World >> The Tribune


ਯੂਕਰੇਨ ’ਚ ਜਿੱਤ ਨਹੀਂ ਸਕਣਗੇ ਪੂਤਿਨ: ਸ਼ੁਲਜ਼


Link [2022-05-27 09:47:53]



ਦਾਵੋਸ/ਕੀਵ/ਮਾਸਕੋ, 26 ਮਈ

ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਨੇ ਅੱਜ ਦਾਵੋਸ ਵਿਚ ਹੋ ਰਹੇ ਵਿਸ਼ਵ ਆਰਥਿਕ ਫੋਰਮ ਦੇ ਸੰਮੇਲਨ 'ਚ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਯੂਕਰੇਨ ਵਿਚ ਜੰਗ ਜਿੱਤ ਨਹੀਂ ਸਕਣਗੇ। ਸ਼ੁਲਜ਼ ਨੇ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਸਾਰੇ ਰਣਨੀਤਕ ਟੀਚਿਆਂ ਦੀ ਪ੍ਰਾਪਤੀ ਵਿਚ ਨਾਕਾਮ ਹੋ ਗਏ ਹਨ। ਚਾਂਸਲਰ ਨੇ ਕਿਹਾ ਕਿ ਰੂਸ ਵੱਲੋਂ ਸਾਰੇ ਯੂਕਰੇਨ 'ਤੇ ਕਬਜ਼ਾ ਹੁਣ ਅਸਲੀਅਤ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਯੂਕਰੇਨ ਯੂਰੋਪ ਵਿਚ ਆਪਣਾ ਭਵਿੱਖ ਤਲਾਸ਼ ਰਿਹਾ ਹੈ। ਸ਼ੁਲਜ਼ ਨੇ ਕਿਹਾ ਕਿ ਰੂਸ ਦੇ ਬੇਰਹਿਮ ਹੱਲੇ ਤੋਂ ਬਾਅਦ ਸਵੀਡਨ ਤੇ ਫਿਨਲੈਂਡ ਵੀ ਨਾਟੋ ਦੇ ਨੇੜੇ ਆ ਗਏ ਹਨ। ਜਰਮਨੀ ਦੇ ਚਾਂਸਲਰ ਨੇ ਕਿਹਾ ਕਿ ਉਨ੍ਹਾਂ ਦਾ ਸਵਾਗਤ ਹੈ। ਸ਼ੁਲਜ਼ ਨੇ ਨਾਲ ਹੀ ਕਿਹਾ ਕਿ ਪੂਤਿਨ ਨੇ ਨਾਟੋ ਤੇ ਯੂਰੋਪੀਅਨ ਯੂਨੀਅਨ ਨੂੰ ਕਮਜ਼ੋਰ ਸਮਝਣ ਦੀ ਭੁੱਲ ਕੀਤੀ ਹੈ। ਬਰਤਾਨੀਆ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਨੇ ਵੀ ਕਿਹਾ ਕਿ ਯੂਕਰੇਨ ਵਿਚ ਰੂਸ ਦੀ ਹਾਰ ਯਕੀਨੀ ਬਣਾਈ ਜਾਵੇਗੀ। ਇਸੇ ਦੌਰਾਨ ਰੂਸ ਨੇ ਅੱਜ ਕਿਹਾ ਕਿ ਉਹ ਆਸ ਕਰਦਾ ਹੈ ਕਿ ਯੂਕਰੇਨ ਮੌਜੂਦਾ ਸਥਿਤੀ ਨੂੰ ਸਮਝੇਗਾ ਤੇ ਮਾਸਕੋ ਦੀਆਂ ਮੰਗਾਂ ਮੰਨ ਲਏਗਾ। ਰੂਸ ਨੇ ਨਾਲ ਹੀ ਕਿਹਾ ਕਿ ਜੇਕਰ ਪੱਛਮੀ ਮੁਲਕ ਚਾਹੁੰਦੇ ਹਨ ਕਿ ਯੂਕਰੇਨ ਤੋਂ ਹੋਰਾਂ ਮੁਲਕਾਂ ਨੂੰ ਅਨਾਜ ਦੀ ਸਪਲਾਈ ਬਹਾਲ ਹੋਵੇ ਤਾਂ ਪਹਿਲਾਂ ਉਨ੍ਹਾਂ ਨੂੰ ਰੂਸ ਤੋਂ ਕੁਝ ਪਾਬੰਦੀਆਂ ਹਟਾਉਣੀਆਂ ਪੈਣਗੀਆਂ। ਪੱਛਮੀ ਮੁਲਕ ਦੋਸ਼ ਲਾ ਰਹੇ ਹਨ ਕਿ ਰੂਸ ਸਪਲਾਈ ਰੋਕ ਰਿਹਾ ਹੈ ਤੇ ਇਸ ਕਾਰਨ ਅਫ਼ਰੀਕਾ ਤੇ ਹੋਰ ਥਾਈਂ ਅਨਾਜ ਦੀ ਕਮੀ ਹੋ ਗਈ ਹੈ। -ਏਪੀ

ਰੂਸ ਵੱਲੋਂ ਕੀਤੇ ਗਏ ਹਮਲੇ ਮਗਰੋਂ ਦੋਨੇਸਕ ਖਿੱਤੇ 'ਚ ਨੁਕਸਾਨੀ ਗਈ ਇਮਾਰਤ। - ਫੋਟੋ: ਰਾਇਟਰਜ਼

ਰੂਸ ਵੱਲੋਂ ਯੂਕਰੇਨੀ ਫ਼ੌਜੀ ਯੂਨਿਟ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ

ਮਾਸਕੋ: ਰੂਸ ਦੀ ਫ਼ੌਜ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਯੂਕਰੇਨ ਦੇ ਪੂਰਬੀ ਖੇਤਰ ਵਿਚ ਇਕ ਯੂਕਰੇਨੀ ਫ਼ੌਜੀ ਯੂਨਿਟ ਨੂੰ ਰੇਲਵੇ ਸਟੇਸ਼ਨ 'ਤੇ ਹਥਿਆਰਾਂ ਸਣੇ ਨਿਸ਼ਾਨਾ ਬਣਾਇਆ ਹੈ। ਰੂਸ ਮੁਤਾਬਕ ਜੰਗੀ ਜਹਾਜ਼ਾਂ ਨੇ ਫ਼ੌਜੀ ਯੂਨਿਟ ਨੂੰ ਉਦੋਂ ਨਿਸ਼ਾਨਾ ਬਣਾਇਆ ਜਦ ਉਹ ਪੂਰਬੀ ਖੇਤਰ ਵਿਚ ਪਹਿਲਾਂ ਤੋਂ ਤਾਇਨਾਤ ਯੂਕਰੇਨੀ ਸੈਨਾ ਦੀ ਮਦਦ ਲਈ ਪਹੁੰਚ ਰਹੇ ਸਨ। ਉਨ੍ਹਾਂ ਕਿਹਾ ਕਿ ਹਮਲੇ ਵਿਚ 11 ਯੂਕਰੇਨੀ ਸੈਨਿਕ ਤੇ 15 ਵਿਦੇਸ਼ੀ ਮਾਹਿਰ ਮਾਰੇ ਗਏ ਹਨ। ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸੇ ਦੌਰਾਨ ਯੂਕਰੇਨ ਨੇ ਕਿਹਾ ਹੈ ਕਿ ਰੂਸ ਲਗਾਤਾਰ ਹੱਲੇ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।



Most Read

2024-09-19 06:50:36