World >> The Tribune


ਗੀਤਾਂਜਲੀ ਸ੍ਰੀ ਦੇ ਨਾਵਲ ‘ਟੌਂਬ ਆਫ਼ ਸੈਂਡ’ ਨੂੰ ਬੁੱਕਰ ਪੁਰਸਕਾਰ


Link [2022-05-28 12:38:44]



ਲੰਡਨ, 27 ਮਈ

ਲੇਖਿਕਾ ਗੀਤਾਂਜਲੀ ਸ੍ਰੀ ਆਪਣੇ ਹਿੰਦੀ ਨਾਵਲ 'ਰੇਤ ਸਮਾਧੀ' (ਟੌਂਬ ਆਫ਼ ਸੈਂਡ) ਲਈ ਕੌਮਾਂਤਰੀ ਵੱਕਾਰੀ ਬੁੱਕਰ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਲੇਖਿਕਾ ਬਣ ਗਈ ਹੈ। ਇਹ ਨਾਵਲ ਕਿਸੇ ਭਾਰਤੀ ਭਾਸ਼ਾ ਦਾ ਪਹਿਲਾ ਨਾਵਲ ਹੈ, ਜਿਸ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਲੰਡਨ ਵਿੱਚ ਵੀਰਵਾਰ ਨੂੰ ਸਮਾਰੋਹ ਵਿੱਚ ਗੀਤਾਂਜਲੀ ਸ੍ਰੀ ਨੇ ਕਿਹਾ ਕਿ ਉਹ ਇਸ ਐਲਾਨ ਤੋਂ ਹੱਕੀ-ਬੱਕੀ ਹੈ। ਲੇਖਿਕਾ ਨੂੰ ਪੁਰਸਕਾਰ ਵਜੋਂ 50,000 ਪੌਂਡ ਦਿੱਤੇ ਗਏ ਹਨ, ਜਿਸ ਨੂੰ ਉਹ ਨਾਵਲ ਦੀ ਅਨੁਵਾਦਕ ਡੇਜ਼ੀ ਰੌਕਵੈੱਲ ਨਾਲ ਸਾਂਝਾ ਕਰੇਗੀ। ਰੌਕਵੈੱਲ ਨੇ ਗੀਤਾਂਜਲੀ ਸ੍ਰੀ ਦੇ ਨਾਵਲ ਹਿੰਦੀ ਨਾਵਲ 'ਰੇਤ ਸਮਾਧੀ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। ਰੇਤ ਸਮਾਧੀ ਉੱਤਰੀ ਭਾਰਤ ਦੇ ਪਿਛੋਕੜ 'ਤੇ ਆਧਾਰਤ ਹੈ ਤੇ 80 ਸਾਲ ਦੀ ਬਿਰਧ ਔਰਤ ਦੀ ਕਹਾਣੀ ਹੈ। ਲੰਡਨ ਵਿੱਚ ਸਮਾਗਮ ਦੌਰਾਨ ਗੀਤਾਂਜਲੀ ਸ੍ਰੀ ਨੇ ਕਿਹਾ, ''ਮੈਂ ਕਦੇ ਬੁੱਕਰ ਪੁਰਸਕਾਰ ਜਿੱਤਣ ਦਾ ਸੁਪਨਾ ਨਹੀਂ ਦੇਖਿਆ ਸੀ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਹ ਕਰ ਸਕਦੀ ਹਾਂ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਬਹੁਤ ਖੁਸ਼ ਅਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ।'' ਉਨ੍ਹਾਂ ਕਿਹਾ, ''ਰੇਤ ਸਮਾਧੀ/ਟੌਂਬ ਆਫ ਸੈਂਡ ਉਸ ਦੁਨੀਆਂ ਦਾ ਇੱਕ ਸੋਗ ਗੀਤ ਹੈ ਜਿੱਥੇ ਅਸੀਂ ਰਹਿੰਦੇ ਹਾਂ। ਇਹ ਇੱਕ ਅਜਿਹੀ ਊਰਜਾ ਹੈ, ਜੋ ਆਸ ਦੀ ਕਿਰਨ ਦਿਖਾਉਂਦੀ ਹੈ। ਬੁੱਕਰ ਪੁਰਸਕਾਰ ਮਿਲਣ ਨਾਲ ਇਹ ਕਿਤਾਬ ਹੁਣ ਹੋਰ ਜ਼ਿਆਦਾ ਲੋਕਾਂ ਤੱਕ ਪਹੁੰਚੇਗੀ।'' -ਪੀਟੀਆਈ



Most Read

2024-09-19 02:36:23