Breaking News >> News >> The Tribune


ਕਾਂਗਰਸ ’ਚ ਨਵੀਂ ਰੂਹ ਫੂਕਣ ਲਈ ਟਾਸਕ ਫੋਰਸ ਦਾ ਗਠਨ


Link [2022-05-25 14:32:10]



ਨਵੀਂ ਦਿੱਲੀ, 24 ਮਈ

ਮੁੱਖ ਅੰਸ਼

ਚਿਦੰਬਰਮ, ਪ੍ਰਿਯੰਕਾ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਨੇੜਲੇ ਸਾਥੀ ਸੁਨੀਲ ਕਨੂਗੋਲੂ ਨੂੰ ਟਾਸਕ ਫੋਰਸ 'ਚ ਥਾਂ ਮਿਲੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਭਵਿੱਖੀ ਰੂਪ-ਰੇਖਾ ਲਈ ਖਾਕਾ ਤਿਆਰ ਕਰਦਿਆਂ ਅੱਜ ਤਿੰਨ ਸਮੂਹਾਂ ਦਾ ਗਠਨ ਕੀਤਾ ਹੈ। ਇਨ੍ਹਾਂ ਵਿੱਚ ਅਹਿਮ ਮਸਲਿਆਂ 'ਤੇ ਸੇਧ ਲਈ ਸਿਆਸੀ ਮਾਮਲਿਆਂ ਬਾਰੇ ਕਮੇਟੀ, ਉਦੈਪੁਰ 'ਨਵ ਸੰਕਲਪ' ਐਲਾਨਨਾਮੇ ਨੂੰ ਲਾਗੂ ਕਰਨ ਲਈ ਟਾਸਕ ਫੋਰਸ 2024 ਅਤੇ 2 ਅਕਤੂਬਰ ਲਈ ਤਜਵੀਜ਼ਤ 'ਭਾਰਤ ਜੋੜੋ ਯਾਤਰਾ' ਦੇ ਤਾਲਮੇਲ ਲਈ ਕਮੇਟੀ ਸ਼ਾਮਲ ਹਨ।

