World >> The Tribune


ਨੇਪਾਲ ਦੀਆਂ ਪਹਾੜੀਆਂ ’ਚ ਜਹਾਜ਼ ਲਾਪਤਾ


Link [2022-05-30 06:53:59]



ਮੁੱਖ ਅੰਸ਼

ਜਹਾਜ਼ ਵਿੱਚ ਚਾਰ ਭਾਰਤੀਆਂ ਸਣੇ 22 ਵਿਅਕਤੀ ਸਵਾਰ ਉਡਾਨ ਭਰਨ ਦੇ 15 ਮਿੰਟ ਅੰਦਰ ਸੰਪਰਕ ਟੁੱਟਿਆ

ਕਾਠਮੰਡੂ, 29 ਮਈ

ਨੇਪਾਲ ਦੀ ਸਥਾਨਕ ੲੇਅਰਲਾਈਨਜ਼ ਦਾ ਛੋਟਾ ਜਹਾਜ਼ ਅੱਜ ਇਥੇ ਉਡਾਨ ਭਰਨ ਤੋਂ ਕੁਝ ਮਿੰਟਾਂ ਅੰਦਰ ਹਿਮਾਲਿਆ ਦੀਆਂ ਪਹਾੜੀਆਂ 'ਚ ਲਾਪਤਾ ਹੋ ਗਿਆ। ਜਹਾਜ਼ ਵਿੱਚ ਮੁੰਬਈ ਨਾਲ ਸਬੰਧਤ ਪਰਿਵਾਰ ਦੇ ਚਾਰ ਮੈਂਬਰਾਂ ਸਣੇ ਕੁੱਲ 22 ਵਿਅਕਤੀ ਸਵਾਰ ਸਨ। ਜਹਾਜ਼ ਨੇ ਸੈਲਾਨੀ ਸ਼ਹਿਰ ਪੋਖਾਰਾ ਤੋਂ ਉਡਾਨ ਭਰੀ ਸੀ। ਨੇਪਾਲੀ ਫੌਜ ਤਲਾਸ਼ ਤੇ ਬਚਾਅ ਕਾਰਜਾਂ ਵਿੱਚ ਜੁਟ ਗਈ ਹੈ। ਇਸ ਦੌਰਾਨ ਜਹਾਜ਼ ਸੜੀ ਹਾਲਤ ਵਿੱਚ ਮੁਸਤਾਂਗ ਜ਼ਿਲ੍ਹੇ ਦੇ ਤਸਾਂਗ ਰੂਰਲ ਮਿਊਂਸਿਪੈਲਿਟੀ-2 ਦੇ ਲਾਰੀਕੋਟਾ ਦੇ ਉਪਰਲੇ ਖੇਤਰ 'ਚ ਲਾਨਿੰਗਚਗੋਲਾ ਵਿੱਚ ਵੇਖਿਆ ਗਿਆ ਹੈ। ਉਧਰ ਨੇਪਾਲ ਸਥਿਤ ਭਾਰਤੀ ਅੰਬੈਸੀ ਨੇ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹੋਣ ਦਾ ਦਾਅਵਾ ਕੀਤਾ ਹੈ।

ਏਅਰਲਾਈਨ ਦੇ ਤਰਜਮਾਨ ਨੇ ਕਿਹਾ ਕਿ ਟਵਿਨ ਓਟਰ 9ਐੱਨ-ਏਈਟੀ ਜਹਾਜ਼ ਨੇਪਾਲ ਦੀ ਤਾਰਾ ਏਅਰ ਦਾ ਸੀ। ਜਹਾਜ਼ ਨੇ ਅੱਜ ਸਵੇਰੇ ਸਵਾ ਦਸ ਵਜੇ ਪੋਖਾਰਾ ਤੋਂ ਉਡਾਨ ਭਰੀ ਸੀ ਤੇ 15 ਮਿੰਟ ਮਗਰੋਂ ਇਸ ਦਾ ਕੰਟਰੋਲ ਟਾਵਰ ਨਾਲੋਂ ਸੰਪਰਕ ਟੁੱਟ ਗਿਆ। ਤਰਜਮਾਨ ਸੁਦਰਸ਼ਨ ਬਾਰਤੋਲਾ ਮੁਤਾਬਕ ਜਹਾਜ਼ ਵਿੱਚ ਚਾਰ ਭਾਰਤੀ ਨਾਗਰਿਕ, ਦੋ ਜਰਮਨ ਤੇ 13 ਨੇਪਾਲੀ ਮੁਸਾਫ਼ਰਾਂ ਤੋਂ ਇਲਾਵਾ ਜਹਾਜ਼ ਦੇ ਅਮਲੇ ਦੇ ਤਿੰਨ ਨੇਪਾਲੀ ਮੈਂਬਰ ਸ਼ਾਮਲ ਸਨ। ਏਅਰਲਾਈਨ ਵੱਲੋਂ ਜਾਰੀ ਮੁਸਾਫ਼ਰਾਂ ਦੀ ਸੂਚੀ ਵਿੱਚ ਚਾਰ ਭਾਰਤੀਆਂ ਦੀ ਪਛਾਣ ਅਸ਼ੋਕ ਕੁਮਾਰ ਤ੍ਰਿਪਾਠੀ, ਧਨੁਸ਼ ਤ੍ਰਿਪਾਠੀ, ਰਿਤਿਕਾ ਤ੍ਰਿਪਾਠੀ ਤੇ ਵੈਭਵੀ ਤ੍ਰਿਪਾਠੀ ਵਜੋਂ ਦੱਸੀ ਗਈ ਹੈ।

