Breaking News >> News >> The Tribune


ਮੀਂਹ ਤੇ ਹਨੇਰੀ ਨੇ ਪੰਜਾਬ ਵਿੱਚ ਤਪਸ਼ ਘਟਾਈ


Link [2022-05-25 14:32:10]



ਆਤਿਸ਼ ਗੁਪਤਾਚੰਡੀਗੜ੍ਹ, 24 ਮਈ

ਮੁੱਖ ਅੰਸ਼

ਮੀਂਹ ਤੇ ਗੜਿਆਂ ਕਾਰਨ ਤਰਬੂਜ਼ ਤੇ ਖਰਬੂਜ਼ੇ ਦੀ ਫ਼ਸਲ ਨੁਕਸਾਨੀ

ਪੰਜਾਬ ਵਿੱਚ ਲੰਘੇ 48 ਘੰਟਿਆਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਅਤੇ ਚੱਲੀ ਹਨੇਰੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਤਾਪਮਾਨ 'ਚ ਵੀ ਆਮ ਨਾਲੋਂ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ ਤਾਪਮਾਨ ਵੀ ਆਮ ਨਾਲੋਂ 8 ਤੋਂ 9 ਡਿਗਰੀ ਸੈਲਸੀਅਸ ਘੱਟ ਰਿਹਾ ਹੈ। ਪੰਜਾਬ ਵਿੱਚ ਬੀਤੇ ਦਿਨ ਕਈ ਥਾਵਾਂ 'ਤੇ ਮੀਂਹ ਪੈਣ ਦੇ ਨਾਲ ਨਾਲ ਗੜੇ ਵੀ ਪਏ ਹਨ ਜਦਕਿ ਅੱਜ ਕਈ ਥਾਵਾਂ 'ਤੇ ਮੀਂਹ ਪਿਆ ਹੈ। ਮੀਂਹ ਪੈਣ ਮਗਰੋਂ ਮੌਸਮ ਵਿੱਚ ਆਈ ਤਬਦੀਲੀ ਕਾਰਨ ਪਾਵਰਕੌਮ ਨੂੰ ਵੀ ਆਰਜ਼ੀ ਤੌਰ 'ਤੇ ਰਾਹਤ ਮਿਲੀ ਹੈ ਕਿਉਂਕਿ ਬਿਜਲੀ ਦੀ ਮੰਗ ਆਮ ਨਾਲੋਂ 30 ਫ਼ੀਸਦ ਤੱਕ ਘੱਟ ਗਈ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ।

ਸ਼ਿਮਲਾ ਵਿੱਚ ਮੰਗਲਵਾਰ ਨੂੰ ਬੱਦਲਵਾਈ ਤੇ ਮੀਂਹ ਦੇ ਮੌਸਮ ਦਾ ਆਨੰਦ ਮਾਣਦੇ ਹੋਏ ਸੈਲਾਨੀ। -ਫੋਟੋ: ਪੀਟੀਆਈ

