Breaking News >> News >> The Tribune


ਦਹਿਸ਼ਤੀ ਫੰਡਿੰਗ: ਯਾਸੀਨ ਮਲਿਕ ਨੂੰ ਉਮਰ ਕੈਦ


Link [2022-05-26 09:42:24]



ਨਵੀਂ ਦਿੱਲੀ, 25 ਮਈ

ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਨੂੰ ਦਹਿਸ਼ਤੀ ਫੰਡਿੰਗ ਕੇਸ ਦੇ ਮਾਮਲੇ 'ਚ ਅੱਜ ਇਥੇ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਅਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਈ ਹੋਰ ਕੇਸਾਂ 'ਚ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਲਿਕ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਯਾਸੀਨ ਮਲਿਕ ਨੂੰ ਧਾਰਾ 121 (ਭਾਰਤ ਸਰਕਾਰ ਖ਼ਿਲਾਫ਼ ਜੰਗ ਛੇੜਨ) ਅਤੇ ਧਾਰਾ 17 (ਦਹਿਸ਼ਤੀ ਕਾਰਵਾਈਆਂ ਲਈ ਫੰਡ ਇਕੱਠੇ ਕਰਨ) ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰੀਆਂ ਸਜ਼ਾਵਾਂ ਨਾਲੋਂ ਨਾਲ ਚੱਲਣਗੀਆਂ। ਦਹਿਸ਼ਤੀ ਫੰਡਿੰਗ ਕੇਸ 'ਚ ਸਜ਼ਾ ਦਾ ਐਲਾਨ ਅੱਜ ਪਟਿਆਲਾ ਹਾਊਸ ਕੋਰਟ 'ਚ ਭਾਰੀ ਸੁਰੱਖਿਆ ਹੇਠ ਕੀਤਾ ਗਿਆ। ਕੇਸ ਦੀ ਸੁਣਵਾਈ ਦੌਰਾਨ ਯਾਸੀਨ ਮਲਿਕ ਨੇ ਅਦਾਲਤ 'ਚ ਕਿਹਾ,''ਮੈਂ ਕਿਸੇ ਵੀ ਦੋਸ਼ ਲਈ ਮੁਆਫ਼ੀ ਨਹੀਂ ਮੰਗਾਂਗਾ। ਕੇਸ ਇਸ ਅਦਾਲਤ ਸਾਹਮਣੇ ਹੈ ਅਤੇ ਮੈਂ ਫ਼ੈਸਲਾ ਉਸ 'ਤੇ ਛੱਡਦਾ ਹਾਂ। ਜੇਕਰ ਮੈਂ ਪਿਛਲੇ 28 ਸਾਲਾਂ 'ਚ ਕਿਸੇ ਵੀ ਦਹਿਸ਼ਤੀ ਸਰਗਰਮੀ ਜਾਂ ਹਿੰਸਾ 'ਚ ਸ਼ਾਮਲ ਰਿਹਾ ਹਾਂ ਅਤੇ ਜੇਕਰ ਭਾਰਤੀ ਇੰਟੈਲੀਜੈਂਸ ਇਹ ਸਾਬਤ ਕਰ ਦਿੰਦੀ ਹੈ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਮੈਂ ਫਾਂਸੀ ਸਵੀਕਾਰ ਕਰ ਲਵਾਂਗਾ। ਮੈਂ ਸੱਤ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ।'' ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਸੀ ਕਿ ਮੁਲਜ਼ਮ ਕਸ਼ਮੀਰੀ ਪੰਡਿਤਾਂ ਦੀ ਵਾਦੀ 'ਚੋਂ ਹਿਜਰਤ ਲਈ ਜ਼ਿੰਮੇਵਾਰ ਹੈ। ਕੇਂਦਰੀ ਜਾਂਚ ਏਜੰਸੀ ਨੇ ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਦੂਜੇ ਪਾਸੇ ਅਦਾਲਤੀ ਮਿੱਤਰ ਨੇ ਉਸ ਨੂੰ ਉਮਰ ਕੈਦ ਦੀ ਘੱਟੋ ਘੱਟ ਸਜ਼ਾ ਦੇਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਯਾਸੀਨ ਮਲਿਕ ਨੇ ਆਪਣਾ ਕਸੂਰ ਮੰਨ ਲਿਆ ਸੀ। ਕੇਸ ਦੀ ਪਿਛਲੇ ਸੁਣਵਾਈ ਦੌਰਾਨ ਯਾਸੀਨ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਯੂਏਪੀਏ ਦੀਆਂ ਧਾਰਾਵਾਂ 16 (ਦਹਿਸ਼ਤੀ ਕਾਰਵਾਈ), 17 (ਦਹਿਸ਼ਤੀ ਕਾਰਵਾਈਆਂ ਲਈ ਫੰਡ ਉਗਰਾਹੁਣ), 18 (ਦਹਿਸ਼ਤੀ ਕਾਰਵਾਈ ਲਈ ਸਾਜ਼ਿਸ਼ ਘੜਨ) ਅਤੇ 20 (ਦਹਿਸ਼ਤੀ ਗੁੱਟ ਜਾਂ ਜਥੇਬੰਦੀ ਦਾ ਮੈਂਬਰ) ਤੇ ਆਈਪੀਸੀ ਦੀਆਂ ਧਾਰਾਵਾਂ 120-ਬੀ (ਅਪਰਾਧਿਕ ਸਾਜ਼ਿਸ਼) ਅਤੇ 124-ਏ (ਦੇਸ਼ਧ੍ਰੋਹ) ਸਮੇਤ ਉਸ ਖ਼ਿਲਾਫ਼ ਲਾਏ ਗਏ ਹੋਰ ਦੋਸ਼ਾਂ ਨੂੰ ਚੁਣੌਤੀ ਨਹੀਂ ਦੇਵੇਗਾ। ਇਸੇ ਦੌਰਾਨ ਹੁਰੀਅਤ ਕਾਨਫਰੰਸ ਦੇ ਆਗੂ ਮੀਰਵਾਇਜ਼ ਉਮਰ ਫਾਰੂਖ ਨੇ ਦਿੱਲੀ ਅਦਾਲਤ ਵੱਲੋਂ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾੲੇ ਜਾਣ ਦੀ ਨਿਖੇਧੀ ਕੀਤੀ ਹੈ। -ਪੀਟੀਆਈ/ਆਈਏਐਨਐਸ

