World >> The Tribune


ਰੂਸ ਵੱਲੋਂ ਪੂਰਬੀ ਯੂਕਰੇਨ ਦੇ ਸ਼ਹਿਰ ’ਚ ਜ਼ੋਰਦਾਰ ਬੰਬਾਰੀ


Link [2022-05-30 06:53:59]



ਪੋਕਰੋਵਸਕ, 29 ਮਈ

ਪੂਰਬੀ ਯੂਕਰੇਨ ਦੇ ਸ਼ਹਿਰ ਸਿਵੀਅਰੋਦੋਨੇਤਸਕ 'ਤੇ ਰੂਸ ਨੇ ਜ਼ੋਰਦਾਰ ਬੰਬਾਰੀ ਕਰਕੇ ਹਮਲਾ ਬੋਲਿਆ ਹੈ। ਰੂਸੀ ਫ਼ੌਜ ਪੂਰਬੀ ਯੂਕਰੇਨ 'ਚ ਤੈਅ ਕੀਤੇ ਗਏ ਆਪਣੇ ਨਿਸ਼ਾਨਿਆਂ ਵੱਲ ਲਗਾਤਾਰ ਅੱਗੇ ਵਧ ਰਹੀ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੂਜਾ ਸਭ ਤੋਂ ਛੋਟਾ ਸ਼ਹਿਰ ਲਾਇਮੈਨ ਇਸ ਹਫ਼ਤੇ 'ਮੁਕੰਮਲ ਤੌਰ 'ਤੇ ਆਜ਼ਾਦ' ਕਰਵਾ ਲਿਆ ਗਿਆ ਹੈ। ਸਿਵੀਅਰੋਦੋਨੇਤਸਕ 'ਚ ਗਹਿਗੱਚ ਜੰਗ ਦੌਰਾਨ ਬਿਜਲੀ ਅਤੇ ਸੈੱਲਫੋਨ ਸੇਵਾਵਾਂ ਠੱਪ ਹੋ ਗਈਆਂ ਹਨ। ਰੂਸ ਨੇ ਲਿਸੀਚਾਂਸਕ 'ਚ ਵੀ ਹਮਲੇ ਤੇਜ਼ ਕਰ ਦਿੱਤੇ ਹਨ। ਲੁਹਾਂਸਕ ਪ੍ਰਾਂਤ ਦੇ ਇਹ ਦੋਵੇਂ ਵੱਡੇ ਸ਼ਹਿਰ ਅਜੇ ਯੂਕਰੇਨ ਦੇ ਕਬਜ਼ੇ ਹੇਠ ਹਨ। ਫ਼ੌਜੀ ਟਿਕਾਣਿਆਂ 'ਤੇ ਹਮਲਿਆਂ ਕਾਰਨ ਸ਼ਹਿਰੀ ਇਲਾਕਿਆਂ 'ਚ ਭਾਰੀ ਜਾਨੀ ਨੁਕਸਾਨ ਹੋਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਹਾਲਾਤ 'ਬਹੁਤ ਗੁੰਝਲਦਾਰ' ਅਤੇ 'ਬਿਆਨ ਕਰਨੇ ਮੁਸ਼ਕਲ' ਹਨ। ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਹਮਲੇ ਵਧਾ ਕੇ ਇਲਾਕਿਆਂ 'ਤੇ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ 'ਚ ਹੈ। ਸਿਵੀਅਰੋਦੋਨੇਤਸਕ ਦੇ ਮੇਅਰ ਓਲੈਕਸਾਂਦਰ ਸਟਰਿਉਕ ਨੇ ਕਿਹਾ ਕਿ ਸ਼ਹਿਰ ਦੇ ਬੱਸ ਸਟੇਸ਼ਨ 'ਤੇ ਜੰਗ ਜਾਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ 1500 ਵਿਅਕਤੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਕਿਉਂਕਿ ਕਈਆਂ ਦਾ ਇਲਾਜ ਨਹੀਂ ਕੀਤਾ ਜਾ ਸਕਿਆ। ਖੇਤਰੀ ਗਵਰਨਰ ਹਾਇਦਾਈ ਨੇ ਦਾਅਵਾ ਕੀਤਾ ਕਿ ਰੂਸੀ ਫ਼ੌਜ ਨੂੰ ਬੋਬਰੋਵ ਪਿੰਡ ਨੇੜੇ ਭਾਰੀ ਨੁਕਸਾਨ ਉਠਾਉਣਾ ਪਿਆ ਹੈ ਪਰ ਫਿਰ ਵੀ ਉਹ ਰਣਨੀਤਕ ਤੌਰ 'ਤੇ ਸਿਵਰਸਕੀ ਦੋਨੇਤਸਕ ਦਰਿਆ ਨੇੜਲੇ ਪਿੰਡਾਂ 'ਤੇ ਹਵਾਈ ਹਮਲੇ ਕਰ ਰਿਹਾ ਹੈ। -ਏਪੀ

ਜ਼ੇਲੈਂਸਕੀ ਦੇ ਦੌਰੇ ਮਗਰੋਂ ਖਾਰਕੀਵ 'ਚ ਕਈ ਧਮਾਕੇ

ਖਾਰਕੀਵ: ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦੌਰੇ ਦੇ ਕੁਝ ਘੰਟਿਆਂ ਮਗਰੋਂ ਯੂਕਰੇਨੀ ਸ਼ਹਿਰ ਖਾਰਕੀਵ 'ਚ ਕਈ ਧਮਾਕੇ ਸੁਣੇ ਗਏ। ਜ਼ੇਲੈਂਸਕੀ ਨੇ ਜੰਗ ਲੱਗਣ ਤੋਂ ਬਾਅਦ ਰਾਜਧਾਨੀ ਕੀਵ ਤੋਂ ਬਾਹਰ ਪਹਿਲੀ ਵਾਰ ਕਿਸੇ ਦੂਜੀ ਦਾ ਥਾਂ ਦੌਰਾ ਕਰਕੇ ਆਪਣੇ ਫ਼ੌਜੀਆਂ ਦਾ ਹੌਸਲਾ ਵਧਾਇਆ। ਸ਼ਹਿਰ ਦੇ ਉੱਤਰ-ਪੂਰਬ 'ਚ ਸੰਘਣਾ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਸੀ। ਪਿਛਲੇ ਕੁਝ ਦਿਨਾਂ ਤੋਂ ਰੂਸੀ ਫ਼ੌਜ ਨੇ ਖਾਰਕੀਵ 'ਤੇ ਜ਼ੋਰਦਾਰ ਗੋਲਾਬਾਰੀ ਕੀਤੀ ਹੈ। -ਰਾਇਟਰਜ਼



Most Read

2024-09-19 16:19:35