World >> The Tribune


ਇਮਰਾਨ ਨੇ ਕੁਰਸੀ ਬਚਾਉਣ ਲਈ ਜ਼ਰਦਾਰੀ ਤੱਕ ਕੀਤੀ ਸੀ ਪਹੁੰਚ


Link [2022-05-30 06:53:59]



ਇਸਲਾਮਾਬਾਦ, 29 ਮਈ

ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਇਮਰਾਨ ਖ਼ਾਨ ਨੇ ਆਪਣੀ ਕੁਰਸੀ ਬਚਾਉਣ ਲਈ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਖੁਲਾਸਾ ਆਡੀਓ ਰਿਕਾਰਡਿੰਗ 'ਚ ਹੋਇਆ ਹੈ ਜੋ ਜ਼ਰਦਾਰੀ ਅਤੇ ਰੀਅਲ ਅਸਟੇਟ ਕਾਰੋਬਾਰੀ ਮਲਿਕ ਰਿਆਜ਼ ਹੁਸੈਨ ਵਿਚਕਾਰ ਟੈਲੀਫੋਨ 'ਤੇ ਹੋਈ ਸੀ। ਜ਼ਰਦਾਰੀ ਅਤੇ ਰਿਆਜ਼ ਦੀ ਆਵਾਜ਼ ਵਾਲੀ 32 ਸੈਕਿੰਡ ਦੀ ਆਡੀਓ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 'ਡਾਅਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਰਿਆਜ਼ ਇਹ ਆਖਦਾ ਸੁਣਾਈ ਦੇ ਰਿਹਾ ਹੈ ਕਿ ਇਮਰਾਨ ਉਸ ਨੂੰ ਸੁਨੇਹੇ ਭੇਜ ਰਿਹਾ ਹੈ। 'ਅੱਜ ਉਸ ਨੇ (ਇਮਰਾਨ) ਕਈ ਸੁਨੇਹੇ ਭੇਜੇ ਹਨ।' ਉਧਰੋਂ ਜ਼ਰਦਾਰੀ ਨੇ ਕਿਹਾ ਕਿ ਹੁਣ ਬਹੁਤ ਮੁਸ਼ਕਲ ਹੈ। 'ਚਲੋ ਠੀਕ ਹੈ। ਮੈਂ ਤਾਂ ਸਿਰਫ਼ ਤੁਹਾਡੇ ਨੋਟਿਸ 'ਚ ਇਹ ਗੱਲ ਲਿਆਉਣਾ ਚਾਹੁੰਦਾ ਸੀ।' ਇਮਰਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਇਸ ਆਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ ਜਦਕਿ ਜ਼ਰਦਾਰੀ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੈਂਬਰਾਂ ਨੇ ਕਿਹਾ ਕਿ ਇਹ ਠੀਕ ਜਾਪਦੀ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਪਿਛਲੇ ਮਹੀਨੇ ਬੇਭਰੋਸਗੀ ਦਾ ਮਤਾ ਹਾਰਨ ਮਗਰੋਂ ਸੱਤਾ ਤੋਂ ਲਾਂਭੇ ਹੋ ਗਏ ਸਨ। -ਪੀਟੀਆਈ



Most Read

2024-09-19 16:21:07