Breaking News >> News >> The Tribune


ਬਾਰਾਮੂਲਾ: ਮੁਕਾਬਲੇ ਵਿੱਚ ਤਿੰਨ ਪਾਕਿਸਤਾਨੀ ਦਹਿਸ਼ਤਗਰਦ ਹਲਾਕ


Link [2022-05-26 09:42:24]



ਸ੍ਰੀਨਗਰ, 25 ਮਈ

ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਇਕ ਨਾਕੇ 'ਤੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਤਿੰਨ ਪਾਕਿਸਤਾਨੀ ਦਹਿਸ਼ਤਗਰਦ ਮਾਰੇ ਗਏ। ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਕਰੀਰੀ ਇਲਾਕੇ 'ਚ ਨਾਜੀਭੱਟ ਕ੍ਰਾਸਿੰਗ 'ਤੇ ਹੋਏ ਮੁਕਾਬਲੇ 'ਚ ਇਕ ਪੁਲੀਸ ਕਰਮੀ ਦੀ ਵੀ ਜਾਨ ਚਲੀ ਗਈ ਹੈ। ਆਈਜੀ ਵਿਜੈ ਕੁਮਾਰ ਨੇ ਦੱਸਿਆ ਕਿ ਵਾਦੀ 'ਚ ਸੁਰੱਖਿਆ ਬਲਾਂ ਵੱਲੋਂ ਲਾਏ ਗਏ ਨਾਕਿਆਂ 'ਚੋਂ ਇਕ 'ਤੇ ਇਹ ਮੁਕਾਬਲਾ ਹੋਇਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ,''ਕਸ਼ਮੀਰ 'ਚ ਅੱਜ ਕਈ ਥਾਵਾਂ 'ਤੇ ਨਾਕੇ ਲਗਾਏ ਗਏ ਸਨ। ਕਰੀਰੀ ਇਲਾਕੇ ਦੇ ਨਾਜੀਭੱਟ ਕ੍ਰਾਸਿੰਗ 'ਤੇ ਲੱਗੇ ਨਾਕੇ ਉਪਰ ਅਚਾਨਕ ਹੀ ਦਹਿਸ਼ਤਗਰਦਾਂ ਨਾਲ ਮੁਕਾਬਲਾ ਹੋ ਗਿਆ। ਮੁਕਾਬਲੇ 'ਚ ਤਿੰਨ ਪਾਕਿਸਤਾਨੀ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਮਾਰੇ ਗਏ।'' ਆਈਜੀ ਨੇ ਸੁਰੱਖਿਆ ਬਲਾਂ ਲਈ ਇਹ ਵੱਡੀ ਕਾਮਯਾਬੀ ਦੱਸੀ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਦਹਿਸ਼ਤਗਰਦ ਸ੍ਰੀਨਗਰ ਆ ਕੇ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੇ ਸਨ। ਉਨ੍ਹਾਂ ਕਿਹਾ ਕਿ ਮੁਕਾਬਲੇ 'ਚ ਇਕ ਪੁਲੀਸ ਕਰਮੀ ਵੀ ਸ਼ਹੀਦ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਦਹਿਸ਼ਤਗਰਦ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਦੌਰਾਨ ਗੁਲਮਰਗ ਦੇ ਪਹਾੜੀ ਇਲਾਕਿਆਂ 'ਚ ਸਰਗਰਮ ਸਨ। -ਪੀਟੀਆਈ

ਅਤਿਵਾਦੀਆਂ ਵੱਲੋਂ ਔਰਤ ਦੀ ਹੱਤਿਆ

ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਅੱਜ ਅਤਿਵਾਦੀਆਂ ਨੇ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਉਸ ਦੇ ਨਾਬਾਲਗ ਭਤੀਜੇ ਨੂੰ ਜ਼ਖ਼ਮੀ ਕਰ ਦਿੱਤਾ। ਮ੍ਰਿਤਕਾ ਦੀ ਸ਼ਨਾਖ਼ਤ ਅਮਰੀਨ ਭੱਟ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਅਤਿਵਾਦੀਆਂ ਨੇ ਖ਼ਜ਼ੀਰ ਮੁਹੰਮਦ ਭੱਟ ਦੀ ਲੜਕੀ ਅਮਰੀਨ ਭੱਟ ਨੂੰ ਉਸ ਦੇ ਘਰ ਵਿਚ ਹੀ ਗੋਲੀ ਮਾਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਦਸ ਸਾਲਾ ਭਤੀਜੇ ਦੀ ਬਾਂਹ ਵਿਚ ਗੋਲੀ ਲੱਗੀ ਹੈ। ਇਲਾਕੇ ਨੂੰ ਸੁਰੱਖਿਆ ਬਲਾਂ ਨੇ ਘੇਰਾ ਪਾ ਲਿਆ ਹੈ ਤੇ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-20 12:36:02