Breaking News >> News >> The Tribune


ਗਾਂਧੀ ਤੇ ਪਟੇਲ ਦੇ ਸੁਫ਼ਨਿਆਂ ਦਾ ਭਾਰਤ ਬਣਾਉਣ ਦੀਆਂ ਕੋਸ਼ਿਸ਼ਾਂ: ਪ੍ਰਧਾਨ ਮੰਤਰੀ


Link [2022-05-29 06:46:05]



ਰਾਜਕੋਟ, 28 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੇ ਸੁਫ਼ਨਿਆਂ ਦਾ ਭਾਰਤ ਬਣਾਉਣ ਲਈ ਇਮਾਨਦਾਰੀ ਨਾਲ ਕੋਸ਼ਿਸ਼ਾਂ ਕੀਤੀਆਂ। ਸ੍ਰੀ ਮੋਦੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਨ੍ਹਾਂ ਗਰੀਬਾਂ ਦੇ ਸਨਮਾਨ ਦੀ ਰਾਖੀ ਲਈ ਵੀ ਕੰਮ ਕੀਤਾ। ਪ੍ਰਧਾਨ ਮੰਤਰੀ ਵਜੋਂ ਸ੍ਰੀ ਮੋਦੀ ਨੇ 26 ਮਈ ਨੂੰ ਅੱਠ ਵਰ੍ਹੇ ਮੁਕੰਮਲ ਕੀਤੇ ਹਨ। 'ਮੈਂ ਦੇਸ਼ ਦੀ ਸੇਵਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਮੁਲਕ ਦੇ ਲੋਕਾਂ ਦਾ ਸਿਰ ਸ਼ਰਮ ਨਾਲ ਝੁਕ ਜਾਵੇ।' ਰਾਜਕੋਟ ਜ਼ਿਲ੍ਹੇ ਦੇ ਅਟਕੋਟ ਕਸਬੇ 'ਚ 200 ਬਿਸਤਰਿਆਂ ਦਾ ਮਲਟੀ-ਸਪੈਸ਼ਲਿਟੀ ਹਸਪਤਾਲ ਦੇ ਉਦਘਾਟਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਪਣੀ ਸਰਕਾਰ ਵੱਲੋਂ ਪਿਛਲੇ ਅੱਠ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਵੀ ਦਿੱਤਾ। ਸ੍ਰੀ ਮੋਦੀ ਆਪਣੇ ਗ੍ਰਹਿ ਸੂਬੇ 'ਚ ਉਸ ਸਮੇਂ ਆਏ ਹਨ ਜਦੋਂ ਕਰੀਬ ਛੇ ਮਹੀਨਿਆਂ ਬਾਅਦ ਦਸੰਬਰ 'ਚ ਉਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਡਬਲ ਇੰਜਣ ਸਰਕਾਰ ਨੇ ਗੁਜਰਾਤ 'ਚ ਤੇਜ਼ੀ ਨਾਲ ਵਿਕਾਸ ਯਕੀਨੀ ਬਣਾਇਆ ਜੋ 2014 ਤੋਂ ਪਹਿਲਾਂ ਸੰਭਵ ਨਹੀਂ ਸੀ। 