Breaking News >> News >> The Tribune


ਨੋਟਬੰਦੀ ਦੀ ‘ਸਫ਼ਲਤਾ’ ਨੇ ਆਰਥਿਕਤਾ ਡੋਬੀ: ਰਾਹੁਲ


Link [2022-05-30 07:59:51]



ਨਵੀਂ ਦਿੱਲੀ, 29 ਮਈ

ਨੋਟਬੰਦੀ ਬਾਰੇ ਵਿਰੋਧੀ ਦਲਾਂ ਵੱਲੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਕਦਮ ਦੀ ਇੱਕੋ-ਇੱਕ 'ਮੰਦਭਾਗੀ ਸਫ਼ਲਤਾ' ਭਾਰਤ ਦੀ ਅਰਥਵਿਵਸਥਾ ਦਾ ਡੁੱਬਣਾ' ਹੈ। ਸ੍ਰੀ ਗਾਂਧੀ ਨੇ ਟਵਿਟਰ 'ਤੇ ਇੱਕ ਮੀਡੀਆ ਰਿਪੋਰਟ ਦੇ ਸਕਰੀਨਸ਼ਾਟ ਨੂੰ ਟੈਗ ਕੀਤਾ, ਜਿਸ ਵਿੱਚ ਆਰਬੀਆਈ ਦੀ ਸਾਲਾਨਾ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਸੀ ਕਿ 500 ਰੁਪਏ ਦੇ ਜਾਅਲੀ ਨੋਟਾਂ 'ਚ ਸੌ ਫ਼ੀਸਦੀ ਤੇ 2,000 ਰੁਪਏ ਦੇ ਜਾਅਲੀ ਨੋਟਾਂ 'ਚ 50 ਫ਼ੀਸਦੀ ਦਾ ਵਾਧਾ ਹੋਇਆ। ਇਹ ਦੋਵੇਂ ਕਿਸਮ ਦੇ ਨੋਟ 500 ਰੁਪਏ ਤੇ 1,000 ਰੁਪਏ ਦੇ ਪੁਰਾਣੇ ਨੋਟਾਂ 'ਤੇ ਪਾਬੰਦੀ ਲਾਉਣ ਤੋਂ ਬਾਅਦ ਜਾਰੀ ਕੀਤੇ ਗਏ ਸਨ। ਕਾਂਗਰਸੀ ਆਗੂ ਨੇ ਇੱਕ ਟਵੀਟ 'ਚ ਕਿਹਾ,'ਨੋਟਬੰਦੀ ਦੀ ਇੱਕੋ-ਇੱਕ 'ਮੰਦਭਾਗੀ ਸਫ਼ਲਤਾ' ਭਾਰਤ ਦੀ ਅਰਥਵਿਵਸਥਾ ਦਾ ਡੁੱਬਣਾ ਹੈ।' ਟੀਐੱਮਸੀ ਆਗੂ ਡੈਰੇਕ ਓ'ਬਰਾਇਨ ਨੇ ਵੀ ਆਰਬੀਆਈ ਦੀ ਰਿਪੋਰਟ 'ਤੇ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਟਵੀਟ ਕੀਤਾ,'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਮਸਕਾਰ। ਕੀ ਤੁਹਾਨੂੰ ਨੋਟਬੰਦੀ ਯਾਦ ਹੈ? ਤੁਸੀਂ ਨੋਟਬੰਦੀ 'ਤੇ ਵਾਅਦਾ ਕੀਤਾ ਸੀ ਕਿ ਸਾਰੀ ਜਾਅਲੀ ਕਰੰਸੀ ਖ਼ਤਮ ਹੋ ਜਾਵੇਗੀ। ਇੱਥੇ ਆਰਬੀਆਈ ਦੀ ਨਵੀਂ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਾਅਲੀ ਨੋਟਾਂ ਦੀ ਗਿਣਤੀ ਵਧ ਗਈ ਹੈ।' ਸ਼ਿਵਸ਼ੈਨਾ ਐੱਮਪੀ ਪ੍ਰਿਯੰਕਾ ਚਤੁਰਵੇਦੀ ਨੇ ਵੀ ਮੋਦੀ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕਿਹਾ,'ਨੋਟਬੰਦੀ ਦੇ ਲਾਭਾਂ 'ਚੋਂ ਇੱਕ ਨੂੰ ਹੁਣ ਮਹਿਸੂਸ ਕੀਤਾ ਜਾ ਰਿਹਾ ਹੈ।' -ਪੀਟੀਆਈ



Most Read

2024-09-20 06:45:12