ਯਾਸੀਨ ਮਲਿਕ ਨੂੰ ਉਮਰ ਕੈਦ ਸ਼ਾਂਤੀ ਯਤਨਾਂ ਨੂੰ ਝਟਕਾ: ਗੁਪਕਾਰ ਗੱਠਜੋੜ

ਸ੍ਰੀਨਗਰ: ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ (ਪੀੲੇਜੀਡੀ) ਨੇ ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਨੂੰ ਦਹਿਸ਼ਤੀ ਫੰਡਿੰਗ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾੲੇ ਜਾਣ ਨੂੰ 'ਮੰਦਭਾਗਾ' ਕਰਾਰ ਦਿੱਤਾ ਹੈ। ਗੱਠਜੋੜ ਦੇ ਤਰਜਮਾਨ ਐੱਮ.ਵਾਈ.ਤਰੀਗਾਮੀ ਨੇ ਕਿਹਾ ਕਿ ਦਿੱਲੀ ਕੋਰਟ ਦੇ ਇਸ ਫ਼ੈਸਲੇ ਨਾਲ ਨਾ ਸਿਰਫ਼ ਵਾਦੀ ਵਿੱਚ ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ 'ਢਾਹ' ਲੱਗੇਗੀ, ਬਲਕਿ ਬੇਗ਼ਾਨਗੀ ਤੇ ਵੱਖਵਾਦੀ ਭਾਵਨਾਵਾਂ ਨੂੰ ਹੋਰ ਬਲ ਮਿਲੇਗਾ। -ਪੀਟੀਆਈ