ਰਾਹੁਲ ਗਾਂਧੀ ਅਤੇ ਜੀ-23 ਸਮੂਹ ਦੇ ਦੋ ਅਹਿਮ ਮੈਂਬਰ ਗੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਨੂੰ ਜਿੱਥੇ ਸਿਆਸੀ ਮਾਮਲਿਆਂ ਬਾਰੇ ਸਮੂਹ 'ਚ ਰੱਖਿਆ ਗਿਆ ਹੈ, ਉਥੇ ਸੀਨੀਅਰ ਆਗੂ ਪੀ.ਚਿਦੰਬਰਮ, ਪ੍ਰਿਯੰਕਾ ਗਾਂਧੀ ਵਾਡਰਾ ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਨੇੜਲੇ ਸਾਥੀ ਸੁਨੀਲ ਕਨੂਗੋਲੂ ਨੂੰ ਟਾਸਕ ਫੋਰਸ-2024 'ਚ ਥਾਂ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਨੇ ਗਾਂਧੀ ਜੈਅੰਤੀ ਮੌਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਵਿਉਂਤੀ 'ਭਾਰਤ ਜੋੜੋ ਯਾਤਰਾ' ਵਿੱਚ ਤਾਲਮੇਲ ਲਈ ਵੀ ਸਮੂਹ ਦਾ ਗਠਨ ਕੀਤਾ ਹੈ। ਪਾਰਟੀ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਰਾਜਸਥਾਨ ਦੇ ਉਦੈਪੁਰ ਵਿੱਚ ਨਵ ਸੰਕਲਪ ਸ਼ਿਵਿਰ ਮਗਰੋਂ ਕਾਂਗਰਸ ਪ੍ਰਧਾਨ ਨੇ ਸਿਆਸੀ ਮਾਮਲਿਆਂ ਬਾਰੇ ਸਮੂਹ ਦਾ ਗਠਨ ਕੀਤਾ ਸੀ, ਜਿਸ ਦੀ ਅਗਵਾਈ ਉਹ ਖ਼ੁਦ ਕਰਨਗੇ। ਇਸ ਸਮੂਹ ਵਿੱਚ ਪਾਰਟੀ ਪ੍ਰਧਾਨ ਤੋਂ ਇਲਾਵਾ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਗੁਲਾਮ ਨਬੀ ਆਜ਼ਾਦ, ਅੰਬਿਕਾ ਸੋਨੀ, ਦਿਗਵਿਜੈ ਸਿੰਘ, ਆਨੰਦ ਸ਼ਰਮਾ, ਕੇ.ਸੀ.ਵੇਣੂਗੋਪਾਲ ਤੇ ਜਿਤੇਂਦਰ ਸਿੰਘ ਸ਼ਾਮਲ ਹਨ। ਟਾਸਕ ਫੋਰਸ-2024 ਦੇ ਮੈਂਬਰਾਂ ਵਿੱਚ ਪੀ.ਚਿਦੰਬਰਮ, ਮੁਕੁਲ ਵਾਸਨਿਕ, ਜੈਰਾਮ ਰਮੇਸ਼, ਕੇ.ਸੀ.ਵੇਣੂਗੋਪਾਲ, ਅਜੈ ਮਾਕਨ, ਪ੍ਰਿਯੰਕਾ ਗਾਂਧੀ ਵਾਡਰਾ, ਰਣਦੀਪ ਸਿੰਘ ਸੁਰਜੇਵਾਲਾ ਤੇ ਸੁਨੀਲ ਕਨੂਗੋਲੂ ਹੋਣਗੇ। ਬਿਆਨ ਵਿੱਚ ਕਿਹਾ ਗਿਆ ਕਿ 'ਟਾਸਕ ਫੋਰਸ ਦੇ ਹਰੇਕ ਮੈਂਬਰ ਨੂੰ ਜਥੇਬੰਦੀ, ਸੰਚਾਰ ਤੇ ਮੀਡੀਆ, ਲੋਕਾਂ ਤੱਕ ਪਹੁੰਚ, ਵਿੱਤ ਅਤੇ ਚੋਣ ਪ੍ਰਬੰਧਨ ਜਿਹੇ ਵਿਸ਼ੇਸ਼ ਕਾਰਜਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ। ਬਿਆਨ ਮੁਤਾਬਕ ਮਨੋਨੀਤ ਟੀਮਾਂ ਨੂੰ ਜਲਦੀ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ ਅਤੇ ਟਾਸਕ ਫੋਰਸ ਉਦੈਪੁਰ ਨਵ ਸੰਕਲਪ ਐਲਾਨਨਾਮੇ ਨੂੰ ਲਾਗੂ ਕਰਨ ਦੇ ਅਮਲ 'ਤੇ ਨਿਗ੍ਹਾ ਵੀ ਰੱਖੇਗੀ। ਪਾਰਟੀ 'ਚ ਜਥੇਬੰਦਕ ਤਬਦੀਲੀਆਂ ਦਾ ਜ਼ਿੰਮਾ ਵੀ ਟਾਸਕ ਫੋਰਸ ਦਾ ਹੋਵੇਗਾ।

'ਭਾਰਤ ਜੋੜੋ ਯਾਤਰਾ' ਦੇ ਤਾਲਮੇਲ ਲਈ ਕੇਂਦਰੀ ਯੋਜਨਾਬੰਦੀ ਸਮੂਹ ਦੇ ਮੈਂਬਰਾਂ ਵਿੱਚ ਦਿਗਵਿਜੈ ਸਿੰਘ, ਸਚਿਲ ਪਾਇਲਟ, ਸ਼ਸ਼ੀ ਥਰੂਰ, ਰਵਨੀਤ ਸਿੰਘ ਬਿੱਟੂ, ਕੇ.ਜੇ.ਜੌਰਜ, ਜੋਤੀ ਮਨੀ, ਪ੍ਰਦਯੁਤ ਬੋਰਡੋਲੋਈ, ਜੀਤੂ ਪਤਵਾਰੀ ਤੇ ਸਲੀਮ ਅਹਿਮਦ ਸ਼ਾਮਲ ਹੋਣਗੇ। ਬਿਆਨ ਮੁਤਾਬਕ ਟਾਸਕ ਫੋਰਸ ਦੇ ਸਾਰੇ ਮੈਂਬਰ ਤੇ ਕਾਂਗਰਸ ਦੀਆਂ ਸਾਰੀਆਂ ਮੂਹਰਲੀਆਂ ਜਥੇਬੰਦੀਆਂ ਦੇ ਸਾਰੇ ਮੁਖੀ ਕੇਂਦਰੀ ਗਰੁੱਪ ਦੇ ਵਿਸ਼ੇਸ਼ (ਐਕਸ ਆਫ਼ੀਸ਼ੀਓ) ਮੈਂਬਰ ਹੋਣਗੇ। -ਪੀਟੀਆਈ



Most Read

2024-09-20 12:45:22