World >> The Tribune


ਓਂਟਾਰੀਓ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ


Link [2022-05-27 09:47:53]



ਸਤਿਬੀਰ ਸਿੰਘ

ਬਰੈਂਪਟਨ, 25 ਮਈ

ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸੂਬੇ ਓਂਟਾਰੀਓ ਵਿੱਚ ਵਿਧਾਨ ਸਭਾ ਚੋਣਾਂ 2 ਜੂਨ ਨੂੰ ਹੋਣਗੀਆਂ, ਜਿਸ ਲਈ ਪੰਜਾਬੀ ਭਾਈਚਾਰਾ ਚੋਣ ਪ੍ਰਚਾਰ ਲਈ ਡਟਿਆ ਹੋਇਆ ਹੈ। ਐਤਕੀਂ ਬਰੈਂਪਟਨ ਅਤੇ ਮਿਸੀਸਾਗਾ ਸਣੇ ਕੁੱਝ ਹੋਰ ਇਲਾਕਿਆਂ ਦੇ ਤਿੰਨ ਦਰਜਨ ਤੋਂ ਵੱਧ ਪੰਜਾਬੀ ਅਤੇ ਹੋਰ ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਰੈਂਪਟਨ ਦੇ ਬਹੁਤੇ ਹਲਕਿਆਂ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਪੰਜਾਬੀ ਉਮੀਦਵਾਰ ਆਹਮੋ-ਸਾਹਮਣੇ ਹਨ। ਬਰੈਂਪਟਨ ਦੇ ਵੈਸਟ ਹਲਕੇ ਵਿੱਚ ਲਿਬਰਲ ਪਾਰਟੀ ਦੀ ਪੰਜਾਬੀ ਉਮੀਦਵਾਰ ਰਿਮੀ ਝੱਜ, ਕੰਜ਼ਰਵੇਟਿਵ ਪਾਰਟੀ ਦੇ ਅਮਰਜੋਤ ਸੰਧੂ, ਐੱਨਡੀਪੀ ਦੇ ਨਵਜੀਤ ਕੌਰ ਅਤੇ ਮਨਜੋਤ ਸੇਖੋਂ ਚੋਣ ਮੈਦਾਨ ਵਿੱਚ ਹਨ।

ਬਰੈਂਪਟਨ ਦੇ ਪੂਰਬੀ ਹਲਕੇ ਵਿੱਚ ਲਿਬਰਲ ਤੋਂ ਜੰਨਤ ਗਰੇਵਾਲ, ਐੱਨਡੀਪੀ ਤੋਂ ਗੁਰਰਤਨ ਸਿੰਘ ਅਤੇ ਕੰਜ਼ਰਵੇਟਿਵ ਦੇ ਹਰਦੀਪ ਗਰੇਵਾਲ ਵਿਚਾਲੇ ਮੁਕਾਬਲਾ ਹੈ। ਹੋਰ ਨਾਮਵਰ ਪੰਜਾਬੀ ਉਮੀਦਵਾਰਾਂ ਵਿੱਚ ਪੀਸੀ ਦੇ ਮੌਜੂਦਾ ਮੰਤਰੀ ਪ੍ਰਭਮੀਤ ਸਰਕਾਰੀਆ, ਸਹਾਇਕ ਮੰਤਰੀ ਨੀਨਾ ਤਾਂਗੜੀ, ਸੰਸਦੀ ਸਕੱਤਰ ਦੀਪਕ ਅਨੰਦ, ਸੰਦੀਪ ਸਿੰਘ, ਮਨਪ੍ਰੀਤ ਕੌਰ ਬਰਾੜ ਅਤੇ ਜਸਲੀਨ ਕੰਬੋਜ ਚੋਣ ਮੈਦਾਨ ਵਿੱਚ ਹਨ।

ਲਿਬਰਲ ਪਾਰਟੀ ਦੇ ਸੀਨੀਅਰ ਆਗੂ ਰਾਜ ਝੱਜ ਨੇ ਦਾਅਵਾ ਕੀਤਾ ਕਿ ਨਵੀਂ ਸਰਕਾਰ ਡੈਲ ਡੂਕਾ ਦੀ ਅਗਵਾਈ ਹੇਠ ਲਿਬਰਲ ਪਾਰਟੀ ਦੀ ਬਣੇਗੀ ਕਿਉਂਕਿ ਪੀਸੀ ਦੀ ਪਿਛਲੀ ਸਰਕਾਰ ਆਮ ਲੋਕਾਂ ਦੇ ਰੁਜ਼ਗਾਰ ਲਈ ਢੁੱਕਵੀਂ ਨੀਤੀ ਨਹੀਂ ਲਿਆ ਸਕੀ। ਓਂਟਾਰੀਓ ਅਸੈਂਬਲੀ ਲਈ 124 ਉਮੀਦਵਾਰ ਚੁਣੇ ਜਾਣੇ ਹਨ।

ਗਰੀਨ ਪਾਰਟੀ, ਨਿਊ ਬਲੂ ਪਾਰਟੀ ਸਮੇਤ ਵੱਖ ਵੱਖ ਪਾਰਟੀਆਂ ਨੇ ਆਪਣੇ 900 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਸੇ ਤਰ੍ਹਾਂ 40 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ ਪਰ ਮੁੱਖ ਮੁਕਾਬਲਾ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿੱਚ ਰਹਿਣ ਦੀ ਉਮੀਦ ਹੈ, ਜਦਕਿ ਐੱਨਡੀਪੀ ਤੀਜੀ ਮਜ਼ਬੂਤ ਧਿਰ ਵਜੋਂ ਉਭਰ ਸਕਦੀ ਹੈ। ਚੋਣਾਂ ਵਿੱਚ ਭਖਦੇ ਮੁੱਦੇ ਮਹਿੰਗਾਈ, ਸਿਹਤ, ਸਿੱਖਿਆ ਅਤੇ ਟਰੈਫਿਕ ਹਨ।

28 ਤੱਕ ਪਵੇਗੀ ਆਨਲਾਈਨ ਵੋਟ

ਲੋਕਾਂ ਦੇ ਕੰਮ ਅਤੇ ਛੁੱਟੀ ਦੀ ਸਹੂਲਤ ਨੂੰ ਦੇਖਦਿਆਂ ਸਰਕਾਰ ਨੇ ਪਹਿਲਾਂ ਵਾਂਗ ਅਡਵਾਂਸ ਪੋਲਿੰਗ ਦੀ ਸਹੂਲਤ ਦਿੱਤੀ ਹੋਈ ਹੈ, ਜੋ 28 ਮਈ ਤੱਕ ਜਾਰੀ ਰਹੇਗੀ। 2 ਜੂਨ ਨੂੰ ਆਖਰੀ ਗੇੜ ਦੀਆਂ ਵੋਟਾਂ ਪੈਣਗੀਆਂ। ਇਸੇ ਦਿਨ ਹੀ ਦੇਰ ਸ਼ਾਮ ਤੱਕ ਨਤੀਜਾ ਐਲਾਨਿਆ ਜਾਵੇਗਾ।



Most Read

2024-09-19 16:50:49