Breaking News >> News >> The Tribune


ਈਡੀ ਵੱਲੋਂ ਅਨਿਲ ਪਰਬ ਅਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ


Link [2022-05-27 09:47:48]



ਨਵੀਂ ਦਿੱਲੀ/ਮੁੰਬਈ, 26 ਮਈ

ਈਡੀ ਵੱਲੋਂ ਅੱਜ ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ਤੇ ਹੋਰਾਂ ਖ਼ਿਲਾਫ਼ ਰਤਨਾਗਿਰੀ ਜ਼ਿਲ੍ਹੇ ਦੇ ਤੱਟੀ ਦਾਪੋਲੀ ਇਲਾਕੇ 'ਚ ਜ਼ਮੀਨ ਸਮਝੌਤੇ ਨਾਲ ਸਬੰਧਤ ਕਥਿਤ ਅਨਿਯਮਿਤਤਾਵਾਂ ਤੇ ਹੋਰ ਦੋਸ਼ਾਂ ਦੇ ਸਬੰਧ 'ਚ ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਗਏ। ਕੇਂਦਰੀ ਏਜੰਸੀ ਨੇ ਮੰਤਰੀ ਤੇ ਹੋਰਾਂ ਖ਼ਿਲਾਫ਼ ਪੀਐੱਮਐੱਲਏ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਏਜੰਸੀ ਵੱਲੋਂ ਸੀਆਰਪੀਐੱਫ ਵੱਲੋਂ ਮੁਹੱਈਆ ਕਰਵਾਏ ਗਏ ਸੁਰੱਖਿਆ ਦਸਤੇ ਸਮੇਤ ਪਰਬ ਦੀ ਮੁੰਬਈ ਸਥਿਤ ਸਰਕਾਰੀ ਰਿਹਾਇਸ਼, ਦਾਪੋਲੀ ਤੇ ਪੁਣੇ 'ਚ ਸਬੰਧਤ ਟਿਕਾਣਿਆਂ ਸਮੇਤ ਘੱਟੋ-ਘੱਟ ਸੱਤ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਹਨ। ਛਾਪਿਆਂ ਸਮੇਂ ਟਰਾਂਸਪੋਰਟ ਮੰਤਰੀ ਆਪਣੀ ਰਿਹਾਇਸ਼ 'ਤੇ ਮੌਜੂਦ ਸਨ। ਪਰਬ (57) ਮਹਾਰਾਸ਼ਟਰ ਵਿਧਾਨ ਪਰਿਸ਼ਦ ਵਿੱਚ ਸ਼ਿਵ ਸੈਨਾ ਦੇ ਤੀਜੀ ਵਾਰ ਬਣੇ ਵਿਧਾਇਕ ਤੇ ਸੂਬੇ ਦੇ ਟਰਾਂਸਪੋਰਟ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਹਨ।

ਇਸ ਦੌਰਾਨ ਸ੍ਰੀ ਪਰਬ ਨੇ ਦਾਅਵਾ ਕੀਤਾ ਕਿ ਈਡੀ ਵੱਲੋਂ ਮਾਰੇ ਗਏ ਛਾਪਿਆਂ ਦੇ ਮੁੱਖ ਟਿਕਾਣੇ ਦਾਪੋਲੀ ਰਿਜ਼ੌਰਟ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਈਡੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਸ਼ਾਮ ਲਗਪਗ 7.30 ਵਜੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਛਾਪੇ ਦਾਪੌਲੀ ਸਥਿਤ ਸਾਈ ਰਿਜ਼ੌਰਟ 'ਤੇ ਮਾਰੇ ਗਏ ਹਨ, ਜਿਨ੍ਹਾਂ ਬਾਰੇ ਮੈਂ ਆਖਦਾ ਰਿਹਾ ਹਾਂ ਕਿ ਇਨ੍ਹਾਂ ਦੀ ਮਲਕੀਅਤ ਸਦਾਨੰਦ ਕਦਮ ਕੋਲ ਹੈ।

