Breaking News >> News >> The Tribune


ਸਿੱਬਲ ਨੇ ਕਾਂਗਰਸ ਤੋਂ ਅਸਤੀਫ਼ੇ ਮਗਰੋਂ ਯੂਪੀ ’ਚੋਂ ਰਾਜ ਸਭਾ ਲਈ ਨਾਮਜ਼ਦਗੀ ਭਰੀ


Link [2022-05-26 09:42:24]



ਲਖਨਊ, 25 ਮਈ

ਪਿਛਲੇ ਹਫ਼ਤੇ ਕਾਂਗਰਸ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਨ ਵਾਲੇ ਕਪਿਲ ਸਿੱਬਲ ਨੇ ਅੱਜ ਸਮਾਜਵਾਦੀ ਪਾਰਟੀ ਦੀ ਹਮਾਇਤ ਨਾਲ ਆਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਲਈ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਸਿੱਬਲ, ਜਿਨ੍ਹਾਂ ਦਾ ਅਸਤੀਫ਼ਾ ਕਾਂਗਰਸ ਲਈ ਇਕ ਹੋਰ ਵੱਡਾ ਝਟਕਾ ਹੈ, ਨੇ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਉਸ ਪਾਰਟੀ ਨਾਲ ਸਬੰਧਤ ਹੈ, ਜਿਸ ਨਾਲ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਹਨ। ਸਾਬਕਾ ਕੇਂਦਰੀ ਮੰਤਰੀ ਨੇ ਅੱਜ ਉੱਤਰ ਪ੍ਰਦੇਸ਼ ਅਸੈਂਬਲੀ ਵਿੱਚ ਜਾ ਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਤੇ ਇਸ ਮੌਕੇ ਸਪਾ ਮੁਖੀ ਅਖਿਲੇਸ਼ ਯਾਦਵ, ਰਾਮ ਗੋਪਾਲ ਯਾਦਵ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ। ਕਾਂਗਰਸ ਵਿੱਚ ਜਥੇਬੰਦਕ ਫੇਰਬਦਲ ਦੀ ਮੰਗ ਕਰਨ ਵਾਲੇ ਜੀ-23 ਸਮੂਹ ਦੇ ਆਗੂਆਂ 'ਚੋਂ ਇਕ ਸਿੱਬਲ ਦਾ ਕਾਂਗਰਸ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ ਜੁਲਾਈ ਵਿੱਚ ਖ਼ਤਮ ਹੋ ਰਿਹਾ ਹੈ।

ਸਾਬਕਾ ਕਾਂਗਰਸੀ ਆਗੂ ਕਪਿਲ ਸਿੱਬਲ ਰਾਜ ਸਭਾ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਹੋਏ। -ਫੋਟੋ: ਪੀਟੀਆਈ

