Breaking News >> News >> The Tribune


ਗੁਜਰਾਤ ਦਾ ਸਹਿਕਾਰਤਾ ਅੰਦੋਲਨ ਮਾਣ ਵਾਲੀ ਗੱਲ: ਸ਼ਾਹ


Link [2022-05-30 07:59:51]



ਗੋਧਰਾ, 29 ਮਈ

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਗੁਜਰਾਤ ਵਿਚ ਸਹਿਕਾਰਤਾ ਅੰਦੋਲਨ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਅਮੂਲ ਡੇਅਰੀ ਸਹਿਕਾਰੀ ਬਰਾਂਡ ਦੇ ਕਾਰੋਬਾਰੀ ਅੰਕੜਿਆਂ ਤੋਂ ਦੂਜੇ ਦੇਸ਼ਾਂ ਦੇ ਮੰਤਰੀ ਵੀ ਹੈਰਾਨ ਹੁੰਦੇ ਹਨ। ਗੋਧਰਾ ਸਥਿਤ ਪੰਚਾਮ੍ਰਿਤ ਡੇਅਰੀ (ਪੰਚਮਹਿਲ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ) ਵੱਲੋਂ ਮੱਧ ਪ੍ਰਦੇਸ਼ ਦੇ ਉਜੈਨ ਤੇ ਮਹਾਰਾਸ਼ਟਰ ਦੇ ਮਾਲੇਗਾਓਂ ਵਿਚ ਸਥਾਪਿਤ ਦੋ ਪਲਾਂਟਾਂ ਸਣੇ ਹੋਰ ਪ੍ਰਾਜੈਕਟਾਂ ਦਾ ਡਿਜੀਟਲ ਢੰਗ ਨਾਲ ਉਦਘਾਟਨ ਕਰਨ ਤੋਂ ਬਾਅਦ ਸ਼ਾਹ ਇੱਥੇ ਪੰਚਮਹਿਲ ਜ਼ਿਲ੍ਹੇ ਵਿਚ ਦੁੱਧ ਉਤਪਾਦਕਾਂ ਦੀ ਇਕ ਵੱਡੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਕਿਹਾ, 'ਦੇਸ਼ ਵਿਦੇਸ਼ ਦੇ ਨੇਤਾ ਉਦੋਂ ਹੈਰਾਨ ਰਹਿ ਜਾਂਦੇ ਹਨ ਜਦ ਉਨ੍ਹਾਂ ਨੂੰ ਅਮੂਲ ਜਾਂ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਬਾਰੇ ਦੱਸਿਆ ਜਾਂਦਾ ਹੈ। ਫੈਡਰੇਸ਼ਨ ਰਾਜ ਵਿਚ 18 ਜ਼ਿਲ੍ਹਾ ਦੁੱਧ ਸਹਿਕਾਰੀ ਸੰਘਾਂ ਦਾ ਸੰਗਠਨ ਹੈ, ਜਿਸ ਦੇ 36.4 ਲੱਖ ਮੈਂਬਰ ਹਨ। ਸ਼ਾਹ ਨੇ ਕਿਹਾ, 'ਆਸਟਰੇਲੀਆ ਤੇ ਨੀਦਰਲੈਂਡਜ਼ ਦੇ ਦੋ ਮੰਤਰੀਆਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਮੇਰੇ ਵੱਲੋਂ (ਅਮੂਲ ਉਤੇ) ਉਪਲਬਧ ਕਰਾਏ ਗਏ ਡੇਟਾ ਨੂੰ ਇਕ ਵੈੱਬਸਾਈਟ ਉਤੇ ਕਰਾਸ-ਚੈੱਕ ਕੀਤਾ ਕਿ ਇਹ ਸਹੀ ਹੈ ਜਾਂ ਨਹੀਂ। ਐਨਾ ਵੱਡਾ ਸਹਿਕਾਰਤਾ ਅੰਦੋਲਨ...ਸਹਿਕਾਰਤਾ ਅੰਦੋਲਨ ਦੇ ਜ਼ਰੀਏ 60 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ, ਇਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।' ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਨੇ ਸਹਿਕਾਰਤਾ ਖੇਤਰ ਦੇ ਆਗੂਆਂ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ਼ ਕੀਤਾ। ਸ਼ਾਹ ਨੇ ਕਿਹਾ ਕਿ ਮਦਦ ਦੀ ਗੱਲ ਤਾਂ ਛੱਡੋ, ਪਿਛਲੀ ਕਾਂਗਰਸ ਸਰਕਾਰ ਅਜਿਹਾ ਮਾਹੌਲ ਸਿਰਜਣ ਵਿਚ ਵੀ ਅਸਫ਼ਲ ਰਹੀ, ਜਿੱਥੇ ਸਹਿਕਾਰੀ ਸੰਸਥਾਵਾਂ ਦੇ ਨਾਲ ਅਨਿਆਂ ਨਾ ਹੋਵੇ। ਕੇਂਦਰੀ ਮੰਤਰੀ ਨੇ ਕਿਹਾ, 'ਇਸ ਖੇਤਰ ਨੂੰ ਪਹਿਲ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਹੈ। ਉਨ੍ਹਾਂ ਸਹਿਕਾਰੀ ਕਮੇਟੀਆਂ ਲਈ ਬਜਟ ਸੱਤ ਗੁਣਾ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਹਿਕਾਰੀ ਸਮਿਤੀਆਂ ਨੂੰ ਸਿੱਧੇ ਨਾਬਾਰਡ ਨਾਲ ਜੋੜਨ ਲਈ ਵੀ ਇਕ ਯੋਜਨਾ ਲੈ ਕੇ ਆਇਆ ਹੈ। -ਪੀਟੀਆਈ

'ਓਬੀਸੀ ਨੂੰ ਸੰਵਿਧਾਨਕ ਦਰਜਾ ਦੇਣ 'ਚ ਨਾਕਾਮ ਰਹੀ ਕਾਂਗਰਸ'

ਅਮਿਤ ਸ਼ਾਹ ਨੇ 70 ਸਾਲਾਂ ਦੇ ਸ਼ਾਸਨ ਵਿਚ ਹੋਰਨਾਂ ਪੱਛੜੇ ਵਰਗਾਂ (ਓਬੀਸੀ) ਨੂੰ ਸੰਵਿਧਾਨਕ ਦਰਜਾ ਪ੍ਰਦਾਨ ਨਾ ਕਰਨ 'ਤੇ ਵਿਰੋਧੀ ਧਿਰ ਕਾਂਗਰਸ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ 123ਵੀਂ ਸੰਵਿਧਾਨਕ ਸੋਧ ਰਾਹੀਂ ਇਹ ਕਰ ਕੇ ਦਿਖਾਇਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਕਈ ਯੋਜਨਾਵਾਂ ਓਬੀਸੀ, ਦਲਿਤਾਂ ਤੇ ਆਦਿਵਾਸੀਆਂ ਲਈ ਹਨ।



Most Read

2024-09-20 06:52:17