'ਡਬਲ ਇੰਜਣ ਸਰਕਾਰ ਕਾਰਨ ਗੁਜਰਾਤ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। 2014 ਤੋਂ ਪਹਿਲਾਂ ਹਾਲਾਤ ਵੱਖਰੇ ਸਨ। ਜੇਕਰ ਅਸੀਂ ਕਿਸੇ ਵਿਕਾਸ ਪ੍ਰਾਜੈਕਟ ਦੀ ਫਾਈਲ ਕੇਂਦਰ (ਯੂਪੀਏ ਸਰਕਾਰ) ਕੋਲ ਭੇਜਦੇ ਸੀ ਤਾਂ ਉਹ ਇਸ ਨੂੰ ਰੱਦ ਕਰ ਦਿੰਦੇ ਸਨ। ਉਹ ਕੋਈ ਵਿਕਾਸ ਪ੍ਰਾਜੈਕਟ ਨਹੀਂ ਦੇਖ ਸਕਦੇ ਸਨ।' ਸ੍ਰੀ ਮੋਦੀ ਨੇ ਪਾਟੀਦਾਰ ਕਮਿਊਨਿਟੀ ਟਰੱਸਟ ਦੀ ਵੀ ਸ਼ਲਾਘਾ ਕੀਤੀ ਜਿਸ ਨੇ ਰਾਜਕੋਟ ਦੇ ਦਿਹਾਤੀ ਇਲਾਕੇ 'ਚ ਹਸਪਤਾਲ ਖੋਲ੍ਹਿਆ ਹੈ। ਉਨ੍ਹਾਂ ਹਸਪਤਾਲ ਦੇ ਖਾਲੀ ਰਹਿਣ ਦੀ ਕਾਮਨਾ ਕਰਦਿਆਂ ਕਿਹਾ ਕਿ ਕੋਈ ਵੀ ਬਿਮਾਰ ਨਹੀਂ ਪੈਣਾ ਚਾਹੀਦਾ ਹੈ। 'ਸਾਨੂੰ ਅਜਿਹੀ ਜੀਵਨ-ਸ਼ੈਲੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਅਸੀਂ ਬਿਮਾਰ ਨਾ ਪਈਏ।' ਪ੍ਰਧਾਨ ਮੰਤਰੀ ਨੇ ਪਿਛਲੇ ਅੱਠ ਸਾਲਾਂ ਦੌਰਾਨ ਤਿੰਨ ਕਰੋੜ ਪਰਿਵਾਰਾਂ ਨੂੰ ਪੱਕੇ ਘਰ, 10 ਕਰੋੜ ਪਰਿਵਾਰਾਂ ਨੂੰ ਖੁੱਲ੍ਹੇ 'ਚ ਸ਼ੌਚ ਤੋਂ ਮੁਕਤੀ, ਐੱਲਪੀਜੀ ਕੁਨੈਕਸ਼ਨ ਦੇ ਕੇ 9 ਕਰੋੜ ਮਹਿਲਾਵਾਂ ਨੂੰ ਧੂੰਏਂ ਦੇ ਮਾੜੇ ਅਸਰ ਤੋਂ ਬਚਾਉਣ, ਢਾਈ ਕਰੋੜ ਪਰਿਵਾਰਾਂ ਨੂੰ ਬਿਜਲੀ ਕੁਨੈਕਸ਼ਨ, ਛੇ ਕਰੋੜ ਪਰਿਵਾਰਾਂ ਨੂੰ ਨਲਕੇ ਦਾ ਪਾਣੀ ਅਤੇ 50 ਕਰੋੜ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇਣ ਜਿਹੀਆਂ ਪ੍ਰਾਪਤੀਆਂ ਵੀ ਗਿਣਾਈਆਂ। -ਪੀਟੀਆਈ

