Breaking News >> News >> The Tribune


ਡੀਜੀਸੀਏ ਵੱਲੋਂ ਇੰਡੀਗੋ ਨੂੰ ਪੰਜ ਲੱਖ ਦਾ ਜੁਰਮਾਨਾ


Link [2022-05-29 06:46:05]



ਨਵੀਂ ਦਿੱਲੀ: ਹਵਾਬਾਜ਼ੀ ਪ੍ਰਬੰਧਕ ਡੀਜੀਸੀਏ ਨੇ ਅੱਜ ਇੱਥੇ ਕਿਹਾ ਕਿ ਉਸ ਨੇ 7 ਮਈ ਨੂੰ ਰਾਂਚੀ ਹਵਾਈ ਅੱਡੇ 'ਤੇ ਇੱਕ ਅਪਾਹਜ ਬੱਚੇ ਨੂੰ ਜਹਾਜ਼ ਵਿੱਚ ਬੈਠਣ ਤੋਂ ਰੋਕਣ ਦੇ ਮਾਮਲੇ ਸਬੰਧੀ ਹਵਾਈ ਕੰਪਨੀ ਇੰਡੀਗੋ ਨੂੰ ਪੰਜ ਲੱਖ ਦਾ ਜੁਰਮਾਨਾ ਕੀਤਾ ਹੈ। ਇੰਡੀਗੋ ਨੇ 9 ਮਈ ਨੂੰ ਕਿਹਾ ਸੀ ਕਿ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇੱਕ ਅਪਾਹਜ ਬੱਚੇ ਨੂੰ 7 ਮਈ ਨੂੰ ਰਾਂਚੀ-ਹੈਦਰਾਬਾਦ ਹਵਾਈ ਉਡਾਣ ਵਿੱਚ ਸਵਾਰ ਹੋਣ ਦੀ ਮਨਜ਼ੂੁਰੀ ਨਹੀਂ ਦਿੱਤੀ ਗਈ ਸੀ ਕਿਉਂਕਿ ਉਹ ਘਬਰਾਇਆ ਹੋਇਆ ਨਜ਼ਰ ਆ ਰਿਹਾ ਸੀ। ਬੱਚੇ ਨੂੰ ਹਵਾਈ ਜਹਾਜ਼ ਵਿੱਚ ਬੈਠਣ ਤੋਂ ਰੋਕਣ 'ਤੇ ਉਸ ਦੇ ਮਾਪਿਆਂ ਨੇ ਵੀ ਜਹਾਜ਼ ਵਿੱਚ ਸਵਾਰ ਨਾ ਹੋਣ ਦਾ ਫ਼ੈਸਲਾ ਕੀਤਾ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਵੀਏ) ਨੇ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਸੀ। ਡੀਜੀਸੀਏ ਨੇ ਇੱਕ ਬਿਆਨ ਵਿੱਚ ਕਿਹਾ, ''ਇੰਡੀਗੋ ਦੇ ਕਰਮਚਾਰੀਆਂ ਵੱਲੋਂ ਅਪਾਹਜ ਬੱਚੇ ਨਾਲ ਕੀਤਾ ਗਿਆ ਸਲੂਕ ਗਲਤ ਸੀ ਅਤੇ ਇਸ ਨਾਲ ਸਥਿਤੀ ਵਿਗੜ ਗਈ।'' ਉਨ੍ਹਾਂ ਕਿਹਾ ਕਿ ਬੱਚੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਸੀ ਅਤੇ ਘਬਰਾਹਟ ਦੂਰ ਕਰਕੇ ਉਸ ਨੂੰ ਸ਼ਾਂਤ ਕੀਤਾ ਜਾਣਾ ਚਾਹੀਦਾ ਸੀ। ਬਿਆਨ ਅਨੁਸਾਰ ਵਿਸ਼ੇਸ਼ ਸਥਿਤੀਆਂ ਦੌਰਾਨ ਅਸਧਾਰਨ ਪ੍ਰਤੀਕਿਰਿਆ ਦੀ ਲੋੜ ਹੁੰਦੀ ਹੈ ਪਰ ਏਅਰਲਾਈਨ ਦੇ ਕਰਮਚਾਰੀ ਇਸ ਵਿੱਚ ਅਸਫ਼ਲ ਰਹੇ। ਇਸ ਦੇ ਮੱਦੇਨਜ਼ਰ ਡੀਜੀਸੀਏ ਨੇ ਏਅਰਕਰਾਫਟ ਨਿਯਮਾਂ ਤਹਿਤ ਏਅਰਲਾਈਨ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ



Most Read

2024-09-20 06:45:00