World >> The Tribune


ਆਜ਼ਾਦੀ ਮਾਰਚ: ਇਮਰਾਨ ਖ਼ਾਨ ਦਾ ਕਾਰਵਾਂ ਪੰਜਾਬ ’ਚ ਦਾਖ਼ਲ


Link [2022-05-26 09:42:27]



ਇਸਲਾਮਾਬਾਦ, 25 ਮਈ

ਸੁਪਰੀਮ ਕੋਰਟ ਵੱਲੋਂ ਕੌਮੀ ਰਾਜਧਾਨੀ ਵਿੱਚ ਰੋਸ ਰੈਲੀ ਲਈ ਇਜਾਜ਼ਤ ਦੇਣ ਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਸਬੰਧੀ ਸਰਕਾਰ ਨੂੰ ਹਦਾਇਤਾਂ ਦਿੱਤੇ ਜਾਣ ਦਰਮਿਆਨ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ 'ਆਜ਼ਾਦੀ ਮਾਰਚ' ਅੱਜ ਪੰਜਾਬ 'ਚ ਦਾਖ਼ਲ ਹੋ ਗਿਆ। ਖ਼ਾਨ ਦੇ ਕਾਫ਼ਲੇ 'ਚ ਸੈਂਕੜੇ ਹਮਾਇਤੀ ਸ਼ਾਮਲ ਸਨ। ਜਸਟਿਸ ਇਜਾਜ਼ੁਲ ਅਹਿਸਨ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ, ਜਿਸ ਵਿੱਚ ਜਸਟਿਸ ਮੁਨੀਬ ਅਖ਼ਤਰ ਤੇ ਜਸਟਿਸ ਸੱਯਦ ਮਜ਼ਹਰ ਅਲੀ ਅਕਬਰ ਨਕਵੀ ਵੀ ਸ਼ਾਮਲ ਸਨ, ਨੇ ਹੁਕਮ ਦਿੱਤਾ ਕਿ ਕੌਮੀ ਰਾਜਧਾਨੀ ਵਿੱਚ ਜੀ-9 ਤੇ ਐੱਚ-9 ਸੈਕਟਰਾਂ ਵਿਚਲਾ ਮੈਦਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੂੰ ਰੈਲੀ ਕਰਨ ਦੇ ਮੰਤਵ ਲਈ ਮੁਹੱਈਆ ਕਰਵਾਇਆ ਜਾਵੇ। ਇਸਲਾਮਾਬਾਦ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੁਹੰਮਦ ਸ਼ੋਏਬ ਸ਼ਾਹੀਨ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੋਰਟ ਨੇ ਸਰਕਾਰ ਦੀ ਦੋ ਧਿਰੀ ਕਮੇਟੀ ਤੇ ਪੀਟੀਆਈ ਨੂੰ ਹਦਾਇਤ ਕੀਤੀ ਕਿ ਉਹ ਰੈਲੀ ਦੌਰਾਨ ਅਮਨ-ਅਮਾਨ ਯਕੀਨੀ ਬਣਾਉਣ ਲਈ ਮਿਲ ਬੈਠ ਕੇ ਨਿਯਮ ਤੇ ਸ਼ਰਤਾਂ ਨਿਰਧਾਰਿਤ ਕਰ ਲੈਣ। ਕੋਰਟ ਨੇ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਪੀਟੀਆਈ ਆਗੂਆਂ ਤੇ ਵਰਕਰਾਂ ਖਿਲਾਫ਼ ਬੇਲੋੜੀ ਤਾਕਤ ਦੀ ਵਰਤੋਂ ਨਾ ਕਰੇ। ਨਾ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੇੇ ਤੇ ਨਾ ਹੀ ਉਨ੍ਹਾਂ ਦੇ ਘਰਾਂ/ਦਫ਼ਤਰਾਂ 'ਤੇ ਛਾਪੇ ਮਾਰੇ। ਇਸ ਦੌਰਾਨ ਖ਼ਾਨ ਨੇ ਸ਼ਾਮ ਨੂੰ ਕਿਹਾ ਕਿ ਉਨ੍ਹਾਂ ਦਾ 'ਆਜ਼ਾਦੀ ਮਾਰਚ' ਪੰਜਾਬ ਵਿੱਚ ਦਾਖ਼ਲ ਹੋ ਗਿਆ ਹੈ ਤੇ ਉਹ ਇਸਲਾਮਾਬਾਦ ਵੱਲ ਅੱਗੇ ਵਧ ਰਹੇ ਹਨ। ਖ਼ਾਨ ਨੇ ਸ਼ਾਹਬਾਜ਼ ਸਰਕਾਰ ਨੂੰ ਹਟਾਉਣ ਤੇ ਦੇਸ਼ ਵਿੱਚ ਫ਼ੌਰੀ ਕੌਮੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਖ਼ੈਬਰ ਪਖਤੂਨਖਵਾ ਤੋਂ ਇਸਲਾਮਾਬਾਦ ਲਈ 'ਆਜ਼ਾਦੀ ਮਾਰਚ' ਵਿੱਢਿਆ ਸੀ। ਖ਼ਾਨ ਤੇ ਉਨ੍ਹਾਂ ਦੇ ਹਮਾਇਤੀ ਸ਼ਾਮੀਂ 6 ਵਜੇ ਦੇ ਕਰੀਬ ਅਟਕ ਵਾਲੇ ਪਾਸੇ ਲੱਗੀਆਂ ਰੋਕਾਂ ਨੂੰ ਪਾਰ ਕਰਕੇ ਪੰਜਾਬ ਵਿੱਚ ਦਾਖ਼ਲ ਹੋ ਗਏ। ਖ਼ਾਨ ਨੇ ਰੋਸ ਮਾਰਚ ਨੂੰ ਲੈ ਕੇ ਸਰਕਾਰ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਕੀਤੇ ਜਾਣ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ। ਉਧਰ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਪਾਰਟੀ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਵੀ ਖ਼ਾਨ ਦੀ ਪਾਰਟੀ ਨਾਲ ਸਮਝੌਤੇ ਦੀਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ। ਖ਼ਾਨ ਨੇ ਖੈਬਰ ਪਖਤੂਨਖਵਾ ਵਿੱਚ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ 'ਅਮਰੀਕਾ ਦੇ ਚੋਰ ਤੇ ਨੌਕਰ ਇਸਲਾਮਾਬਾਦ ਵਿੱਚ ਰਾਜ ਕਰ ਰਹੇ ਹਨ।' -ਪੀਟੀਆਈ



Most Read

2024-09-19 16:19:26