕਾਂਗਰਸੀ ਆਗੂ ਪੀ. ਚਿੰਦਬਰਮ। -ਫੋਟੋ: ਪੀਟੀਆਈ

ਭਾਜਪਾ ਦੇ ਤਿੰਨ ਤੇ ਕਾਂਗਰਸ ਦੇ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਭਰੀ

ਨਵੀਂ ਦਿੱਲੀ: ਰਾਜ ਸਭਾ ਚੋਣਾਂ ਲਈ ਅੱਜ ਭਾਜਪਾ ਦੇ ਤਿੰਨ ਅਤੇ ਕਾਂਗਰਸ ਦੇ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਭਾਜਪਾ ਨੇ ਮਹਾਰਾਸ਼ਟਰ ਤੋਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੇ ਨਾਲ ਹੀ ਸੀਨੀਅਰ ਆਗੂਆਂ ਅਨਿਲ ਬੌਂਦੇ ਅਤੇ ਧਨੰਜੈ ਮਹਾਦਿਕ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸੇ ਤਰ੍ਹਾਂ ਕਾਂਗਰਸ ਵੱਲੋਂ ਆਪਣੇ ਦਸ ਉਮੀਦਵਾਰ ਐਲਾਨੇ ਜਾਣ ਮਗਰੋਂ ਪਾਰਟੀ ਅੰਦਰ ਪੈਦਾ ਹੋਏ ਰੋਸ ਦੇ ਬਾਵਜੂਦ ਕਾਂਗਰਸੀ ਆਗੂ ਪੀ. ਚਿਦੰਬਰਮ, ਜੈਰਾਮ ਰਮੇਸ਼, ਮਨਸੂਰ ਅਲੀ, ਵਿਵੇਕ ਤਨਖਾ ਅਤੇ ਇਮਰਾਨ ਪ੍ਰਤਾਪਗੜ੍ਹੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਤੇ ਮਨਸੂਰ ਅਲੀ ਨੇ ਕਰਨਾਟਕ ਅਤੇ ਇਮਰਾਨ ਪ੍ਰਤਾਪਗੜ੍ਹੀ ਨੇ ਮਹਾਰਾਸ਼ਟਰ ਤੋਂ ਪਰਚੇ ਭਰੇ। ਇਸੇ ਦੌਰਾਨ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਮੁਖੀ ਜੈਅੰਤ ਚੌਧਰੀ ਨੇ ਸਮਾਜਵਾਦੀ ਪਾਰਟੀ (ਸਪਾ) ਅਤੇ ਆਰਐੱਲਡੀ ਦੇ ਸਾਂਝੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਵੀ ਉਨ੍ਹਾਂ ਨਾਲ ਸਨ। ਇਸ ਦੌਰਾਨ ਪੀ.ਚਿਦੰਬਰਮ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਤੋਂ ਨਹੀਂ ਬਲਕਿ ਉਨ੍ਹਾਂ ਦੀ ਪਾਰਟੀ ਦੀ ਵਿਚਾਰਧਾਰਾ ਤੋਂ ਡਰਦੀ ਹੈ। -ਪੀਟੀਆਈ



Most Read

2024-09-20 03:44:50