World >> The Tribune


ਪਾਰਟੀਗੇਟ: ਬੋਰਿਸ ਜੌਹਨਸਨ ਨੇ  ਮੁਆਫ਼ੀ ਮੰਗੀ


Link [2022-05-26 03:38:16]



ਲੰਡਨ, 25 ਮਈ

ਬਰਤਾਨੀਆ ਵਿੱਚ ਕਰੋਨਾਵਾਇਰਸ ਤਾਲਾਬੰਦੀ ਦੌਰਾਨ ਨੇਮਾਂ ਦੀ ਉਲੰਘਣਾ ਸਬੰਧੀ ਜਾਂਚ ਰਿਪੋਰਟ ਵਿੱਚ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਸਣੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਦਫ਼ਤਰ ਵਿੱਚ ਨੇਮਾਂ ਦੀ ਉਲੰਘਣਾ ਦੇ ਸੱਭਿਆਚਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੂਜੇ ਪਾਸੇ ਰਿਪੋਰਟ ਜਾਰੀ ਹੋਣ ਮਗਰੋਂ ਵਿਰੋਧੀ ਮੈਂਬਰਾਂ ਦੇ ਹੰਗਾਮੇ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਸੰਸਦ ਵਿੱਚ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਰੋਨਾਵਾਇਰਸ ਤਾਲਾਬੰਦੀ ਦੌਰਾਨ ਹੋਈਆਂ ਪਾਰਟੀਆਂ ਦੀ ਜਾਂਚ ਰਿਪੋਰਟ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ''ਹਰ ਚੀਜ਼ ਦੀ ਜ਼ਿੰਮੇਵਾਰੀ ਲੈਂਦੇ ਹਨ।'' ਉਨ੍ਹਾਂ ਨੇ ਨੇਮਾਂ ਦੀ ਉਲੰਘਣਾ ਸਬੰਧੀ ਫਿਰ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ 2020-21 ਵਿੱਚ ਨੇਮਾਂ ਦੀ ਉਲੰਘਣਾ ਸਾਹਮਣੇ ਆਉਣ ਮਗਰੋਂ ਡਾਊਨਿੰਗ ਸਟਰੀਟ ਵਿੱਚ ਮੈਨਜਮੈਂਟ ਦੇ ਸੀਨੀਅਰ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੇਮ ਤੋੜਨ ਦਾ ਦੋਸ਼ ਸਰਕਾਰ ਦੀ ਉਚ ਲੀਡਰਸ਼ਿਪ 'ਤੇ ਹੈ। ਜੌਹਨਸਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਜਾਣਬੁੱਝ ਕੋਈ ਨਿਯਮ ਨਹੀਂ ਤੋੜਿਆ। ਉਨ੍ਹਾਂ ਨੇ ਵਿਰੋਧੀਆਂ ਦੀ ਅਸਤੀਫ਼ੇ ਦੀ ਮੰਗ ਵੀ ਨਜ਼ਰਅੰਦਾਜ਼ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ''ਇੱਕ ਸਬਕ ਸਿੱਖਿਆ ਸੀ'' ਪਰ ਹੁਣ ਇਹ 'ਅੱਗੇ ਵਧਣ' ਅਤੇ ''ਸਰਕਾਰ ਦੀਆਂ ਪਹਿਲਕਦਮੀਆਂ'' ਉੱਤੇ ਧਿਆਨ ਕੇਂਦਰਤ ਕਰਨ ਦਾ ਸਮਾਂ ਹੈ।



Most Read

2024-09-19 16:52:05