ਸਹਿਕਾਰੀ ਖੇਤਰ ਦੇ ਸੰਮੇਲਨ ਦੌਰਾਨ ਡੈਲੀਗੇਟਾਂ ਨਾਲ ਮਿਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ

ਮੋਦੀ ਸਰਕਾਰ ਦੀ 8ਵੀਂ ਵਰ੍ਹੇਗੰਢ ਦੇ ਜਸ਼ਨ ਭਲਕ ਤੋਂ

ਨਵੀਂ ਦਿੱਲੀ: ਮੋਦੀ ਸਰਕਾਰ ਦੇ ਅੱਠ ਵਰ੍ਹੇ ਪੂਰੇ ਹੋਣ 'ਤੇ ਭਾਜਪਾ ਦੀ ਅਗਵਾਈ ਹੇਠਲੇ ਸਾਰੇ ਮੰਤਰੀ, ਸੂਬਾ ਸਰਕਾਰਾਂ ਅਤੇ ਚੁਣੇ ਹੋਏ ਹੋਰ ਨੁਮਾਇੰਦੇ ਇਸ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨਗੇ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰੋਸੇਯੋਗ, ਮਕਬੂਲ ਅਤੇ ਤਿਆਗੀ ਆਗੂ ਵਜੋਂ ਸ਼ਲਾਘਾ ਕਰਦਿਆਂ ਕਿਹਾ ਕਿ ਪੂਰਾ ਮੁਲਕ ਉਨ੍ਹਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮੋਦੀ ਸਰਕਾਰ ਦੀ ਅੱਠਵੀਂ ਵਰ੍ਹੇਗੰਢ ਦੇ ਜਸ਼ਨ 30 ਮਈ ਤੋਂ ਮਨਾਏਗੀ ਜੋ 14 ਜੂਨ ਤੱਕ ਜਾਰੀ ਰਹਿਣਗੇ। ਪਾਰਟੀ ਵੱਲੋਂ ਸੇਵਾ, ਚੰਗਾ ਸ਼ਾਸਨ ਅਤੇ ਗਰੀਬਾਂ ਦੀ ਭਲਾਈ ਸਬੰਧੀ ਦੇਸ਼ ਭਰ 'ਚ ਪ੍ਰਚਾਰ ਕੀਤਾ ਜਾਵੇਗਾ। ਅਰੁਣ ਸਿੰਘ ਨੇ ਕਿਹਾ ਕਿ ਕਿਸਾਨਾਂ, ਮਹਿਲਾਵਾਂ, ਅਨੁਸੂਚਿਤ ਜਾਤਾਂ, ਜਨਜਾਤੀਆਂ, ਓਬੀਸੀਜ਼ ਅਤੇ ਘੱਟ ਗਿਣਤੀਆਂ ਤੱਕ ਪਹੁੰਚ ਲਈ ਇਕ-ਇਕ ਦਿਨ ਰੱਖਿਆ ਗਿਆ ਹੈ। -ਪੀਟੀਆਈ

ਮਹਾਮਾਰੀ ਅਤੇ ਜੰਗ ਕਾਰਨ ਖਾਦਾਂ ਦੇ ਰੇਟ ਵਧਣ ਦਾ ਦਾਅਵਾ

ਗਾਂਧੀਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਅਤੇ ਯੂਕਰੇਨ 'ਚ ਜੰਗ ਕਾਰਨ ਖਾਦਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਪਰ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਕਿਸਾਨਾਂ ਨੂੰ ਯੂਰੀਆ ਅਤੇ ਹੋਰ ਵਸਤਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਇਥੇ ਸਹਿਕਾਰਤਾ ਬਾਰੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,''ਅਸੀਂ ਕਿਸਾਨਾਂ ਦੀ ਮਜ਼ਬੂਤੀ ਲਈ ਹਰ ਲੋੜੀਂਦਾ ਕਦਮ ਉਠਾਵਾਂਗੇ।'' ਉਨ੍ਹਾਂ ਕਿਹਾ ਕਿ ਬਰਾਮਦ ਯੂਰੀਏ ਦਾ ਬੈਗ 3500 ਰੁਪਏ (50 ਕਿਲੋ) 'ਚ ਆਉਂਦਾ ਹੈ ਅਤੇ ਇਹ ਕਿਸਾਨਾਂ ਨੂੰ 300 ਰੁਪਏ 'ਚ ਦਿੱਤਾ ਜਾਂਦਾ ਹੈ ਜਿਸ ਦਾ ਮਤਲਬ ਹੈ ਕਿ ਸਰਕਾਰ ਆਪਣੇ ਪੱਲਿਉਂ 3200 ਰੁਪਏ ਖ਼ਰਚ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡੇਅਰੀ ਸਹਿਕਾਰਤਾ ਅੰਦੋਲਨ ਕਾਰਨ ਗੁਜਰਾਤ ਦੇ ਪਿੰਡਾਂ 'ਚ ਖੁਸ਼ਹਾਲੀ ਆਈ ਹੈ ਅਤੇ ਪਿੰਡਾਂ ਦੇ ਵਿਕਾਸ ਲਈ ਸਹਿਕਾਰਤਾ ਮਾਡਲ ਅਪਣਾਉਣ ਦੀ ਲੋੜ ਹੈ। -ਪੀਟੀਆਈ

ਪ੍ਰਧਾਨ ਮੰਤਰੀ ਸਮੇਤ ਹੋਰਾਂ ਵੱਲੋਂ ਸਾਵਰਕਰ ਨੂੰ ਸ਼ਰਧਾਂਜਲੀਆਂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿੰਦੂਤਵੀ ਆਗੂ ਵਿਨਾਇਕ ਦਮੋਦਰ ਸਾਵਰਕਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਸਾਵਰਕਰ ਬਾਰੇ ਦਿੱਤਾ ਬਿਆਨ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, 'ਭਾਰਤ ਮਾਤਾ ਦੇ ਮਿਹਨਤਕਸ਼ ਪੁੱਤ ਵੀਡੀ ਸਾਵਰਕਰ ਨੂੰ ਉਸ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ।' ਪ੍ਰਧਾਨ ਮੰਤਰੀ ਨੇ ਇਸ ਸਬੰਧੀ ਜਾਰੀ ਕੀਤੇ ਵੀਡੀਓ ਸੁਨੇਹੇ 'ਚ ਸਾਵਰਕਰ ਨੂੰ ਹਥਿਆਰਾਂ ਤੇ ਲਿਖਤਾਂ ਦੋਵਾਂ ਦਾ ਪੁਜਾਰੀ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਆਮ ਤੌਰ 'ਤੇ ਸਾਵਰਕਰ ਨੂੰ ਉਸ ਦੀ ਬਹਾਦਰੀ ਤੇ ਬਰਤਾਨਵੀ ਰਾਜ ਖ਼ਿਲਾਫ਼ ਉਸ ਦੇ ਸੰਘਰਸ਼ ਕਰਕੇ ਜਾਣਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਉਹ ਬਹੁਤ ਵਧੀਆ ਕਵੀ ਵੀ ਸਨ। ਉਹ ਇੱਕ ਸਮਾਜ ਸੁਧਾਰਕ ਵੀ ਸਨ ਜਿਨ੍ਹਾਂ ਹਮੇਸ਼ਾ ਸਦਭਾਵਨਾ ਤੇ ਏਕਤਾ ਲਈ ਕੰਮ ਕੀਤਾ। ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਨਵੀਟ ਕੀਤਾ, 'ਦੇਸ਼ ਭਗਤ ਤੇ ਰਾਸ਼ਟਰਵਾਦੀ ਸਾਵਰਕਰ ਨੂੰ ਸ਼ਰਧਾਂਜਲੀ। ਉਹ ਮਹਾਨ ਸਮਾਜ ਸੁਧਾਰਕ, ਦੂਰਦਰਸ਼ੀ ਵਿਦਵਾਨ ਤੇ ਲੇਖਕ ਸਨ। ਉਨ੍ਹਾਂ ਦੇ ਕੰਮ ਤੇ ਮਾਤਭੂਮੀ ਲਈ ਉਨ੍ਹਾਂ ਦਾ ਪਿਆਰ ਹਮੇਸ਼ਾ ਭਾਰਤੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ।' ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਾਵਰਕਰ ਨੂੰ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਤੇ ਸਮਾਜ 'ਚੋਂ ਛੂਤ-ਅਛੂਤ ਦੀ ਸਮੱਸਿਆ ਖਤਮ ਕਰਨ ਲਈ ਕੀਤੇ ਸੰਘਰਸ਼ ਨੂੰ ਯਾਦ ਕੀਤਾ। ਇਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸਾਵਰਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਵੱਲੋਂ ਦੇਸ਼ ਦੇ ਆਜ਼ਾਦੀ ਸੰਘਰਸ਼ 'ਚ ਪਾਏ ਯੋਗਦਾਨ ਨੂੰ ਯਾਦ ਕੀਤਾ। -ਆਈਏਐੱਨਐੱਸ



Most Read

2024-09-20 06:49:33