Breaking News >> News >> The Tribune


ਭਾਰਤ-ਬਰਤਾਨੀਆ ਸਬੰਧਾਂ ’ਚ ਵਿਦਿਆਰਥੀ ਅਹਿਮ ਕੜੀ: ਐਲਿਸ


Link [2022-05-28 12:38:39]



ਸੰਜੀਵ ਬਰਿਆਣਾ

ਚੰਡੀਗੜ੍ਹ, 27 ਮਈ

ਬਰਤਾਨੀਆ ਦੇ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਅੱਜ ਇੱਥੇ ਕਿਹਾ ਕਿ ਭਾਰਤ ਤੇ ਬਰਤਾਨੀਆ ਵਿਚਾਲੇ ਸਬੰਧਾਂ 'ਚ ਵਿਦਿਆਰਥੀ ਅਹਿਮ ਕੜੀ ਹਨ ਤੇ ਉਹ ਭਵਿੱਖ 'ਚ ਪੰਜਾਬ ਨਾਲ ਸਬੰਧ ਵਧਾਉਣ ਨੂੰ ਤਰਜੀਹ ਦੇਣਗੇ।

ਉਨ੍ਹਾਂ ਇੱਥੇ ਗੱਲਬਾਤ ਦੌਰਾਨ ਕਿਹਾ, 'ਗਿਆਨ ਦੇ ਖੇਤਰ 'ਚ ਵਿਦਿਆਰਥੀ ਸਾਡੇ ਲਈ ਸਭ ਤੋਂ ਅਹਿਮ ਕੜੀ ਹਨ। ਗਿਆਨ ਵੰਡਣ ਨਾਲ ਖੋਜ, ਨਿਵੇਸ਼, ਸੈਰ-ਸਪਾਟਾ ਤੇ ਹੋਰ ਖੇਤਰਾਂ 'ਚ ਕੰਮ ਲਈ ਅਗਵਾਈ ਮਿਲਦੀ ਹੈ। ਅਸੀਂ ਸਿੱਖਿਆ ਦੇ ਖੇਤਰ 'ਚ ਆਪਣੇ ਸਬੰਧਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ।' ਉਨ੍ਹਾਂ ਭਾਰਤ ਤੇ ਬਰਤਾਨੀਆ ਵਿਚਾਲੇ ਖੇਤੀਬਾੜੀ, ਸੂਚਨਾ ਤਕਨੀਕ, ਫੂਡ ਪ੍ਰੋਸੈਸਿੰਗ, ਉੱਚ ਸਿੱਖਿਆ, ਖੇਡਾਂ, ਜਨਤਕ ਆਵਾਜਾਈ ਤੇ ਬਾਇਓਮਾਸ ਸੈਕਟਰ ਬਾਰੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ। ਪੰਜਾਬ ਨਾਲ ਬਰਤਾਨੀਆ ਦੇ ਰਿਸ਼ਤੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, 'ਬਰਤਾਨੀਆ ਤੇ ਪੰਜਾਬ ਵਿਚਾਲੇ ਬਹੁਤ ਪੁਰਾਣੇ ਰਿਸ਼ਤੇ ਹਨ। ਬਰਤਾਨੀਆ 'ਚ ਤਕਰੀਬਨ 6 ਲੱਖ ਦੇ ਕਰੀਬ ਪੰਜਾਬੀ ਮੂਲ ਦੇ ਲੋਕ ਹਨ। ਇੱਥੋਂ ਤੱਕ ਕਿ ਸਾਡੇ ਵਿੱਤ ਮੰਤਰੀ (ਰਿਸ਼ੀ ਸੁਨਕ) ਦੇ ਦਾਦਕੇ-ਨਾਨਕੇ ਦੋਵੇਂ ਪੰਜਾਬ ਤੋਂ ਹਨ। ਸਾਨੂੰ ਹੁਣ ਭਵਿੱਖ ਵੱਲ ਦੇਖਣ ਦੀ ਲੋੜ ਹੈ।' ਬਰਤਾਨੀਆ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਿਦਿਆਰਥੀਆਂ ਲਈ ਕੰਮ ਕਰਨ ਸਬੰਧੀ ਨਿਯਮਾਂ 'ਚ ਢਿੱਲ ਦਿੱਤੀ ਹੈ। ਪੰਜਾਬ 'ਚ ਨਿਵੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, 'ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦੌਰਾਨ ਸਿੱਖਿਆ ਨੂੰ ਨਿਵੇਸ਼ ਨਾਲ ਜੋੜਨ ਬਾਰੇ ਚਰਚਾ ਕੀਤੀ ਹੈ।' ਉਨ੍ਹਾਂ ਕਿਹਾ ਕਿ ਉਹ ਭਾਰਤ ਵਿੱਚ ਨਵੀਆਂ ਤਕਨੀਕਾਂ ਤੇ ਖਾਸ ਤੌਰ 'ਤੇ ਖੇਤੀਬਾੜੀ ਨਾਲ ਸਬੰਧਤ ਤਕਨੀਕ ਦੇ ਖੇਤਰ 'ਚ ਨਿਵੇਸ਼ ਕਰਨ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਰਤਾਨੀਆ ਨੇ ਭਾਰਤ ਵਿੱਚ ਬਿਜਲਈ ਬੱਸਾਂ ਸਮੇਤ ਈ-ਵਾਹਨਾਂ ਦੇ ਖੇਤਰ 'ਚ ਜ਼ਿਕਰਯੋਗ ਨਿਵੇਸ਼ ਕੀਤਾ ਹੈ ਅਤੇ ਪੰਜਾਬ ਨੂੰ ਇਸ ਤੋਂ ਇਸ ਤੋਂ ਵੱਡਾ ਲਾਹਾ ਮਿਲੇਗਾ। ਉਨ੍ਹਾਂ ਕਿਹਾ ਕਿ ਬਰਤਾਨਵੀ ਤਕਨੀਕ ਨਾਲ ਪੰਜਾਬੀਆਂ ਨੂੰ ਵੱਖ ਵੱਖ ਖੇਤਰਾਂ 'ਚ ਆਪਣਾ ਹੁਨਰ ਉਭਾਰਨ ਦਾ ਮੌਕਾ ਮਿਲੇਗਾ। ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਉਨ੍ਹਾਂ ਦੀ ਤਕਨੀਕ ਨਾਲ ਜੁੜ ਕੇ ਅੱਗੇ ਵਧਣ ਦੇ ਮੌਕੇ ਵੀ ਹਨ।