ਸਜ਼ਾ ਦਾ ਹੱਕਦਾਰ ਹੈ ਯਾਸੀਨ: ਰੈਨਾ

ਜੰਮੂ: ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਯਾਸੀਨ ਮਲਿਕ ਨੂੰ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਵੱਖਵਾਦੀ ਨੇਤਾ ''ਦੇਸ਼ ਅਤੇ ਲੋਕਾਂ ਖ਼ਿਲਾਫ਼ ਕੀਤੇ ਆਪਣੇ ਕਰਮਾਂ ਲਈ ਇਸ ਦਾ ਹੱਕਦਾਰ ਸੀ।'' ਸਜ਼ਾ ਦੇ ਫ਼ੈਸਲੇ ਖ਼ਿਲਾਫ਼ ਬੋਲਣ ਲਈ ਪੀਡੀਪੀ ਮੁਖੀ ਮਹਿਬੂਬਾ ਮੁਫਤੀ 'ਤੇ ਵੀ ਵਰ੍ਹਦਿਆਂ ਰੈਨਾ ਨੇ ਕਿਹਾ, ''ਦਹਿਸ਼ਤਗਰਦ ਕਿਸੇ ਦੇ ਵੀ ਦੋਸਤ ਨਹੀਂ ਹਨ। ਪਾਕਿਸਤਾਨੀ ਸਪਾਂਸਰ ਦਹਿਸ਼ਤਗਰਦਾਂ ਵੱਲੋਂ ਹਜ਼ਾਰਾਂ ਮੁਸਲਮਾਨਾਂ ਦੇ ਨਾਲ-ਨਾਲ ਪੰਡਿਤ ਅਤੇ ਸਿੱਖ ਘੱਟਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਦੀ ਕੀਤੀ ਗਈ ਹੱਤਿਆ ਇਸ ਦਾ ਸਬੂਤ ਹੈ।'' -ਪੀਟੀਆਈ