ਇਸ ਦੌਰਾਨ ਸ਼ਿਵ ਸੈਨਾ ਕਾਰਕੁਨਾਂ ਨੇ ਈਡੀ ਵੱਲੋਂ ਅਨਿਲ ਪਰਬ ਦੇ ਟਿਕਾਣਿਆਂ 'ਤੇ ਮਾਰੇ ਗਏ ਛਾਪਿਆਂ ਖ਼ਿਲਾਫ਼ ਕੋਲ੍ਹਾਪੁਰ ਵਿੱਚ ਰੋਸ ਮੁਜ਼ਾਹਰਾ ਕੀਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਜ਼ਾਹਰਾ ਸਵੇਰੇ ਲਗਪਗ 11.30 ਵਜੇ ਸਾਬਕਾ ਸ਼ਿਵ ਸੈਨਾ ਵਿਧਾਇਕ ਤੇ ਸੂਬੇ ਦੇ ਯੋਜਨਾਬੰਦੀ ਕਮਿਸ਼ਨ ਦੇ ਕਾਰਜਕਾਰੀ ਮੁਖੀ ਰਾਜੇਂਦਰ ਕਸ਼ੀਰਸਾਗਰ ਦੀ ਅਗਵਾਈ ਹੇਠ ਕੀਤਾ ਗਿਆ। ਸੈਨਾ ਕਾਰਕੁਨ ਸ਼ਹਿਰ ਵਿੱਚ ਲੱਗੇ ਤਾਰਾ ਰਾਣੀ ਦੇ ਬੁੱਤ ਨੇੜੇ ਇਕੱਤਰ ਹੋਏ ਤੇ ਈਡੀ ਦੀ ਕਾਰਵਾਈ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀਆਂ ਨੂੰ ਬਿਨਾਂ ਕਿਸੇ ਦਖ਼ਲ ਤੋਂ ਪਾਰਦਰਸ਼ੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਆਪਣੀਆਂ ਤਾਕਤਾਂ ਦੀ ਗਲਤ ਵਰਤੋਂ ਨਹੀਂ ਕਰਨੀ ਚਾਹੀਦੀ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਪਵਾਰ ਨੇ ਕਿਹਾ ਕਿ ਜੇਕਰ ਕੇਂਦਰੀ ਏਜੰਸੀਆਂ ਬਿਨਾਂ ਕਿਸੇ ਦਖ਼ਲ ਤੋਂ ਆਪਣੀ ਜਾਂਚ ਕਰਨ ਤਾਂ ਕੋਈ ਵੀ ਉਨ੍ਹਾਂ ਦਾ ਵਿਰੋਧ ਨਹੀਂ ਕਰੇਗਾ। -ਪੀਟੀਆਈ

