Breaking News >> News >> The Tribune


ਸਰਕਾਰਾਂ ਦੇ ਤਕਨਾਲੋਜੀ ਪ੍ਰਤੀ ਰੁੱਖੇ ਰਵੱਈਏ ਦਾ ਗਰੀਬਾਂ ਨੂੰ ਨੁਕਸਾਨ ਹੋਇਆ: ਮੋਦੀ


Link [2022-05-28 12:38:39]



ਨਵੀਂ ਦਿੱਲੀ, 27 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 2014 ਤੋਂ ਪਹਿਲਾਂ ਸਰਕਾਰੀ ਕੰਮਾਂ 'ਚ ਤਕਨਾਲੋਜੀ ਦੀ ਵਰਤੋਂ ਲਈ ਲਾਪ੍ਰਵਾਹੀ ਵਾਲੇ ਰਵੱਈਏ ਦਾ ਗਰੀਬਾਂ ਅਤੇ ਮੱਧਵਰਗ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਭੁਗਤਨਾ ਪਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਡਰੋਨਾਂ ਸਮੇਤ ਤਕਨਾਲੋਜੀ ਦੀ ਸਹਾਇਤਾ ਨਾਲ ਕਤਾਰ 'ਚ ਖੜ੍ਹੇ ਆਖਰੀ ਵਿਅਕਤੀ ਤੱਕ ਸੇਵਾਵਾਂ ਯਕੀਨੀ ਬਣਾਈਆਂ ਹਨ। ਇਥੇ ਭਾਰਤ ਦੇ ਸਭ ਤੋਂ ਵੱਡੇ ਡਰੋਨ ਮੇਲੇ ਦਾ ਉਦਘਾਟਨ ਕਰਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,''ਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ ਤਾਂ ਮੇਰਾ ਸੁਪਨਾ ਹੈ ਕਿ ਭਾਰਤ ਦੇ ਹਰ ਇਕ ਵਿਅਕਤੀ ਦੇ ਹੱਥ 'ਚ ਆਪਣਾ ਸਮਾਰਟ ਫੋਨ ਹੋਣਾ ਚਾਹੀਦਾ ਹੈ। ਹਰੇਕ ਖੇਤ ਕੋਲ ਡਰੋਨ ਅਤੇ ਹਰੇਕ ਘਰ 'ਚ ਖੁਸ਼ਹਾਲੀ ਹੋਣੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਡਰੋਨ ਤਕਨਾਲੋਜੀ ਬਾਰੇ ਭਾਰਤ 'ਚ ਵਧੇਰੇ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਇਸ ਤੋਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਉਭਰਦੇ ਸੈਕਟਰ ਦੀਆਂ ਸੰਭਾਵਨਾਵਾਂ ਦੇ ਸੰਕੇਤ ਵੀ ਨਜ਼ਰ ਆਉਂਦੇ ਹਨ। 'ਅਸੀਂ ਅੱਠ ਸਾਲ ਪਹਿਲਾਂ ਵਧੀਆ ਸ਼ਾਸਨ ਦੇ ਨਵੇਂ ਮੰਤਰ ਲਾਗੂ ਕਰਨ ਦੀ ਸ਼ੁਰੂਆਤ ਕੀਤੀ ਸੀ। ਘੱਟੋ ਘੱਟ ਸਰਕਾਰ ਅਤੇ ਵਧੇਰੇ ਸ਼ਾਸਨ ਦੇ ਰਾਹ 'ਤੇ ਚਲਦਿਆਂ ਸੁਖਾਲੇ ਜੀਵਨ ਅਤੇ ਕਾਰੋਬਾਰ ਕਰਨ ਦੀ ਸਹੂਲਤ ਨੂੰ ਤਰਜੀਹ ਦਿੱਤੀ।'' ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ 'ਚ ਤਕਨਾਲੋਜੀ ਨੂੰ ਇਕ ਸਮੱਸਿਆ ਮੰਨਿਆ ਜਾਂਦਾ ਸੀ ਅਤੇ ਇਸ ਨੂੰ ਗਰੀਬ ਵਿਰੋਧੀ ਦਾ ਠੱਪਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ। ਪਹਿਲਾਂ ਲੋਕਾਂ ਨੂੰ ਰਾਸ਼ਨ ਲਈ ਕਈ ਘੰਟਿਆਂ ਤੱਕ ਲਾਈਨਾਂ 'ਚ ਲਗਣਾ ਪੈਂਦਾ ਸੀ ਪਰ ਪਿਛਲੇ 7 ਤੋਂ 8 ਸਾਲਾਂ 'ਚ ਅਸੀਂ ਤਕਨਾਲੋਜੀ ਦੀ ਸਹਾਇਤਾ ਨਾਲ ਇਸ ਰੁਕਾਵਟ ਨੂੰ ਦੂਰ ਕਰ ਦਿੱਤਾ ਹੈ। ਪਹਿਲਾਂ ਤਕਨਾਲੋਜੀ ਈਜਾਦਾਂ ਨੂੰ ਸਿਰਫ਼ ਕੁਲੀਨ ਵਰਗ ਦੇ ਲਾਭ ਲਈ ਵਰਤਿਆ ਜਾਂਦਾ ਸੀ ਪਰ ਅੱਜ ਅਸੀਂ ਯਕੀਨੀ ਬਣਾ ਰਹੇ ਹਾਂ ਕਿ ਨਵੀਂ ਤਕਨਾਲੋਜੀ ਦਾ ਲਾਹਾ ਆਮ ਲੋਕਾਂ ਨੂੰ ਵੀ ਮਿਲੇ ਅਤੇ ਡਰੋਨ ਤਕਨਾਲੋਜੀ ਅਜਿਹੀ ਇਕ ਮਿਸਾਲ ਹੈ। ਸ੍ਰੀ ਮੋਦੀ ਨੇ ਕਿਹਾ ਕਿ ਡਰੋਨਾਂ ਦੀ ਵਰਤੋਂ ਖੇਤੀਬਾੜੀ, ਖੇਡਾਂ, ਰੱਖਿਆ ਅਤੇ ਆਫ਼ਤ ਪ੍ਰਬੰਧਨ ਜਿਹੇ ਖੇਤਰਾਂ 'ਚ ਹੋਰ ਵਧੇਗੀ। ਪਿੰਡਾਂ 'ਚ ਦਵਾਈਆਂ ਅਤੇ ਹੋਰ ਵਸਤਾਂ ਪਹੁੰਚਾਉਣ ਦੀ ਚੁਣੌਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਡਰੋਨਾਂ ਦੀ ਸਹਾਇਤਾ ਨਾਲ ਇਹ ਵਸਤਾਂ ਤੇਜ਼ੀ ਨਾਲ ਪਹੁੰਚਾਈਆਂ ਜਾ ਸਕਣਗੀਆਂ। ਉਨ੍ਹਾਂ ਨਿਵੇਸ਼ਕਾਂ ਨੂੰ ਆਧੁਨਿਕ ਡਰੋਨ ਤਕਨਾਲੋਜੀ ਬਣਾਉਣ ਦਾ ਸੱਦਾ ਦਿੱਤਾ। -ਪੀਟੀਆਈ



Most Read

2024-09-20 10:09:50