ਪੰਜਾਬ ਵਿੱਚ ਦੋ-ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੂੰ ਸਬਜ਼ੀਆਂ ਤੇ ਨਰਮੇ ਦੀ ਫ਼ਸਲ ਲਈ ਲਾਭਕਾਰੀ ਦੱਸਿਆ ਜਾ ਰਿਹਾ ਹੈ ਜਦਕਿ ਮੀਂਹ ਤੇ ਗੜਿਆਂ ਕਾਰਨ ਕਈ ਥਾਵਾਂ 'ਤੇ ਤਰਬੂਜ਼ ਤੇ ਖਰਬੂਜ਼ੇ ਦੀ ਫ਼ਸਲ ਨੁਕਸਾਨੀ ਗਈ ਹੈ। ਖੇਤਾਂ ਵਿੱਚ ਖੜ੍ਹੀ ਸੂਰਜਮੁਖੀ ਦੀ ਫ਼ਸਲ ਵੀ ਪਾਣੀ ਦਿੱਤਾ ਹੋਣ ਕਰਕੇ ਮੀਂਹ ਅਤੇ ਹਨੇਰੀ ਕਾਰਨ ਡਿੱਗ ਗਈ ਹੈ। ਇਹ ਮੀਂਹ ਪਸ਼ੂਆਂ ਦੇ ਹਰੇ ਚਾਰੇ ਲਈ ਵਧੀਆ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅਗਲੇ 2-3 ਤਿੰਨ ਮੌਸਮ ਖੁਸ਼ਕ ਰਹੇਗਾ, ਜਿਸ ਨਾਲ ਗਰਮੀ ਮੁੜ ਵਧੇਗੀ। ਉਨ੍ਹਾਂ ਦੱਸਿਆ ਕਿ 28 ਮਈ ਤੋਂ ਮੁੜ ਪੱਛਮੀ ਗੜਬੜੀ ਦਾ ਸੰਭਾਵਨਾ ਹੈ, ਜਿਸ ਕਰਕੇ ਤਾਪਮਾਨ ਵਿੱਚ ਗਿਰਾਵਟ ਆ ਸਕਦੀ। ਬਰਫਬਾਰੀ ਅਤੇ ਮੀਂਹ ਨੇ ਚਾਰਧਾਮ ਦੀ ਯਾਤਰਾ ਵਿੱਚ ਰੁਕਾਵਟ ਪਾ ਦਿੱਤੀ ਹੈ। ਅੱਜ ਸਵੇਰੇ ਕੇਦਾਰਨਾਥ ਵਿੱਚ ਬਰਫਬਾਰੀ ਅਤੇ ਨੀਵੇਂ ਇਲਾਕਿਆਂ 'ਚ ਮੀਂਹ ਸ਼ੁਰੂ ਹੋਣ ਮਗਰੋਂ ਅਧਿਕਾਰੀਆਂ ਨੇ ਸ਼ਰਧਾਲੂਆਂ ਨੂੰ ਗੌਰੀਕੁੰਡ ਅਤੇ ਸੋਨਪ੍ਰਯਾਗ 'ਚ ਰੋਕ ਦਿੱਤਾ ਹੈ। ਯਮੁਨੋਤਰੀ ਜਾ ਰਹੇ ਸ਼ਰਧਾਲੂਆਂ ਨੂੰ ਵੀ ਜਾਨਕੀਚੱਟੀ ਵਿੱਚ ਰੋਕਿਆ ਗਿਆ ਹੈ। ਬਦਰੀਨਾਥ ਨੇੜੇ ਪਹਾੜਾਂ 'ਤੇ ਵੀ ਬਰਫ ਪੈ ਰਹੀ ਹੈ।

ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਬੰਦ

ਮੰਡੀ: ਮੰਡੀ ਜ਼ਿਲ੍ਹੇ ਦੇ ਪੰਡੋਹ ਨੇੜੇ ਪਹਾੜ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਬੰਦ ਹੋ ਗਿਆ ਅਤੇ ਮੰਡੀ ਤੇ ਕੁੱਲੂ ਵਿਚਾਲੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਜਿਸ ਕਾਰਨ ਦੋਵੇਂ ਪਾਸੇ ਵੱਡੀ ਗਿਣਤੀ 'ਚ ਵਾਹਨ ਫਸ ਗਏ ਹਨ। ਮੰਡੀ ਦੀ ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਇਹ ਪਹਾੜ ਖਿਸਕਣ ਦੀ ਘਟਨਾ ਦੀ ਵਾਪਰੀ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ਬਹਾਲ ਕਰਨ ਦਾ ਕੰਮ ਜਾਰੀ ਹੈ। ਇਸੇ ਤਰ੍ਹਾਂ ਅੱਜ ਲਾਹੌਲ-ਸਪਿਤੀ ਜ਼ਿਲ੍ਹੇ 'ਚ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਮਨਾਲੀ-ਲੇਹ ਮਾਰਗ 'ਤੇ ਵੀ ਆਵਾਜਾਈ ਠੱਪ ਹੋ ਗਈ।



Most Read

2024-09-20 12:39:01