ਸਿੱਬਲ ਨੇ ਪੱਤਰਕਾਰਾਂ ਨੂੰ ਦੱਸਿਆ, ''ਮੈਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇਸ ਹਮਾਇਤ ਲਈ ਮੈਂ ਅਖਿਲੇਸ਼ ਜੀ ਦਾ ਧੰਨਵਾਦ ਕਰਦਾ ਹਾਂ।'' ਸਿੱਬਲ ਨੇ ਕਿਹਾ, ''ਮੈਂ 16 ਮਈ ਨੂੰ ਕਾਂਗਰਸ 'ਚੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਮੈਂ ਹੁਣ ਸੀਨੀਅਰ ਕਾਂਗਰਸ ਆਗੂ ਨਹੀਂ ਹਾਂ।'' ਪਾਰਟੀ ਛੱਡਣ ਬਾਰੇ ਸਿੱਬਲ ਨੇ ਕਿਹਾ, ''ਮੇਰਾ ਕਾਂਗਰਸ ਨਾਲ ਡੂੰਘਾ ਰਿਸ਼ਤਾ ਸੀ। ਇਹ 30-31 ਸਾਲਾਂ ਦਾ ਸਾਥ ਸੀ। ਇਹ ਕੋਈ ਛੋਟੀ ਗੱਲ ਨਹੀਂ ਹੈ। ਮੈਂ ਰਾਜੀਵ ਜੀ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ। ਤੁਸੀਂ ਸੋਚਦੇ ਹੋਵੋਗੇ ਕਿ 31 ਸਾਲਾਂ ਮਗਰੋਂ ਕੋਈ ਕਾਂਗਰਸ ਤੋਂ ਕਿਵੇਂ ਜਾ ਸਕਦਾ ਹੈ। ਕੋਈ ਨਾ ਕੋਈ ਕਾਰਨ ਰਿਹਾ ਹੋਵੇਗਾ। ਕਈ ਵਾਰ ਅਜਿਹੇ ਫੈਸਲੇ ਲੈਣੇ ਪੈਂਦੇ ਹਨ।'' ਸਿੱਬਲ ਨੇ ਕਿਹਾ, ''ਪਰ ਮੇਰੀ ਵਿਚਾਰਧਾਰਾ ਕਾਂਗਰਸ ਨਾਲ ਸਬੰਧਤ ਹੈ। ਮੈਂ ਕਾਂਗਰਸ ਤੇ ਉਸ ਦੀ ਵਿਚਾਰਧਾਰਾ ਤੋਂ ਦੂਰ ਨਹੀਂ ਗਿਆ। ਮੈਂ ਪਾਰਟੀ ਦੀਆਂ ਭਾਵਨਾਵਾਂ ਨਾਲ ਹਾਂ।'' ਨਾਮਜ਼ਦਗੀ ਭਰਨ ਮਗਰੋਂ ਸਿੱਬਲ ਨੇ ਕਿਹਾ, ''ਅਸੀਂ ਸਾਰੇ ਇਸ ਤੱਥ ਦੇ ਪਾਬੰਦ ਹਾਂ ਕਿ ਅਸੀਂ ਪਾਰਟੀਆਂ ਦੇ ਮੈਂਬਰ ਹਾਂ ਤੇ ਉਸ ਪਾਰਟੀ ਦੇ ਅਨੁਸ਼ਾਸਨ ਨੂੰ ਬਣਾਈ ਰੱਖਣਾ ਹੈ, ਪਰ ਆਪਣੀ ਨਿਰਪੱਖ ਆਵਾਜ਼ ਰੱਖਣਾ ਵੀ ਅਹਿਮ ਹੈ। ਜਦੋਂ ਕਿਸੇ ਆਜ਼ਾਦ ਦੀ ਆਵਾਜ਼ ਉੱਠਦੀ ਹੈ, ਲੋਕਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਹੋਰ ਪਾਰਟੀ ਨਾਲ ਨਹੀਂ ਜੁੜਿਆ ਹੋਇਆ। ਅਸੀਂ ਇਕ ਗੱਠਜੋੜ ਬਣਾਉਣ ਚਾਹੁੰਦੇ ਹਾਂ ਤਾਂ ਕਿ ਮੋਦੀ ਸਰਕਾਰ ਦਾ ਟਾਕਰਾ ਕੀਤਾ ਜਾ ਸਕੇ। ਅਸੀਂ ਇਕ ਅਜਿਹਾ ਮਾਹੌਲ ਸਿਰਜਣਾ ਚਾਹੁੰਦੇ ਹਾਂ, ਜਿੱਥੇ ਅਸੀਂ ਭਾਜਪਾ ਦਾ ਵਿਰੋਧ ਕਰ ਸਕੀਏ। ਮੈਂ ਇਸ ਪਾਸੇ ਨਿੱਜੀ ਤੌਰ 'ਤੇ ਕੰਮ ਕਰਾਂਗਾ।'' ਉਧਰ ਸਿੱਬਲ ਨੂੰ ਹਮਾਇਤ ਦੇਣ ਬਾਰੇ ਅਖਿਲੇਸ਼ ਯਾਦਵ ਨੇ ਕਿਹਾ, ''ਕਪਿਲ ਸਿੱਬਲ ਸੀਨੀਅਰ ਆਗੂ ਤੇ ਉੱਘੇ ਵਕੀਲ ਹਨ। ਉਹ ਲੋਕ ਸਭਾ ਤੇ ਰਾਜ ਸਭਾ ਵਿੱਚ ਵੀ ਰਹੇ ਤੇ ਉਨ੍ਹਾਂ ਹਰ ਥਾਂ ਆਪਣੀ ਗੱਲ ਰੱਖੀ। ਮੈਂ ਉਮੀਦ ਕਰਦਾ ਹਾਂ ਕਿ ਉਹ ਬੇਰੁਜ਼ਗਾਰੀ ਤੇ ਮਹਿੰਗਾਈ, ਅਸੁਰੱਖਿਅਤ ਸਰਹੱਦਾਂ ਤੇ ਚੀਨ...ਜਿਹੇ ਵੱਡੇ ਮੁੱਦਿਆਂ 'ਤੇ ਆਪਣੀ ਗੱਲ ਰੱਖਣਗੇ।'' 403 ਮੈਂਬਰੀ ਯੂਪੀ ਅਸੈਂਬਲੀ ਵਿੱਚ ਸਮਾਜਵਾਦੀ ਪਾਰਟੀ ਦੇ 111 ਵਿਧਾਇਕ ਹਨ ਤੇ ਇਸ ਲਿਹਾਜ਼ ਨਾਲ ਪਾਰਟੀ ਉਪਰਲੇ ਸਦਨ ਵਿੱਚ ਤਿੰਨ ਮੈਂਬਰ ਭੇਜ ਸਕਦੀ ਹੈ। ਰਾਜ ਸਭਾ ਲਈ ਦੋ ਹੋਰਨਾਂ ਉਮੀਦਵਾਰਾਂ ਬਾਰੇ ਪੁੱਛਣ 'ਤੇ ਅਖਿਲੇਸ਼ ਨੇ ਕਿਹਾ, ''ਇਸ ਬਾਰੇ ਜਲਦੀ ਹੀ ਫੈਸਲਾ ਲਿਆ ਜਾਵੇਗਾ।'' ਭਾਜਪਾ ਦੇ ਯੂਪੀ ਅਸੈਂਬਲੀ ਵਿੱਚ 255 ਵਿਧਾਇਕ ਹਨ ਤੇ ਪਾਰਟੀ ਰਾਜ ਸਭਾ ਵਿੱਚ 8 ਮੈਂਬਰ ਭੇਜ ਸਕਦੀ ਹੈ। -ਪੀਟੀਆਈ

