Breaking News >> News >> The Tribune


ਪੈਦਾਵਾਰ ਘਟਣ ਕਾਰਨ ਅੰਬ ਹੋ ਸਕਦੇ ਨੇ ਮਹਿੰਗੇ


Link [2022-05-30 07:59:51]



ਲਖਨਊ, 29 ਮਈ

ਉੱਤਰ ਪ੍ਰਦੇਸ਼ ਵਿੱਚ 'ਫਲਾਂ ਦੇ ਰਾਜੇ' ਅੰਬ ਦੀ ਪੈਦਾਵਰ ਵਿੱਚ 70 ਫੀਸਦੀ ਕਮੀ ਆਉਣ ਕਾਰਨ ਇਸ ਵਾਰ ਲੋਕਾਂ ਨੂੰ ਅੰਬ ਖਾਣ ਲਈ ਜੇਬ ਪਹਿਲਾਂ ਨਾਲੋਂ ਵੀ ਜ਼ਿਆਦਾ ਢਿੱਲੀ ਕਰਨੀ ਪਵੇਗੀ। 'ਮੈਂਗੋ ਗਰੋਅਰਜ਼ ਐਸੋਸੀਏਸ਼ਨ ਆਫ ਇੰਡੀਆ' ਦੇ ਪ੍ਰਧਾਨ ਇੰਸਰਾਮ ਅਲੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਹਰ ਸਾਲ 35 ਤੋਂ 45 ਲੱਖ ਮੀਟਰਿਕ ਟਨ ਅੰਬਾਂ ਦਾ ਉਤਪਾਦਨ ਹੁੰਦਾ ਸੀ ਪਰ ਇਸ ਵਾਰ ਇਹ ਅੰਕੜਾ 10-12 ਲੱਖ ਮੀਟਰਿਕ ਟਨ ਤੱਕ ਰਹਿਣ ਦੀ ਉਮੀਦ ਹੈ। ਇਸ ਕਰਕੇ ਐਤਕੀਂ ਮੰਡੀ 'ਚ ਅੰਬ ਕਾਫੀ ਮਹਿੰਗੇ ਭਾਅ 'ਚ ਵਿਕਣਗੇ। ਉਨ੍ਹਾਂ ਦੱਸਿਆ ਕਿ ਹਰ ਸਾਲ ਫਰਵਰੀ ਅਤੇ ਮਾਰਚ ਮਹੀਨੇ ਅੰਬਾਂ ਨੂੰ ਬੂਰ ਪੈ ਜਾਂਦਾ ਹੈ, ਜਿਸ ਨੂੰ ਵਿਕਸਿਤ ਹੋਣ ਲਈ ਵੱਧ ਤੋਂ ਵੱਧ 30 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ। ਇਸ ਵਾਰ ਮਾਰਚ ਮਹੀਨੇ 'ਚ ਹੀ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਇਸ ਦਾ ਕਾਫੀ ਨੁਕਸਾਨ ਹੋਇਆ ਹੈ। ਲਖਨਊ ਦਾ ਮਲੀਹਾਬਾਦ ਅੰਬ ਉਤਪਾਦਨ ਦਾ ਪ੍ਰਮੁੱਖ ਕੇਂਦਰ ਹੈ। ਇੱਥੋਂ ਦਾ ਦਸਹਿਰੀ ਅੰਬ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਇਸ ਵਾਰ ਇੱਥੋਂ ਦੇ ਕਿਸਾਨ ਮੌਸਮ ਕਾਰਨ ਪੈਦਾ ਹੋਏ ਹਾਲਾਤ ਕਰਕੇ ਕਾਫੀ ਨਿਰਾਸ਼ ਹਨ। ਮਲੀਹਾਬਾਦ ਦੇ ਅੰਬ ਉਤਪਾਦਕ ਮੁਹੰਮਦ ਨਸੀਮ ਨੇ ਕਿਹਾ ਕਿ ਕੁਦਰਤੀ ਮਾਰ ਕਾਰਨ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਅੰਬ ਉਤਪਾਦਕਾਂ ਨੂੰ ਵੱਡਾ ਝਟਕਾ ਲੱਗਾ ਹੈ। ਇੰਸਰਾਮ ਅਲੀ ਨੇ ਦੱਸਿਆ ਕਿ ਯੂਪੀ ਦੇ ਅੰਬ ਸਾਊਦੀ ਅਰਬ, ਬਰਤਾਨੀਆ, ਅਮਰੀਕਾ ਅਤੇ ਜਰਮਨੀ ਸਮੇਤ ਹੋਰ ਕਈ ਦੇਸ਼ਾਂ ਵਿੱਚ ਬਰਾਮਦ ਕੀਤੇ ਜਾਂਦੇ ਹਨ ਪਰ ਇਸ ਵਾਰ ਘਰੇਲੂ ਮੰਗ ਪੂਰੀ ਕਰਨੀ ਹੀ ਮੁਸ਼ਕਲ ਜਾਪ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆਂ ਵਿੱਚ ਅੰਬਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਦੁਨੀਆਂ ਦੇ ਕੁੱਲ ਉਤਪਾਦਨ ਦਾ ਲਗਪਗ 50 ਫੀਸਦੀ ਹਿੱਸਾ ਇੱਥੇ ਪੈਦਾ ਹੁੰਦਾ ਹੈ। ਭਾਰਤ ਵਿਚਲੇ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਉੱਤਰ ਪ੍ਰਦੇਸ਼, ਕਰਨਾਟਕ, ਬਿਹਾਰ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਵਿੱਚ ਅੰਬਾਂ ਦਾ ਉਤਪਾਦਨ ਹੁੰਦਾ ਹੈ ਪਰ ਬਾਜ਼ਾਰ ਵਿੱਚ ਲਖਨਊ ਦੇ ਦਸਹਿਰੀ ਅੰਬ ਸਭ ਤੋਂ ਵੱਧ ਮਸ਼ਹੂਰ ਹਨ। -ਪੀਟੀਆਈ



Most Read

2024-09-20 07:11:21