Breaking News >> News >> The Tribune


‘ਸੁਪ੍ਰਿਯਾ ਰਾਜਨੀਤੀ ਦੀ ਬਜਾਇ ਘਰ ਜਾ ਕੇ ਖਾਣਾ ਬਣਾਏ’


Link [2022-05-27 09:47:48]



ਮੁੰਬਈ, 26 ਮਈ

ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਵੱਲੋਂ ਐੱਨਸੀਪੀ ਦੀ ਐੱਮਪੀ ਸੁਪ੍ਰਿਯਾ ਸੂਲੇ ਨੂੰ ਰਾਜਨੀਤੀ ਵਿੱਚ ਰਹਿਣ ਦੀ ਬਜਾਇ 'ਘਰ ਜਾ ਕੇ ਖਾਣਾ ਬਣਾਉਣ' ਸਬੰਧੀ ਦਿੱਤੇ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਸ੍ਰੀ ਪਾਟਿਲ ਨੇ ਇਹ ਬਿਆਨ ਭਾਜਪਾ ਦੀ ਮੁੰਬਈ ਇਕਾਈ ਵੱਲੋਂ ਚੋਣਾਂ ਵਿੱਚ ਓਬੀਸੀ ਵਰਗ ਨੂੰ ਰਾਖਵਾਂਕਰਨ ਦੇਣ ਦੀ ਮੰਗ ਲਈ ਕੀਤੇ ਮੁਜ਼ਾਹਰੇ ਦੌਰਾਨ ਦਿੱਤਾ। ਹਾਲਾਂਕਿ, ਭਾਜਪਾ ਆਗੂ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਇਹ ਗੱਲ ਪੇਂਡੂ ਲਹਿਜੇ 'ਚ ਆਖੀ ਗਈ ਸੀ ਤੇ ਉਨ੍ਹਾਂ ਦਾ ਭਾਵ ਔਰਤਾਂ ਜਾਂ ਸੂਲੇ ਦਾ ਨਿਰਾਦਰ ਕਰਨਾ ਨਹੀਂ ਸੀ, ਜੋ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਦੀ ਧੀ ਹੈ। ਉਨ੍ਹਾਂ ਕਿਹਾ,'ਜਦੋਂ ਵੀ ਮੈਂ ਸੂਲੇ ਨੂੰ ਮਿਲਦਾ ਹਾਂ, ਅਸੀਂ ਇੱਕ-ਦੂਜੇ ਦਾ ਸਨਮਾਨ ਕਰਦੇ ਹਾਂ।'

ਸ੍ਰੀ ਪਾਟਿਲ ਨੇ ਬੁੱਧਵਾਰ ਨੂੰ ਭਾਜਪਾ ਦੇ ਮੁਜ਼ਾਹਰੇ ਦੌਰਾਨ ਸੂਲੇ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਸੀ,'ਤੁਸੀਂ ਰਾਜਨੀਤੀ ਵਿੱਚ ਕਿਉਂ ਹੋ? ਘਰ ਜਾ ਕੇ ਸਿਰਫ਼ ਖਾਣਾ ਬਣਾਓ। ਦਿੱਲੀ ਜਾਓ ਜਾਂ ਕਬਰਿਸਤਾਨ ਵਿੱਚ ਪਰ ਸਾਨੂੰ ਓਬੀਸੀ ਰਾਖਵਾਂਕਰਨ ਦਿਵਾ ਦਿਓ। ਲੋਕ ਸਭਾ ਮੈਂਬਰ ਹੋਣ ਦੇ ਬਾਵਜੂਦ, ਤੁਹਾਨੂੰ ਇਸਦੀ ਜਾਣਕਾਰੀ ਕਿਵੇਂ ਨਹੀਂ ਹੈ ਕਿ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਕਿਵੇਂ ਲਿਆ ਜਾਂਦਾ ਹੈ।'

ਉਨ੍ਹਾਂ ਦੀ ਇਸ ਟਿੱਪਣੀ 'ਤੇ ਇਤਰਾਜ਼ ਜ਼ਾਹਰ ਕਰਦਿਆਂ ਐੱਨਸੀਪੀ ਦੀ ਮਹਿਲਾ ਇਕਾਈ ਦੀ ਪ੍ਰਧਾਨ ਵਿੱਦਿਆ ਚੱਵਾਨ ਨੇ ਭਾਜਪਾ ਆਗੂ ਦਾ ਨਾਂ ਲਏ ਬਿਨਾਂ ਕਿਹਾ ਸੀ ਕਿ ਇੱਕ ਵਿਅਕਤੀ, ਜਿਸਨੇ ਇੱਕ ਮਹਿਲਾ ਵਿਧਾਇਕ ਦਾ ਟਿਕਟ ਕੱਟ ਕੇ ਉਨ੍ਹਾਂ ਦੀ ਸੀਟ ਤੋਂ ਖ਼ੁਦ ਚੋਣ ਲੜੀ, ਉਹ ਇੱਕ ਸੰਸਦ ਮੈਂਬਰ ਦਾ ਅਪਮਾਨ ਕਰ ਰਹੇ ਹਨ, ਜਿਨ੍ਹਾਂ ਨੂੰ ਦੋ ਵਾਰ 'ਸੰਸਦ ਰਤਨ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਸੁਪ੍ਰਿਯਾ ਸੂਲੇ ਦੇ ਪਤੀ ਸਦਾਨੰਦ ਸੂਲੇ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸ੍ਰੀ ਪਾਟਿਲ ਦੇ ਬਿਆਨ ਦੀ ਨਿਖੇਧੀ ਕੀਤੀ ਹੈ। -ਪੀਟੀਆਈ



Most Read

2024-09-20 09:56:07