ਸ੍ਰੀ ਸਿੱਬਲ 'ਪ੍ਰਸਾਦ ਕਿਵੇਂ ਹੈ': ਜਿਤਿਨ ਪ੍ਰਸਾਦ

ਨਵੀਂ ਦਿੱਲੀ: ਕਾਂਗਰਸ ਛੱਡ ਕੇ 'ਸਪਾ' ਦੀ ਹਮਾਇਤ ਨਾਲ ਯੂਪੀ ਤੋਂ ਰਾਜ ਸਭਾ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਵਾਲੇ ਕਪਿਲ ਸਿੱਬਲ 'ਤੇ ਤਨਜ਼ ਕਸਦਿਆਂ ਯੂਪੀ ਸਰਕਾਰ 'ਚ ਮੰਤਰੀ ਤੇ ਭਾਜਪਾ ਆਗੂ ਜਿਤਿਨ ਪ੍ਰਸਾਦ ਨੇ ਟਵੀਟ ਕੀਤਾ, ''ਸ੍ਰੀ ਸਿੱਬਲ! 'ਪ੍ਰਸਾਦ ਕਿਵੇਂ ਹੈ' #ਰਾਜ ਸਭਾ।'' ਕਾਬਿਲੇਗੌਰ ਹੈ ਕਿ ਜਿਤਿਨ ਪ੍ਰਸਾਦ ਯੂਪੀ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸਿੱਬਲ ਨੇ ਉਦੋਂ ਆਪਣੇ ਸਾਬਕਾ ਪਾਰਟੀ ਕੁਲੀਗ ਨੂੰ ਚੋਭ ਲਾਉਂਦਿਆਂ ਕੀਤੇ ਟਵੀਟ ਵਿੱਚ ਕਿਹਾ ਸੀ, ''ਜਿਤਿਨ ਪ੍ਰਸਾਦ ਭਾਜਪਾ ਵਿੱਚ ਸ਼ਾਮਲ। ਹੁਣ ਸਵਾਲ ਹੈ ਕਿ ਕੀ ਉਨ੍ਹਾਂ ਨੂੰ ਭਾਜਪਾ ਤੋਂ 'ਪ੍ਰਸਾਦ' ਮਿਲੇਗਾ ਜਾਂ ਫਿਰ ਉਨ੍ਹਾਂ ਨੂੰ ਮਹਿਜ਼ ਯੂਪੀ ਚੋਣਾਂ ਲਈ ਪਾਰਟੀ 'ਚ ਸ਼ਾਮਲ ਕੀਤਾ ਗਿਆ ਹੈ।'' -ਪੀਟੀਆਈ



Most Read

2024-09-20 12:59:00