ਨੇਪਾਲ ਸਥਿਤ ਭਾਰਤੀ ਅੰਬੈਸੀ ਨੇ ਟਵੀਟ ਕੀਤਾ, ''ਤਾਰਾ ਏਅਰ ਫਲਾਈਟ 9ਐੱਨੲੇਈਟੀ, ਜਿਸ ਨੇ ਪੋਖਾਰਾ ਤੋਂ ਅੱਜ ਸਵੇਰੇ 9:55 ਵਜੇ ਉਡਾਨ ਭਰੀ ਸੀ ਤੇ ਜਿਸ ਵਿਚ 4 ਭਾਰਤੀਆਂ ਸਣੇ 22 ਵਿਅਕਤੀ ਸਵਾਰ ਸਨ, ਲਾਪਤਾ ਹੋ ਗਿਆ ਹੈ। ਤਲਾਸ਼ ਤੇ ਬਚਾਅ ਕਾਰਜ ਜਾਰੀ ਹਨ। ਅੰਬੈਸੀ ਸਬੰਧਤ ਪਰਿਵਾਰ ਦੇ ਸੰਪਰਕ ਵਿੱਚ ਹੈ। ਸਾਡਾ ਐਮਰਜੈਂਸੀ ਹਾਟਲਾਈਨ ਨੰਬਰ +977-9851107021 ਹੈ।'' ਮਾਈ ਰਿਪਬਲਿਕਾ ਅਖ਼ਬਾਰ ਨੇ ਪੋਖਾਰਾ ਹਵਾਈ ਅੱਡੇ ਦੇ ਸੂਚਨਾ ਅਫ਼ਸਰ ਦੇਵ ਰਾਜ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਦੇ ਅਮਲੇ ਵਿੱਚ ਕੈਪਟਨ ਪ੍ਰਭਾਕਰ ਪ੍ਰਸਾਦ ਘਿਮਿਰੇ, ਸਹਿ-ਪਾਇਲਟ ਉਤਸਵ ਪੋਖਰੇਲ ਤੇ ੲੇਅਰ ਹੋਸਟੈੱਸ ਕਿਸਮੀ ਥਾਪਾ ਸ਼ਾਮਲ ਹਨ। ਜਹਾਜ਼ ਨੇ ਮਿਥੇ ਮੁਤਾਬਕ ਸਵੇਰੇ 10:15 ਵਜੇ ਪੱਛਮੀ ਪਹਾੜੀ ਖੇਤਰ ਵਿਚਲੇ ਜੋਮਸਮ ਹਵਾਈ ਅੱਡੇ 'ਤੇ ਉਤਰਨਾ ਸੀ। ੲੇਵੀਏਸ਼ਨ ਸੂਤਰਾਂ ਨੇ ਕਿਹਾ ਕਿ ਜਹਾਜ਼ ਘੋਰੇਪਾਨੀ ਦੇ ਅਸਮਾਨ 'ਤੇ ਸੀ, ਜਦੋਂ ਇਸ ਦਾ ਟਾਵਰ ਨਾਲੋਂ ਰਾਬਤਾ ਟੁੱਟ ਗਿਆ। ਜੋਮਸਮ ਹਵਾਈ ਅੱਡੇ 'ਤੇ ਹਵਾਈ ਟਰੈਫਿਕ ਕੰਟਰੋਲਰ ਮੁਤਾਬਕ ਜੋਮਸਮ ਦੇ ਘਾਸਾ ਵਿੱਚ ਵੱਡੇ ਧਮਾਕੇ ਦੀ ਆਵਾਜ਼ ਸੁਣੇ ਜਾਣ ਦੀਆਂ ਅਪੁਸ਼ਟ ਰਿਪੋਰਟਾਂ ਹਨ। ਅਖ਼ਬਾਰ ਨੇ ਮੁਸਤਾਂਗ ਦੇ ਡੀਐੱਸਪੀ ਰਾਮ ਕੁਮਾਰ ਦਾਨੀ ਦੇ ਹਵਾਲੇ ਨਾਲ ਕਿਹਾ ਕਿ ਅਜਿਹਾ ਸ਼ੱਕ ਹੈ ਕਿ ਜਹਾਜ਼ ਧੌਲਾਗਿਰੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।

ਅਖ਼ਬਾਰ ਨੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਪ੍ਰੇਮ ਨਾਥ ਠਾਕੁਰ ਦੇ ਹਵਾਲੇ ਨਾਲ ਕਿਹਾ ਕਿ ਨੇਪਾਲੀ ਫੌਜ ਦਾ ਹੈਲੀਕਾਪਟਰ 10 ਫੌਜੀਆਂ ਤੇ ਸ਼ਹਿਰੀ ਹਵਾਬਾਜ਼ੀ ਦੇ ਦੋ ਮੁਲਾਜ਼ਮਾਂ ਨੂੰ ਲੈ ਕੇ ਨਰਸ਼ਾਂਗ ਬੌਧ ਮੱਠ ਨੇੜੇ ਨਦੀ ਕੰਢੇ ਉਤਰਿਆ ਹੈ, ਜਿਥੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੰਭਾਵਨਾ ਹੈ। ਨੇਪਾਲ ਟੈਲੀਕਾਮ ਵੱਲੋਂ ਜੀਪੀਐੱਸ ਜ਼ਰੀਏ ਜਹਾਜ਼ ਦੇ ਪਾਇਲਟ ਕੈਪਟਨ ਪ੍ਰਭਾਕਰ ਘਿਮਿਰੇ ਦਾ ਸੈੱਲਫੋਨ ਟਰੈਕ ਕੀਤੇ ਜਾਣ ਮਗਰੋਂ ਜਹਾਜ਼ ਦੀ ਅਸਲ ਲੋਕੇਸ਼ਨ ਦਾ ਪਤਾ ਲੱਗਾ ਹੈ। -ਪੀਟੀਆਈ



Most Read

2024-09-19 16:20:14