ਤਿੰਨ ਦਹਾਕਿਆਂ ਤੋਂ ਸੁਰਖੀਆਂ 'ਚ ਹੈ ਯਾਸੀਨ ਮਲਿਕ

ਨਵੀਂ ਦਿੱਲੀ: ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅਤਿਵਾਦੀ ਤੋਂ ਲੈ ਕੇ ਕਸ਼ਮੀਰ 'ਚ ਵੱਖਵਾਦੀਆਂ ਦਾ ਪ੍ਰਮੁੱਖ ਚਿਹਰਾ ਬਣ ਕੇ ਉਭਰੇ ਪਾਬੰਦੀਸ਼ੁਦਾ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਮੁਖੀ ਯਾਸੀਨ ਮਲਿਕ (56) ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਵੱਖ ਵੱਖ ਕਾਰਨਾਂ ਕਰਕੇ ਸੁਰਖੀਆਂ 'ਚ ਰਿਹਾ। ਉਹ ਵਾਦੀ 'ਚ 1990 ਦੇ ਦੌਰ 'ਚ ਅਤਿਵਾਦ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਕਈ ਵਾਰ ਜੇਲ੍ਹ ਗਿਆ। ਆਪਣੀ ਰਿਹਾਈ ਤੋਂ ਬਾਅਦ ਸਾਲ 1994 'ਚ ਹਿੰਸਾ ਦਾ ਰਾਹ ਛੱਡ ਕੇ ਸਿਆਸਤ 'ਚ ਆਉਣ ਵਾਲੇ ਮਲਿਕ ਨੇ ਗਾਂਧੀਵਾਦੀ ਤਰੀਕੇ ਨਾਲ ਵਿਰੋਧ ਕਰਨ ਦਾ ਐਲਾਨ ਕੀਤਾ ਜਿਸ ਮਗਰੋਂ ਉਹ ਵੱਖਵਾਦੀ ਧੜੇ 'ਚ ਨਰਮ ਸੁਰ ਵਾਲੇ ਆਗੂ ਵਜੋਂ ਦੇਖਿਆ ਜਾਣ ਲੱਗਾ। ਇਕ ਪਾਕਿਸਤਾਨੀ ਕਲਾਕਾਰ ਮਸ਼ਾਲ ਹੁਸੈਨ ਮਲਿਕ (ਲੰਡਨ ਸਕੂਲ ਆਫ਼ ਇਕਨਾਮਿਕਸ ਦੀ ਵਿਦਿਆਰਥਣ) ਨਾਲ ਨਿਕਾਹ ਪੜ੍ਹਾਉਣ ਵਾਲੇ ਮਲਿਕ ਦੀ 10 ਵਰ੍ਹਿਆਂ ਦੀ ਇਕ ਧੀ ਵੀ ਹੈ। ਐੱਨਆਈਏ ਨੇ ਮਲਿਕ ਨੂੰ 2019 ਦੀ ਸ਼ੁਰੂਆਤ 'ਚ 2017 'ਚ ਦਰਜ ਦਹਿਸ਼ਤੀ ਫੰਡਿੰਗ ਸਬੰਧੀ ਕੇਸ 'ਚ ਗ੍ਰਿਫ਼ਤਾਰ ਕੀਤਾ ਸੀ। ਯਾਸੀਨ ਮਲਿਕ ਦਾ ਜਨਮ ਸ੍ਰੀਨਗਰ ਦੇ ਮੈਸੂਮਾ ਇਲਾਕੇ 'ਚ 3 ਅਪਰੈਲ, 1966 'ਚ ਹੋਇਆ ਸੀ। ਉਹ 1989 'ਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਮੁਹੰਮਦ ਸਈਅਦ ਦੀ ਧੀ ਰੁਬੱਈਆ ਸਈਅਦ ਨੂੰ ਅਗਵਾ ਕਰਨ ਦੇ ਕੇਸ ਦਾ ਵੀ ਸਾਹਮਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ 'ਤੇ 1990 'ਚ ਜੇਕੇਐੱਲਐੱਫ ਦੇ ਅਤਿਵਾਦੀਆਂ ਵੱਲੋਂ ਸ੍ਰੀਨਗਰ 'ਚ ਹਵਾਈ ਫ਼ੌਜ ਦੇ ਜਵਾਨਾਂ 'ਤੇ ਹਮਲੇ ਦਾ ਕੇਸ ਵੀ ਚੱਲ ਰਿਹਾ ਹੈ। ਇਸ ਹਮਲੇ 'ਚ ਚਾਰ ਵਿਅਕਤੀ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ। ਮਲਿਕ ਨੇ ਤਾਲਾ ਪਾਰਟੀ ਦੇ ਗਠਨ ਤੋਂ ਬਾਅਦ 1980 ਦੇ ਦਹਾਕੇ 'ਚ ਬਹੁਤ ਘੱਟ ਉਮਰ 'ਚ ਹੀ ਦੇਸ਼ ਵਿਰੋਧੀ ਸਰਗਰਮੀਆਂ ਦੀ ਸ਼ੁਰੂਆਤ ਕਰ ਦਿੱਤੀ ਸੀ। ਇਹ ਪਾਰਟੀ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਸਟੇਡੀਅਮ 'ਚ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ 1983 ਦੇ ਕ੍ਰਿਕਟ ਮੈਚ 'ਚ ਅੜਿੱਕਾ ਡਾਹੁਣ ਦੀ ਕੋਸ਼ਿਸ਼ 'ਚ ਸ਼ਾਮਲ ਸੀ। ਪਾਰਟੀ ਨੇ 11 ਫਰਵਰੀ, 1984 'ਚ ਤਿਹਾੜ ਜੇਲ੍ਹ 'ਚ ਜੇਕੇਐੱਲਐੱਫ ਦੇ ਬਾਨੀ ਮੁਹੰਮਦ ਮਕਬੂਲ ਭੱਟ ਨੂੰ ਫਾਂਸੀ ਦੇਣ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ। ਤਾਲਾ ਪਾਰਟੀ ਨੂੰ ਇਸਲਾਮਿਕ ਸਟੂਡੈਂਟਸ ਲੀਗ ਦਾ ਨਾਮ ਦੇਣ ਮਗਰੋਂ ਮਲਿਕ ਦੀਆਂ ਸਰਗਰਮੀਆਂ ਵਧ ਗਈਆਂ ਅਤੇ ਉਸ ਨੇ 1987 ਦੀਆਂ ਵਿਧਾਨ ਸਭਾ ਚੋਣਾਂ 'ਚ ਮੁਸਲਿਮ ਯੂਨਾਈਟਿਡ ਫਰੰਟ ਦੇ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਸੀ। ਚੋਣਾਂ ਤੋਂ ਬਾਅਦ ਮੁਹੰਮਦ ਯੂਸਫ਼ ਸ਼ਾਹ ਉਰਫ਼ ਸੱਯਦ ਸਲਾਹੂਦੀਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਆਪਣੀ ਰਿਹਾਈ ਤੋਂ ਬਾਅਦ 1988 'ਚ ਮਲਿਕ ਕੁਝ ਨੌਜਵਾਨਾਂ ਨਾਲ ਕੰਟਰੋਲ ਰੇਖਾ ਪਾਰ ਕਰਕੇ ਮਕਬੂਜ਼ਾ ਕਸ਼ਮੀਰ 'ਚ ਹਥਿਆਰਾਂ ਦੀ ਸਿਖਲਾਈ ਲੈਣ ਲਈ ਚਲਾ ਗਿਆ ਸੀ। ਜੇਕੇਐੱਲਐੱਫ 'ਚ ਸ਼ਾਮਲ ਅਸ਼ਫਾਕ ਵਾਨੀ ਮਾਰਚ 1990 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ ਸੀ ਅਤੇ ਮਲਿਕ ਨੂੰ ਜ਼ਖ਼ਮੀ ਹਾਲਤ 'ਚ ਅਗਸਤ 1990 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਹ ਮਈ 1994 ਤੱਕ ਜੇਲ੍ਹ 'ਚ ਰਿਹਾ। ਜ਼ਮਾਨਤ 'ਤੇ ਰਿਹਾਅ ਹੋਣ ਮਗਰੋਂ ਉਸ ਨੇ ਜੰਮੂ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਤੋਂ 'ਆਜ਼ਾਦ' ਕਰਾਉਣ ਲਈ ਅਹਿੰਸਕ ਸੰਘਰਸ਼ ਲਈ ਇਕਪਾਸੜ ਗੋਲੀਬੰਦੀ ਦਾ ਐਲਾਨ ਕੀਤਾ। 1995 'ਚ ਪਾਕਿਸਤਾਨ ਆਧਾਰਿਤ ਜੇਕੇਐੱਲਐੱਫ ਦੇ ਬਾਨੀ ਅਮਾਨਉੱਲ੍ਹਾ ਖ਼ਾਨ ਨੇ ਮਲਿਕ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਉਹ ਹੁਰੀਅਤ ਕਾਨਫਰੰਸ 'ਚ ਮੈਂਬਰ ਵਜੋਂ ਸ਼ਾਮਲ ਹੋਇਆ ਅਤੇ ਜਦੋਂ ਜਥੇਬੰਦੀ ਸਤੰਬਰ 2003 'ਚ ਕੱਟੜ ਅਤੇ ਨਰਮ ਧੜਿਆਂ 'ਚ ਵੰਡੀ ਗਈ ਤਾਂ ਉਸ ਨੇ ਨਿਰਪੱਖ ਸਟੈਂਡ ਲਿਆ। ਮਲਿਕ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਉਹ ਇਲਾਜ ਲਈ 2001 'ਚ ਅਮਰੀਕਾ ਵੀ ਗਿਆ ਸੀ। ਉਸ ਨੇ 2013 'ਚ ਲਸ਼ਕਰ-ਏ-ਤੋਇਬਾ ਮੁਖੀ ਹਾਫ਼ਿਜ਼ ਮੁਹੰਮਦ ਸਈਦ ਨਾਲ ਇਸਲਾਮਾਬਾਦ 'ਚ ਮੰਚ ਵੀ ਸਾਂਝਾ ਕੀਤਾ ਸੀ। ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ 7 ਅਪਰੈਲ, 2005 'ਚ ਸ਼ੁਰੂ ਕੀਤੀ ਗਈ ਬੱਸ ਸੇਵਾ 'ਕਾਰਵਾਂ-ਏ-ਅਮਨ' ਰਾਹੀਂ ਪੀਓਕੇ ਵੀ ਗਿਆ ਸੀ। -ਪੀਟੀਆਈ



Most Read

2024-09-20 12:45:20