ਕਰਨਾਟਕ ਕਾਂਗਰਸ ਦੇ ਪ੍ਰਧਾਨ ਸ਼ਿਵਕੁਮਾਰ ਖ਼ਿਲਾਫ਼ ਚਾਰਜਸ਼ੀਟ ਦਾਖਲ

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਕਾਨੂੰਨ ਤਹਿਤ ਦੋਸ਼ ਪੱਤਰ (ਚਾਰਜਸ਼ੀਟ) ਦਾਖਲ ਕੀਤਾ ਹੈ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਚਾਰਜਸ਼ੀਟ ਦਿੱਲੀ ਦੀ ਇਕ ਅਦਾਲਤ ਵਿਚ ਪੀਐਮਐਲਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਾਇਰ ਕੀਤੀ ਗਈ ਹੈ। ਇਹ ਮਾਮਲਾ ਕਥਿਤ ਤੌਰ 'ਤੇ ਟੈਕਸ ਚੋਰੀ ਤੇ ਹਵਾਲਾ ਸੌਦੇ ਬਾਰੇ ਬੰਗਲੁਰੂ ਦੀ ਇਕ ਅਦਾਲਤ ਵਿਚ ਸ਼ਿਵਕੁਮਾਰ ਤੇ ਹੋਰਾਂ ਖ਼ਿਲਾਫ਼ ਦਾਇਰ ਆਮਦਨ ਕਰ ਵਿਭਾਗ ਦੇ ਦੋਸ਼ ਪੱਤਰ ਉਤੇ ਅਧਾਰਿਤ ਹੈ। ਆਮਦਨ ਕਰ ਵਿਭਾਗ ਨੇ ਸ਼ਿਵਕੁਮਾਰ ਤੇ ਉਨ੍ਹਾਂ ਦੇ ਸਹਿਯੋਗੀ ਐੱਸ.ਕੇ. ਸ਼ਰਮਾ ਉਤੇ ਤਿੰਨ ਹੋਰ ਮੁਲਜ਼ਮਾਂ ਦੀ ਮਦਦ ਨਾਲ ਹਵਾਲਾ ਮਾਧਿਅਮ ਰਾਹੀਂ ਨਿਯਮਿਤ ਰੂਪ 'ਚ ਵੱਡੀ ਗਿਣਤੀ ਬੇਹਿਸਾਬ ਲੈਣ-ਦੇਣ ਕਰਨ ਦਾ ਦੋਸ਼ ਲਾਇਆ ਹੈ। ਚਾਰਜਸ਼ੀਟ ਦਾਖਲ ਹੋਣ 'ਤੇ ਸ਼ਿਵਕੁਮਾਰ ਨੇ ਕਿਹਾ ਕਿ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਖ਼ਿਲਾਫ਼ ਸਾਰੇ 'ਸਿਆਸੀ ਹਥਿਆਰ' ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਰ 'ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹਨ।' -ਪੀਟੀਆਈ

ਝਾਰਖੰਡ ਦੇ ਸਾਬਕਾ ਖੇਡ ਮੰਤਰੀ ਦੀ ਰਿਹਾਇਸ਼ ਸਮੇਤ 16 ਥਾਵਾਂ 'ਤੇ ਛਾਪੇ

ਨਵੀਂ ਦਿੱਲੀ: ਸੀਬੀਆਈ ਨੇ ਰਾਂਚੀ ਵਿੱਚ 2011 'ਚ ਹੋਈਆਂ 34ਵੀਆਂ ਕੌਮੀ ਖੇਡਾਂ ਦਾ ਸਾਮਾਨ ਖਰੀਦਣ ਵਿੱਚ ਹੋਈਆਂ ਕਥਿਤ ਬੇਨਿਯਮੀਆਂ ਸਬੰਧੀ ਅੱਜ ਝਾਰਖੰਡ ਦੇ ਸਾਬਕਾ ਖੇਡ ਮੰਤਰੀ ਬੰਧੂ ਟਿਰਕੀ ਦੀ ਰਿਹਾਇਸ਼ ਸਮੇਤ 16 ਥਾਵਾਂ 'ਤੇ ਛਾਪੇ ਮਾਰੇ। ਸੀਬੀਆਈ ਨੇ ਟਿਰਕੀ ਤੋਂ ਇਲਾਵਾ ਉਸ ਵੇਲੇ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਕਾਰਜਕਾਰੀ ਚੇਅਰਮੈਨ ਆਰ.ਕੇ ਆਨੰਦ, ਤਤਕਾਲੀ ਖੇਡ ਨਿਰਦੇਸ਼ਕ ਪੀ.ਸੀ ਮਿਸ਼ਰਾ ਸਮੇਤ ਮਧੂਕਾਂਤ ਪਾਠਕ ਅਤੇ ਐੱਚ.ਐੱਮ ਹਾਸ਼ਮੀ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ। ਸੀਬੀਆਈ ਵੱਲੋਂ ਰਾਂਚੀ ਵਿੱਚ ਸੱਤ ਅਤੇ ਧਨਬਾਦ ਵਿੱਚ ਪੰਜ ਥਾਵਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਝਾਰਖੰਡ ਦੀ ਇੱਕ ਅਦਾਲਤ ਨੇ ਟਿਰਕੀ ਨੂੰ ਵਸੀਲਿਆਂ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਸ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਸੀ। -ਪੀਟੀਆਈ



Most Read

2024-09-20 09:28:54