ਮੁੱਖ ਮੰਤਰੀ ਨਾਲ ਕਾਰੋਬਾਰੀ ਨਿਵੇਸ਼ ਬਾਰੇ ਹੋਈ ਚਰਚਾ ਸਬੰਧੀ ਉਨ੍ਹਾਂ ਕਿਹਾ, 'ਅਸੀਂ ਇੱਥੇ ਖੇਤੀਬਾੜੀ ਕੰਪਨੀਆਂ ਲਈ ਸੰਭਾਵਨਾਵਾਂ ਦੇਖਣ ਲਈ ਖੇਤੀ ਤਕਨੀਕ ਮਿਸ਼ਨ ਭੇਜਣਾ ਚਾਹਾਂਗੇ। ਅਗਲੇ ਦੋ ਹਫ਼ਤਿਆਂ ਅੰਦਰ ਬਰਤਾਨੀਆ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ 'ਤੇ ਆਧਾਰਿਤ ਇੱਕ ਗਰੁੱਪ ਭਾਰਤ ਆ ਰਿਹਾ ਹੈ ਅਤੇ ਅਸੀਂ ਪੰਜਾਬ ਦੀਆਂ ਕੁਝ ਚੰਗੀਆਂ ਯੂਨੀਵਰਸਿਟੀਆਂ ਨਾਲ ਵੀ ਕੁਝ ਸਮਝੌਤੇ ਕਰਨ ਬਾਰੇ ਸੋਚਾਂਗੇ।' ਉਨ੍ਹਾਂ ਕਿਹਾ ਕਿ ਉਹ ਪੰਜਾਬ 'ਚ ਖੇਡਾਂ ਦੀਆਂ ਸੰਭਾਵਨਾਵਾਂ ਨੂੰ ਵੀ ਉਭਾਰਨਾ ਚਾਹੁਣਗੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਖੇਡਾਂ ਦੀ ਅਮੀਰ ਵਿਰਾਸਤ ਰਹੀ ਹੈ। ਉਹ ਜੁਲਾਈ ਦੇ ਅਖੀਰ ਅਤੇ ਅਗਸਤ ਦੀ ਸ਼ੁਰੂਆਤ 'ਚ ਬਰਮਿੰਘਮ 'ਚ ਕਾਮਨਵੈਲਥ ਖੇਡਾਂ ਕਰਵਾ ਰਹੇ ਹਨ। ਉਨ੍ਹਾਂ ਕਿਹਾ, 'ਮੈਂ ਮੁੱਖ ਮੰਤਰੀ ਨੂੰ ਇਨ੍ਹਾਂ ਖੇਡਾਂ 'ਚ ਪੰਜਾਬੀਆਂ ਨੂੰ ਭੇਜਣ ਬਾਰੇ ਗੱਲ ਕੀਤੀ ਹੈ।' ਉਨ੍ਹਾਂ ਕਿਹਾ ਕਿ ਉਹ ਪੰਜਾਬ ਤੇ ਬਰਤਾਨੀਆ ਵਿਚਾਲੇ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਵੀ ਤਲਾਸ਼ ਰਹੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਅੰਦਰ ਬਰਤਾਨੀਆ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਹੈ। ਇਸ ਸਾਲ ਘੱਟੋ ਘੱਟ ਇੱਕ ਲੱਖ ਵਿਦਿਆਰਥੀਆਂ ਨੂੰ ਬਰਤਾਨੀਆ ਦਾ ਵੀਜ਼ਾ ਦਿੱਤਾ ਗਿਆ ਹੈ ਜਿਨ੍ਹਾਂ 'ਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ।



Most Read

2024-09-20 09:29:20