Breaking News >> News >> The Tribune


ਮਨੀ ਲਾਂਡਰਿੰਗ ਕੇਸ: ਈਡੀ ਵੱਲੋਂ ਫ਼ਾਰੂਕ ਅਬਦੁੱਲਾ ਨੂੰ ਸੰਮਨ


Link [2022-05-28 12:38:39]



ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਕਾਨਫਰੰਸ (ਐੱਨਸੀ) ਦੇ ਮੁਖੀ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਪੁੱਛ-ਪੜਤਾਲ ਲਈ ਸੰਮਨ ਕੀਤਾ ਹੈ। ਅਬਦੁੱਲਾ ਨੂੰ 31 ਮਈ ਨੂੰ ਸ੍ਰੀਨਗਰ ਵਿੱਚ ਏਜੰਸੀ ਦੇ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਅਬਦੁੱਲਾ ਤੋਂ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ (ਜੇਕੇਸੀੲੇ) ਵਿੱਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਜੁੜੇ ਕੇਸ ਵਿੱਚ ਪੁੱਛ-ਪੜਤਾਲ ਕੀਤੀ ਜਾਵੇਗੀ। ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋਂ ਰੋਕਣ ਲਈ ਬਣੇ ਐਕਟ (ਪੀਐੱਮਐੱਲਏ) ਤਹਿਤ ਜਾਰੀ ਸੰਮਨ ਵਿੱਚ ਐੱਨਸੀ ਮੁਖੀ ਨੂੰ 31 ਮਈ ਨੂੰ ਸੰਘੀ ਏਜੰਸੀ ਦੇ ਸ੍ਰੀਨਗਰ ਵਿਚਲੇ ਦਫ਼ਤਰ ਪੁੱਜਣ ਲਈ ਕਿਹਾ ਗਿਆ ਹੈ। ਉਧਰ ਨੈਸ਼ਨਲ ਕਾਨਫਰੰਸ ਨੇ ਸੰਮਨ ਜਾਰੀ ਹੋਣ ਦੇ ਪ੍ਰਤੀਕਰਮ ਵਿੱਚ ਕਿਹਾ ਕਿ ਅਬਦੁੱਲਾ, ਜੋ ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਹਨ, ਜਾਂਚ ਏਜੰਸੀ ਨੂੰ ਪਹਿਲਾਂ ਵਾਂਗ ਪੂਰਾ ਸਹਿਯੋਗ ਦੇਣਗੇ। ਈਡੀ ਨੇ ਸਾਲ 2002 ਵਿੱਚ ਅਬਦੁੱਲਾ ਦੇ 11.86 ਕਰੋੜ ਰੁਪਏ ਦੇ ਅਸਾਸੇ ਇਸ ਕੇਸ ਨਾਲ ਜੋੜ ਦਿੱਤੇ ਸਨ। ਸੰਘੀ ਏਜੰਸੀ ਇਸ ਕੇਸ ਵਿੱਚ ਨੈਸ਼ਨਲ ਕਾਨਫਰੰਸ ਦੇ ਸਰਪ੍ਰਸਤ ਤੋਂ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ। ਈਡੀ ਦਾ ਦਾਅਵਾ ਹੈ ਕਿ ਅਬਦੁੱਲਾ ਨੇ ਜੇਕੇਸੀੲੇ ਦਾ ਪ੍ਰਧਾਨ ਰਹਿੰਦਿਆਂ ਆਪਣੇ ਰੁਤਬੇ ਦੀ ਕਥਿਤ 'ਦੁਰਵਰਤੋਂ' ਕਰਦਿਆਂ ਖੇਡ ਸੰਸਥਾ ਵਿੱਚ ਨਿਯੁਕਤੀਆਂ ਕੀਤੀਆਂ ਤਾਂ ਕਿ ਬੀਸੀਸੀਆਈ ਤੋਂ ਮਿਲੇ ਫੰਡਾਂ ਨੂੰ ਖੁਰਦ-ਬੁਰਦ ਕੀਤਾ ਜਾ ਸਕੇ। -ਪੀਟੀਆਈ

ਕਸ਼ਮੀਰ 'ਚ ਸੈਲਾਨੀਆਂ ਦੀ ਆਮਦ ਦਾ ਮਤਲਬ 'ਸਭ ਕੁਝ ਠੀਕ' ਨਹੀਂ: ਉਮਰ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸੈਲਾਨੀਆਂ ਦੀ ਆਮਦ ਦਾ ਇਹ ਮਤਲਬ ਨਾ ਕੱਢਿਆ ਜਾਵੇ ਕਿ ਇਥੇ ਸਭ ਕੁਝ ਠੀਕ ਹੈ ਤੇ ਹਾਲਾਤ ਆਮ ਵਾਂਗ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਖੌਫ਼ ਦਾ ਮਾਹੌਲ ਹੈ ਤੇ ਭਵਿੱਖ ਨੂੰ ਲੈ ਕੇ ਬੇਯਕੀਨੀ ਹੈ। ਉਮਰ ਨੇ ਕਿਹਾ ਕਿ ਸਰਕਾਰ ਨੂੰ ਸਵਾਲ ਕੀਤਾ ਜਾਣਾ ਚਾਹੀਦਾ ਹੈ ਕਿ ਜਿਨ੍ਹਾਂ ਖੇਤਰਾਂ ਨੂੰ ਕਈ ਸਾਲ ਪਹਿਲਾਂ ਅਤਿਵਾਦ ਮੁਕਤ ਐਲਾਨ ਦਿੱਤਾ ਗਿਆ ਸੀ, ਉਥੇ ਅਤਿਵਾਦ ਦੀ ਵਾਪਸੀ ਦੇ ਹਾਲਾਤ ਕਿਵੇਂ ਬਣੇ। ਉਮਰ ਨੇ ਕਿਹਾ, ''ਕਸ਼ਮੀਰ ਵਿੱਚ ਸੈਲਾਨੀਆਂ ਦੀ ਆਮਦ ਨੂੰ ਹਾਲਾਤ ਆਮ ਵਾਂਗ ਹੋਣ ਦੇ ਸੰਕੇਤ ਵਜੋਂ ਨਾ ਵੇਖਿਆ ਜਾਵੇ। ਸੈਲਾਨੀ ਤਾਂ 1995 ਤੋਂ ਇਥੇ ਆ ਰਹੇ ਹਨ। ਕੁਝ ਸਾਲ ਉਪਰ ਥੱਲੇ ਹੋ ਸਕਦੇ ਹਨ।'' -ਪੀਟੀਆਈ



Most Read

2024-09-20 09:32:10